Sunday, April 5, 2026

‘ਕੈਪਟਨ ਸਮਾਰਟ ਕੁਨੈਕਟ’ ਅਧੀਨ 12ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਮੋਬਾਈਲ ਫੋਨ ਵੰਡਣ ਦੀ ਸ਼ੁਰੂਆਤ

ਓ.ਪੀ ਸੋਨੀ ਦੀ ਅਗਵਾਈ ‘ਚ ਵਿਧਾਇਕਾਂ ਪ੍ਰੋਗਰਾਮ ‘ਚ ਹੋਏ ਸ਼ਾਮਲ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ) – ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੇ ਗਏ ਚੋਣ ਵਾਅਦੇ ਮੁਤਾਬਿਕ ਵਿਦਿਆਰਥੀਆਂ ਨੂੰ ਸਮਾਰਟ ਫੋਨਾਂ ਦੀ ਪਹਿਲੀ ਖੇਪ ਅੱਜ ਅੰਮ੍ਰਿਤਸਰ ਵਿੱਚ ਤਕਸੀਮ ਕੀਤੀ ਗਈ। ਮਾਲ ਰੋਡ ਸਕੂਲ ਵਿਚ ਕਰਵਾਏ ਗਏ ਸੰਖੇਪ ਸਮਾਗਮ ਦੀ ਅਗਵਾਈ ਕਰਦੇ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਮੋਬਾਈਲ ਫੋਨ ਪ੍ਰਾਪਤ ਕਰਨ ਵਾਲੇ ਬੱਚਿਆਂ ਨੂੰ ਵਧਾਈ ਦਿੰਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਿਤਾ।ਉਨਾਂ ਕਿਹਾ ਕਿ ਕੋਵਿਡ-19 ਸੰਕਟ ਦੇ ਬਾਵਜ਼ੂਦ ਉਨਾਂ ਦੀ ਅਗਵਾਈ ਹੇਠ ਸਰਕਾਰ ਬੱਚਿਆਂ ਨੂੰ ਆਨਲਾਈਨ ਪੜਾਈ ਲਈ ਮੋਬਾਈਲ ਫੋਨ ਵੰਡ ਰਹੀ ਹੈ।ਅੰਮ੍ਰਿਤਸਰ ਜਿਲ੍ਹੇ ਵਿੱਚ 12ਵੀਂ ਜਮਾਤ ਵਿਚ ਪੜ੍ਹਦੇ ਸਾਰੇ ਬੱਚੇ, ਜਿੰਨਾਂ ਦੀ ਗਿਣਤੀ 13741 ਹੈ, ਨੂੰ ਮੋਬਾਈਲ ਫੋਨ ਦਿੱਤੇ ਜਾਣਗੇ।ਇਸ ਵਿੱਚ 7096 ਲੜਕੇ ਅਤੇ 6645 ਲੜਕੀਆਂ ਸ਼ਾਮਿਲ ਹਨ।ਉਨਾਂ ਕਿਹਾ ਕਿ ਇਹ ਮੋਬਾਈਲ ਫੋਨ ਸਾਰੇ ਸਕੂਲਾਂ ਵਿੱਚ ਵੰਡੇ ਜਾਣਗੇ, ਤਾਂ ਜੋ ਕੋਰੋਨਾ ਕਾਰਨ ਸਕੂਲਾਂ ਵੱਲੋਂ ਕਰਵਾਈ ਜਾ ਰਹੀ ਆਨਲਾਈਨ ਪੜ੍ਹਾਈ ਦਾ ਲਾਹਾ ਇਹ ਬੱਚੇ ਵੀ ਲੈ ਸਕਣ।ਸੋਨੀ ਨੇ ਦੱਸਿਆ ਕਿ ਪੰਜਾਬ ਭਰ ਵਿਚ 1 ਲੱਖ 73 ਹਜ਼ਾਰ 823 ਸਮਾਰਟ ਫੋਨ ਦਿੱਤੇ ਜਾ ਰਹੇ ਹਨ, ਜਿੰਨਾਂ ‘ਤੇ ਪੰਜਾਬ ਸਰਕਾਰ ਕਰੀਬ 92 ਕਰੋੜ ਰੁਪਏ ਖਰਚ ਕਰ ਰਹੀ ਹੈ।
                ਉਨਾਂ ਦੱਸਿਆ ਕਿ ਇਹ ਫੋਨ ਬੱਚਿਆਂ ਦੀ ਲੋੜ ਨੂੰ ਧਿਆਨ ਵਿਚ ਰੱਖ ਕੇ ਤਿਆਰ ਕਰਵਾਏ ਗਏ ਹਨ, ਤਾਂ ਜੋ ਇਹ ਕੇਵਲ ਮਨਪ੍ਰਚਾਵੇ ਤੱਕ ਸੀਮਤ ਨਾ ਹੋ ਕੇ ਬੱਚਿਆਂ ਲਈ ਆਨਲਾਈਨ ਪੜਾਈ ਦਾ ਵਿਸ਼ੇਸ਼ ਸਾਧਨ ਬਣਨ। ਉਨਾਂ ਦੱਸਿਆ ਕਿ ਇਸ ਵਿੱਚ ਪੜਾਈ ਦੇ ਨਾਲ-ਨਾਲ ਸਰਕਾਰੀ ਸਕੀਮਾਂ ਬਾਰੇ ਵੀ ਜਾਣਕਾਰੀ ਸ਼ਾਮਿਲ ਕੀਤੀ ਗਈ ਹੈ, ਤਾਂ ਜੋ ਬੱਚੇ ਲੋੜਵੰਦ ਲੋਕਾਂ ਦੀ ਸਹਾਇਤਾ ਵੀ ਕਰ ਸਕਣ।ਸੋਨੀ ਨੇ ਦੱਸਿਆ ਕਿ 2 ਜੀ.ਬੀ ਰੈਮ ਦੇ ਇਸ ਮੋਬਾਈਲ ਫੋਨ ਵਿਚ ਨੌਜਵਾਨ ਰੋਜ਼ਗਾਰ ਪ੍ਰਾਪਤੀ ਸਬੰਧੀ ਸਹਾਇਤਾ, ਕਾਰੋਬਾਰ ਸ਼ੁਰੂ ਕਰਨ, ਭਰਤੀ ਸਬੰਧੀ ਸਹਾਇਤਾ ਵੀ ਲੈ ਸਕਣਗੇ। ਇਸ ਤੋਂ ਇਲਾਵਾ ਵਿੱਤੀ ਲੈਣ-ਦੇਣ ਮੌਕੇ ਡਿਜ਼ੀਟਲ ਪੇਮੈਂਟ ਕਰਨ ਦੀ ਆਪਸ਼ਨ ਵੀ ਇੰਨਾਂ ਫੋਨਾਂ ਵਿਚ ਦਿੱਤੀ ਗਈ ਹੈ।ਸੋਨੀ ਨੇ ਦੱਸਿਆ ਕਿ 5.45 ਇੰਚ ਦਾ ਡਿਸਪਲੇਅ, 1.5 ਪ੍ਰੋਸੈਸਰ, 3000 ਐਮ ਐਚ ਬੈਟਰੀ, ਦੋਵਾਂ ਪਾਸੇ ਕੈਮਰੇ, ਅੰਡਰਾਇਡ 9.0, 16 ਜੀ ਬੀ ਹਾਰਡ ਰੋਮ ਜੋ ਕਿ 128 ਜੀ.ਬੀ ਤੱਕ ਵਧ ਸਕਦੀ ਹੈ, ਮੋਬਾਈਲ ਫੋਨ ਦਾ ਹਿੱਸਾ ਹਨ। ਉਨਾਂ ਸਿੱਖਿਆ ਵਿਭਾਗ ਨੂੰ ਚੰਗੇ ਨਤੀਜੇ ਦੇਣ ਤੇ ਵੱਡੀ ਗਿਣਤੀ ਵਿੱਚ ਬੱਚਿਆਂ ਦੇ ਸਕੂਲਾਂ ਵਿਚ ਦਾਖਲੇ ਕਰਨ ਲਈ ਵੀ ਵਧਾਈ ਦਿੱਤੀ। ਸੋਨੀ ਨੇ ਸ਼ਹਿਰਵਾਸੀਆਂ ਨੂੰ ਜਨਮਅਸ਼ਟਮੀ ਅਤੇ ਕੌਮਾਂਤਰੀ ਯੂਥ ਦਿਵਸ ਦੀ ਵਧਾਈ ਵੀ ਦਿੱਤੀ।
               ਜਿਲਾ ਸਿੱਖਿਆ ਅਧਿਕਾਰੀ ਸਤਿੰਦਰਬੀਰ ਸਿੰਘ ਨੇ ਬੱਚਿਆਂ ਦੀ ਸਹੂਲਤ ਲਈ ਕੀਤੀ ਇਸ ਪਹਿਲ ਉਤੇ ਪੰਜਾਬ ਸਰਕਾਰ ਦਾ ਧੰਨਵਾਦ ਕੀਤਾ।ਉਨਾਂ ਕਿਹਾ ਕਿ ਅੱਜ ਰਸਮੀ ਤੌਰ ‘ਤੇ ਮਜੀਠਾ ਸਕੂਲ ਦੇ 15 ਬੱਚਿਆਂ, ਜਿੰਨਾਂ ਵਿਚ 9 ਲੜਕੀਆਂ ਤੇ 6 ਲੜਕੇ ਸ਼ਾਮਿਲ ਹਨ, ਨੂੰ ਮੋਬਾਈਲ ਫੋਨ ਦੀ ਵੰਡ ਕੀਤੀ ਗਈ।
               ਇਸ ਮੌਕੇ ਕੈਬਨਿਟ ਰੈਂਕ ਪ੍ਰਾਪਤ ਰਾਜ ਕੁਮਾਰ ਵੇਰਕਾ ਤੇ ਇੰਦਰਬੀਰ ਸਿੰਘ ਬੁਲਾਰੀਆ, ਮੇਅਰ ਕਰਮਜੀਤ ਸਿੰਘ ਰਿੰਟੂ, ਵਿਧਾਇਕ ਸੁਨੀਲ ਦੱਤੀ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਸ਼ਹਿਰੀ ਕਾਂਗਰਸ ਪ੍ਰਧਾਨ ਸ੍ਰੀਮਤੀ ਜਤਿੰਦਰ ਸੋਨੀਆ, ਦਿਹਾਤੀ ਪ੍ਰਧਾਨ ਭਗਵੰਤਪਾਲ ਸਿੰਘ ਸੱਚਰ, ਕੌਂਸਲਰ ਵਿਕਾਸ ਸੋਨੀ, ਐਸ.ਡੀ.ਐਮ ਵਿਕਾਸ ਹੀਰਾ, ਮੈਂਬਰ ਪੰਜਾਬ ਯੂਥ ਵਿਕਾਸ ਬੋਰਡ ਡਾ. ਆਂਚਲ ਅਰੋੜਾ, ਅਦਿੱਤਿਆ ਦੱਤੀ, ਹਰਜਿੰਦਰ ਸਿੰਘ ਚੇਅਰਮੈਨ, ਜਸਵਿੰਦਰ ਸਿੰਘ ਅਤੇ ਹੋਰ ਮੋਹਤਬਰ ਹਾਜ਼ਰ ਸਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …