Saturday, July 27, 2024

ਬੀਤੇ ਤਿੰਨ ਮਹੀਨਿਆਂ ‘ਚ ਅੰਮ੍ਰਿਤਸਰ ਪੁਲਿਸ ਨੇ ਨਾਜ਼ਾਇਜ਼ ਸ਼ਰਾਬ ਮਾਮਲੇ ‘ਚ ਫੜੇ 447, ਦਰਜ਼ ਕੀਤੇ 85 ਕੇਸ

ਕੱਲ੍ਹ ਗ੍ਰਿਫਤਾਰ ਕੀਤੇ ਵਿਅਕਤੀਆਂ ‘ਤੇ ਲਈ ਧਾਰਾ 307

ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ) – ਜਿਲ੍ਹੇ ਵਿਚ ਸ਼ਰਾਬ ਦੇ ਨਾਜਾਇਜ਼ ਕਾਰੋਬਾਰ ਨੂੰ ਰੋਕਣ ਲਈ ਸ਼ਿਕੰਜਾ ਕੱਸਦੇ ਹੋਏ, ਪੰਜਾਬ ਪੁਲਿਸ ਅੰਮ੍ਰਿਤਸਰ ਦਿਹਾਤੀ ਨੇ ਬੀਤੇ ਤਿੰਨ ਮਹੀਨਿਆਂ ਦੌਰਾਨ ਵੱਖ-ਵੱਖ ਥਾਵਾਂ ‘ਤੇ ਛਾਪਾਮਾਰੀ ਕਰਕੇ 449 ਕਥਿਤ ਦੋਸ਼ੀਆਂ ਨੂੰ ਕਾਬੂ ਕੀਤਾ ਹੈ, ਜਿੰਨਾ ਕੋਲੋਂ ਕਰੀਬ 13075 ਲਿਟਰ ਸ਼ਰਾਬ ਬਰਾਮਦ ਕੀਤੀ ਗਈ ਹੈ। ਇਹ ਜਾਣਕਾਰੀ ਦਿੰਦੇ ਐਸ ਐਸ ਪੀ ਅੰਮ੍ਰਿਤਸਰ ਦਿਹਾਤੀ ਧੁਰਵ ਦਾਹੀਆ ਨੇ ਦੱਸਿਆ ਕਿ ਹਾਲ ਹੀ ਵਿਚ ਜ਼ਹਿਰੀਲੀ ਸ਼ਰਾਬ ਦੇ ਸਬੰਧ ਵਿਚ ਵੀ ਬੀਤੀ ਰਾਤ ਮਜੀਠਾ ਤੋਂ 2 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ।ਜਿੰਨਾਂ ਦੇ ਨਾਮ ਗੁਰਵਿੰਦਰ ਸਿੰਘ ਅਤੇ ਲਵਪ੍ਰੀਤ ਸਿੰਘ ਹਨ ਅਤੇ ਉਹ ਪੰਡੋਰੀ ਗੋਲਾ ਕਿਸਮ ਦੀ ਕਾਰਜ਼ ਵਿਧੀ ਅਨੁਸਾਰ ਨਾਜਾਇਜ਼ ਸ਼ਰਾਬ ਤਿਆਰ ਕਰਕੇ ਵੇਚਦੇ ਸਨ।
           ਉਨਾਂ ਦੱਸਿਆ ਕਿ ਪੁਲਿਸ ਵਲੋਂ ਬਿੱਕਾ ਨਾਮੀ ਇਕ ਹੋਰ ਵਿਅਕਤੀ ਦੀ ਵੀ ਭਾਲ ਕੀਤੀ ਜਾ ਰਹੀ ਹੈ, ਜਿਸ ਨੇ ਕਥਿਤ ਤੌਰ ‘ਤੇ ਇਸ ਜੋੜੀ ਤੋਂ ਸ਼ਰਾਬ ਖਰੀਦੀ ਸੀ ਅਤੇ 9 ਹੋਰ ਵਿਅਕਤੀਆਂ ਦੀ ਵੀ ਤਲਾਸ਼ ਹੈ।ਜਿਨ੍ਹਾਂ ਦੀ ਪਛਾਣ ਉਕਤ ਜੋੜੀ ਦੇ ਨਿਯਮਤ ਖਰੀਦਦਾਰਾਂਂ ਵਜੋਂ ਕੀਤੀ ਗਈ ਹੈ।ਉਨਾਂ ਕਿਹਾ ਕਿ ਜਲਦੀ ਹੀ ਉਨ੍ਹਾਂ ਸਾਰੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।ਲਵਪ੍ਰੀਤ ਸਿੰਘ, ਗੁਰਿੰਦਰ ਸਿੰਘ ਅਤੇ ਰਾਜੂ ਵਿਰੁੱਧ ਥਾਣਾ ਮਜੀਠਾ ਵਿਖੇ ਆਈ.ਪੀ.ਸੀ ਦੀ ਧਾਰਾ 307, 61, 1, 14 ਆਬਕਾਰੀ ਐਕਟ ਤਹਿਤ ਮਾਮਲਾ ਦਰਜ਼ ਕੀਤਾ ਗਿਆ ਹੈ।
                ਉਨਾ ਕਿਹਾ ਕਿ ਬਰਾਮਦ ਕੀਤੀ ਗਈ ਸ਼ਰਾਬ ਦੀ ਰਸਾਇਣਕ ਜਾਂਚ ਤੋਂ ਇਹ ਤੱਥ ਸਾਹਮਣੇ ਆਏ ਹਨ ਹੈ ਕਿ ਇਹ ਸ਼ਰਾਬ ਪੂਰੀ ਤਰਾਂ ਨਕਲੀ ਅਤੇ ਪੀਣ ਦੇ ਪੂਰੀ ਤਰਾਂ ਅਯੋਗ ਸੀ।ਇਸ ਵਿੱਚ ਮੌਜੂਦ ਰਸਾਇਣਿਕ ਤੱਤਾਂ ਵਿਚ 1- ਪ੍ਰੋਪੇਨਲ, ਆਈਸੋ ਬੂਟੋਨੋਲ, ਐਸੀਟੋਲ, ਈਥਾਈਲ ਲੈਕਟੇਟ ਅਤੇ ਈਥਾਈਲ ਹੈਕਸਾਜ਼ੋਨੇਟ ਸ਼ਾਮਲ ਸਨ।
              ਦਾਹੀਆ ਨੇ ਦੱਸਿਆ ਕਿ ਪੁਲਿਸ ਵਲੋਂ 17 ਮਈ 2020 ਤੋਂ ਹੁਣ ਤੱਕ ਵੱਖ-ਵੱਖ ਥਾਵਾਂ ‘ਤੇ 876 ਕੇਸ ਦਰਜ ਕੀਤੇ ਗਏ ਹਨ ਅਤੇ ਇੰਨਾਂ ਵਿਅਕਤੀਆਂ ਕੋਲ ਨਾਜ਼ਾਇਜ਼ ਸ਼ਰਾਬ ਦੇ ਨਾਲ-ਨਾਲ 47 ਹਜ਼ਾਰ ਲਿਟਰ ਲਾਹਨ, 578 ਲਿਟਰ ਅਲਕੋਹਲ ਅਤੇ ਹੋਰ ਸਮੱਗਰੀ ਵੀ ਬਰਾਮਦ ਕੀਤੀ ਜਾ ਚੁੱਕੀ ਹੈ।
ਡਰੋਨ ਦੀ ਸਹਾਇਤਾ ਲੈਣ ਲੱਗੀ ਪੁਲਿਸ
                      ਦਾਹੀਆ ਨੇ ਦੱਸਿਆ ਕਿ ਨਾਜ਼ਾਇਜ਼ ਸ਼ਰਾਬ ਨਾਲ ਜਿਹੜੇ ਇਲਾਕੇ ਵੱਧ ਬਦਨਾਮ ਹਨ, ਉਨਾਂ ਵਿੱਚ ਡਰੋਨ ਨਾਲ ਨਜ਼ਰ ਰੱਖੀ ਜਾ ਰਹੀ ਹੈ ਅਤੇ ਬੀਤੇ ਦੋ ਕੁ ਦਿਨਾਂ ਵਿਚ ਇਸ ਦੇ ਚੰਗੇ ਨਤੀਜੇ ਵੀ ਸਾਹਮਣੇ ਆਏ ਹਨ।ਉਨਾਂ ਦੱਸਿਆ ਕਿ ਇੰਸਪੈਕਟਰ ਰੈਂਕ ਦੇ ਇਕ ਅਧਿਕਾਰੀ ਨੂੰ ਇਸ ਵਿਸ਼ੇਸ਼ ਨਿਗਰਾਨੀ ‘ਤੇ ਲਗਾਇਆ ਜਾ ਚੁੱਕਾ ਹੈ।

Check Also

ਐਸ.ਜੀ.ਪੀ.ਸੀ ਚੋਣਾਂ ਲਈ ਵੋਟ ਬਨਾਉਣ ਲਈ ਮਿਆਦ 31 ਜੁਲਾਈ 2024 ਨੂੰ ਹੋਵੇਗੀ ਸਮਾਪਤ

ਪਠਾਨਕੋਟ, 26 ਜੁਲਾਈ (ਪੰਜਾਬ ਪੋਸਟ ਬਿਊਰੋ) – ਉਪ ਮੰਡਲ ਮੈਜਿਸਟਰੇਟ ਪਠਾਨਕੋਟ ਮੇਜਰ ਡਾ. ਸੁਮਿਤ ਮੁਦ …