Wednesday, February 25, 2026

ਸਪੋਰਟਸ ਸਟੇਡੀਅਮ ਵਿਖੇ ਜਿਲ੍ਹਾ ਪੱਧਰੀ 74ਵਾਂ ਅਜਾਦੀ ਦਿਵਸ ਮਨਾਇਆ ਗਿਆ

ਸਮਾਜਿਕ ਸੁਰੱਖਿਆ ਮੰਤਰੀ ਸ੍ਰੀਮਤੀ ਅਰੁਣਾ ਚੋਧਰੀ ਨੇ ਤਿਰੰਗਾ ਲਹਿਰਾ ਕੇ ਦਿੱਤੀ ਸਲਾਮੀ

ਪਠਾਨਕੋਟ, 15 ਅਗਸਤ (ਪੰਜਾਬ ਪੋਸਟ ਬਿਊਰੋ) – ਸਪੋਰਟ ਸਟੇਡੀਅਮ ਲਮੀਣੀ ਪਠਾਨਕੋਟ ਵਿਖੇ ਵਿਖੇ ਜਿਲ੍ਹਾ ਪੱਧਰੀ 74ਵਾਂ ਅਜਾਦੀ ਦਿਵਸ ਮਨਾਇਆ ਗਿਆ।ਜਿਸ ਵਿੱਚ ਸ੍ਰੀਮਤੀ ਅਰੁਣਾ ਚੋਧਰੀ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਤਿਰੰਗਾ ਲਹਿਰਾ ਕੇ ਤਿਰੰਗੇ ਨੂੰ ਸਲਾਮੀ ਦਿੱਤੀ।ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ, ਗੁਲਨੀਤ ਸਿੰਘ ਖੁਰਾਣਾ ਐਸ.ਐਸ.ਪੀ ਪਠਾਨਕੋਟ, ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ, ਸੰਜੀਵ ਬੈਂਸ ਜਿਲ੍ਹਾ ਪ੍ਰਧਾਨ ਕਾਂਗਰਸ ਕਮੇਟੀ, ਅਨਿਲ ਦਾਰਾ ਚੇਅਰਮੈਨ ਜਿਲ੍ਹਾ ਪਲਾਨਿੰਗ ਬੋਰਡ ਪਠਾਨਕੋਟ, ਵਿਭੂਤੀ ਸ਼ਰਮਾ ਚੇਅਰਮੈਨ ਨਗਰ ਸੁਧਾਰ ਟਰੱਸਟ ਪਠਾਨਕੋਟ, ਅਸ਼ੋਕ ਚੋਧਰੀ ਸਾਬਕਾ ਆਡੀਸ਼ਨਲ ਡਾਇਰੈਕਟਰ ਲੋਕਲ ਬਾਡੀਜ, ਸੁਰਿੰਦਰ ਪਾਲ ਸਿੰਘ ਵਧੀਕ ਡਿਪਟੀ ਕਮਿਸ਼ਨਰ (ਜ), ਬਲਰਾਜ ਸਿੰਘ ਵਧੀਕ ਡਿਪਟੀ ਕਮਿਸ਼ਨਰ (ਵਿਕਾਸ), ਗੁਰਸਿਮਰਨ ਸਿੰਘ ਢਿਲੋਂ ਐਸ.ਡੀ.ਐਮ ਪਠਾਨਕੋਟ, ਰਾਮ ਲੁਭਾਇਆ ਸੂਚਨਾ ਤੇ ਲੋਕ ਸੰਪਰਕ ਅਫਸਰ, ਜਗਜੀਤ ਸਿੰਘ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਰਾਜੇਸ਼ਵਰ ਸਲਾਰੀਆ ਡਿਪਟੀ ਜਿਲ੍ਹਾ ਸਿੱਖਿਆ ਅਧਿਕਾਰੀ ਸੈਕੰਡਰੀ, ਸੰਜੀਵ ਤਿਵਾੜੀ ਵਣ ਮੰਡਲ ਅਧਿਕਾਰੀ, ਅਰਵਿੰਦ ਵਰਮਾ ਤਹਿਸੀਲਦਾਰ ਪਠਾਨਕੋਟ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀ ਹਾਜ਼ਰ ਸਨ।
               

ਮੁੱਖ ਮਹਿਮਾਨ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਇੱਕ ਪੰਜਾਬ ਪੁਲਿਸ ਦੀ ਟੁਕੜੀ ਵੱਲੋਂ ਤਿਰੰਗੇ ਨੂੰ ਸਲਾਮੀ ਦਿੱਤੀ ਗਈ।ਬਾਹਰਵੀਂ ਵਿੱਚੋਂ 99.3 ਪ੍ਰਤੀਸਤ ਅੰਕ ਪਾਪਤ ਕਰਕੇ ਪੰਜਾਬ ਵਿੱਚ ਤੀਸਰਾ ਸਥਾਨ ਹਾਸਲ ਕਰਨ ਵਾਲੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਿਆਲਾ ਦੀ ਦੀ ਵਿਦਿਆਰਥਣ ਕੰਨਿਕਾ ਸਰਮਾ ਅਤੇ 98 ਪ੍ਰਤੀਸ਼ਤ ਅੰਕ ਪ੍ਰਾਪਤ ਕਰਨ ਵਾਲੀ ਪਾਇਲਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਅਮਿਸ਼ਾ ਸ਼ਰਮਾ ਪੰਜਾਬ ਸਰਕਾਰ ਵੱਲੋਂ 5100-5100 ਰੁਪਏ ਦੀ ਨਕਦ ਰਾਸ਼ੀ ਦੇ ਕੇ ਸਨਮਾਨਿਤ ਕੀਤਾ ਗਿਆ।
                  ਸ੍ਰੀਮਤੀ ਅਰੁਣਾ ਚੋਧਰੀ ਸਮਾਜਿੱਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਮੰਤਰੀ ਪੰਜਾਬ ਨੇ ਦੇਸ਼ ਨੂੰ ਆਜਾਦ ਕਰਵਾਉਣ ਲਈ ਜਿਨ੍ਹਾਂ ਅਮਰ ਸਹੀਦਾਂ ਕੁਰਬਾਨੀਆਂ ਦਿੱਤੀਆਂ ਨੂੰ ਯਾਦ ਕਰਕੇ ਨਮਨ ਕੀਤਾ।ਉਨ੍ਹਾਂ ਕਿਹਾ ਕਿ ਅੱਜ 74ਵੇਂ ਸੁਤੰਤਰਤਾ ਦਿਵਸ ਮੌਕੇ ਪਠਾਨਕੋਟ ਦੀ ਇਸ ਮਹਾਨ ਧਰਤੀ ’ਤੇ ਰਾਸ਼ਟਰੀ ਝੰਡਾ ਲਹਿਰਾਅ ਕੇ ਮਾਣ ਮਹਿਸੂਸ ਕਰ ਰਹੀ ਹੈ।ਉਨ੍ਹਾਂ ਕਿਹਾ ਕਿ ਸ਼ਹੀਦਾਂ, ਆਜ਼ਾਦੀ ਘੁਲਾਟੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਅੱਜ ਅਸੀਂ ਆਜ਼ਾਦ ਫ਼ਿਜ਼ਾ ਵਿੱਚ ਸਾਹ ਲੈ ਰਹੇ ਹਾਂ।ਆਜ਼ਾਦੀ ਦੀ ਪ੍ਰਾਪਤੀ ਲਈ ਚੱਲੇ ਲੰਬੇ ਸੰਘਰਸ਼ ਵਿੱਚ 80 ਫੀਸਦ ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਹਨ।
ਉਨ੍ਹਾਂ ਕਿਹਾ ਕਿ ਸਾਢੇ ਤਿੰਨ ਸਾਲ ਪਹਿਲਾਂ ਬਣੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਮੌਜੂਦਾ ਸਰਕਾਰ ਵਲੋਂ ਪੰਜਾਬ ਨੂੰ ਮੁੜ ਵਿਕਾਸ ਦੀਆਂ ਲੀਹਾਂ ‘ਤੇ ਤੋਰਨ ਦੇ ਅਣਥੱਕ ਯਤਨ ਕੀਤੇ ਜਾ ਰਹੇ ਹਨ।ਇਸ ਸਾਲ ਦੇ ਆਰੰਭ ਦੌਰਾਨ ਸ਼ੁਰੂ ਹੋਈ ਕੋਵਿਡ-19 ਨਾਂ ਦੀ ਮਾਹਾਂਮਾਰੀ ਨੇ ਨਾ ਕੇਵਲ ਸਾਡੇ ਸਮੁੱਚੇ ਦੇਸ਼ ਹੀ ਨਹੀਂ, ਸਗੋਂ ਦੁਨੀਆਂ ਭਰ ਨੂੰ ਹਿਲਾ ਕੇ ਰੱਖ ਦਿੱਤਾ ਹੈ।ਸੂਬਾ ਸਰਕਾਰ ਨੇ ਇਸ ਬਿਮਾਰੀ ਨਾਲ ਨਜਿੱਠਣ ਲਈ ‘ਮਿਸ਼ਨ ਫਤਹਿ’ ਸ਼ੁਰੂ ਕੀਤਾ ਹੈ।ਉਨ੍ਹਾਂ ਕਿਹਾ ਕਿ ਵੇਲੇ ਸਿਰ ਚੁੱਕੇ ਗਏ ਕਦਮਾਂ ਦੀ ਬਦੌਲਤ ਉਹ ਅਨੇਕਾਂ ਕੀਮਤੀ ਜਾਨਾਂ ਬਚਾਉਣ ਵਿੱਚ ਸਫ਼ਲ ਹੋਏ ਹਨ।ਉਨ੍ਹਾਂ ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਮੁਫ਼ਤ ਮੋਬਾਈਲ ਫੋਨ ਵੰਡਣ ਦੀ ਸ਼ੁਰੂਆਤ ਕਰਨ ਦੀ ਸ਼ਲਾਘਾ ਕੀਤੀ।
                 ਉਨ੍ਹਾਂ ਕਿਹਾ ਕਿ ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ ਵੱਲੋਂ ਆਂਗਨਵਾੜੀ ਸੁਪਰਵਾਈਜ਼ਰਾਂ, ਵਰਕਰਾਂ ਤੇ ਹੈਲਪਰਾਂ ਨੇ ਨਾ ਸਿਰਫ਼ ਹੱਥੀਂ ਮਾਸਕ ਤਿਆਰ ਕਰ ਕੇ ਵੰਡੇ, ਸਗੋਂ ਘਰ ਘਰ ਜਾ ਕੇ ਲੋਕਾਂ ਨੂੰ ਇਸ ਬਿਮਾਰੀ ਖ਼ਿਲਾਫ਼ ਜਾਗਰੂਕ ਕਰਨ ਦੇ ਨਾਲ ਨਾਲ ਬੱਚਿਆਂ ਤੇ ਗਰਭਵਤੀ ਔਰਤਾਂ ਲਈ ਪੌਸ਼ਟਿਕ ਆਹਾਰ ਵੀ ਪਹੁੰਚਾਇਆ।
                   ਉਨ੍ਹਾਂ ਕਿਹਾ ਕਿ ਮੁਸ਼ਕਲ ਦੀ ਇਸ ਘੜੀ ਵਿੱਚ ਲੋਕਾਂ ਦੀ ਬਾਂਹ ਫੜਨ ਲਈ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸਰਕਾਰ ਨੇ ਬੁਢਾਪਾ ਪੈਨਸ਼ਨਾਂ ਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਅਧੀਨ ਸਾਲ 2020-21 ਲਈ 2319.68 ਕਰੋੜ ਰੁਪਏ ਦਾ ਬਜਟ ਉਪਬੰਧ ਕੀਤਾ ਹੈ।ਵਿਭਾਗ ਨੇ ਬਿਮਾਰੀ ਦੇ ਫੈਲਾਅ ਨੂੰ ਰੋਕਣ ਲਈ ਜਿੱਥੇ ਆਪਣਾ ਸਾਰਾ ਕੰਮਕਾਜ ਈ-ਆਫ਼ਿਸ ਰਾਹੀਂ ਕਰਵਾਉਣ ਨੂੰ ਤਰਜੀਹ ਦਿੱਤੀ ਹੈ ਅਤੇ ਸਾਰੇ ਜ਼ਿਲਿਆਂ ਦੇ ਬਿੱਲ ਵੀ ਆਨਲਾਈਨ ਕਰ ਦਿੱਤੇ ਗਏ ਹਨ।
                    ਜਿਲ੍ਹਾ ਪਠਾਨਕੋਟ ਦੀਆਂ ਪ੍ਰਾਪਤੀਆਂ ਦੀ ਗੱਲ ਕਰਦਿਆਂ ਮੁੱਖ ਮਹਿਮਾਨ ਨੇ ਕਿਹਾ ਕਿ ਜ਼ਿਲ੍ਹੇ ‘ਚ ਲੋਕ ਨਿਰਮਾਣ ਵਿਭਾਗ ਵਲੋਂ ਲਗਭਗ 319 ਕਰੋੜ ਰੁਪਏ ਦੇ ਵਿਕਾਸ ਕਾਰਜ਼ ਕਰਵਾਏ ਗਏੇ।ਜਿਸ ਵਿਚੋਂ ਲਗਭਗ 78 ਕਰੋੜ ਰੁਪਏ ਸੜਕਾਂ ਦੇ ਨਵ ਨਿਰਮਾਣ ‘ਤੇ ਅਤੇ 241 ਕਰੋੜ ਰੁਪਏ ਪੁਲਾਂ ਦੀ ਉਸਾਰੀ ‘ਤੇ ਖਰਚ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਯਤਨਾਂ ਸਦਕਾ ਪਠਾਨਕੋਟ ਜ਼ਿਲੇ ਵਿੱਚ ਤਕਰੀਬਨ 9500 ਏਕੜ ਸਰਕਾਰੀ ਵਣ ਵਿਭਾਗ ਦੀ ਜ਼ਮੀਨ ਨਾਜਾਇਜ਼ ਕਾਬਜ਼ਕਾਰਾਂ ਤੋਂ ਛੁਡਵਾਈ ਹੈ।ਜੜੀ-ਬੂਟੀ ਦੀ ਖੇਤੀ ਕਰਨ, ਪ੍ਰੋਸੈਸਿੰਗ ਅਤੇ ਮਾਰਕੀਟਿੰਗ ਕਰਨ ਲਈ ਉਤਸ਼ਾਹਿਤ ਕੀਤਾ ਗਿਆ, ਜਿਸ ਕਰ ਕੇ ਜ਼ਿਲੇ ਦੀ ਇਕ ਔਰਤ ਨੂੰ ਭਾਰਤ ਸਰਕਾਰ ਵਲੋਂ ਮਹਿਲਾ ਕਿਸਾਨ ਐਵਾਰਡ ਲਈ ਚੁਣਿਆ ਗਿਆ।ਵਣ ਵਿਭਾਗ ਪਠਾਨਕੋਟ ਨੇ ਸ਼ਹਿਰ ਵਿੱਚ ਨਾਜਾਇਜ਼ ਕਬਜ਼ੇ ਛੁਡਵਾ ਕੇ 3 ਨੇਚਰ ਪਾਰਕ ਬਣਾਏ ਗਏ ਹਨ ਅਤੇ ਧਾਰ ਵਿਖੇ ਸੈਲਾਨੀਆਂ ਵਾਸਤੇ ਵਣ ਜਾਗਰੂਕਤਾ ਕੈਂਪ ਬਣਾਇਆ ਗਿਆ ਹੈ।ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਮੌਕੇ ਹਰ ਪਿੰਡ ਵਿੱਚ 550 ਪੌਦੇ ਲਾਉਣ ਦੀ ਮੁਹਿੰਮ ਤਹਿਤ ਪਠਾਨਕੋਟ ਪਹਿਲਾਂ ਅਜਿਹਾ ਜ਼ਿਲਾ ਬਣਿਆ ।
                  ਪਠਾਨਕੋਟ ਵਿਖੇ ਜੰਗਲਾਂ ਦੀ ਚਾਰਦੀਵਾਰੀ ਨੂੰ ਡਿਜੀਟਾਈਜ਼ਡ ਕਰਨ ਦਾ ਪਾਇਲਟ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ, ਜਿਸ ਨੂੰ ਹੁਣ ਪੂਰੇ ਪੰਜਾਬ ਵਿੱਚ ਲਾਗੂ ਕਰਵਾਉਣ ਦੀ ਤਜਵੀਜ਼ ਹੈ।ਉਨ੍ਹਾਂ ਕਿਹਾ ਕਿ ਸਾਡੀ ਸਰਕਾਰ ਨੇ ਸਿਹਤਮੰਦ ਸਮਾਜ ਸਿਰਜਣ ਅਤੇ ਪੰਜਾਬ ਨੂੰ ਸਿਹਤ ਪੱਖੋਂ ਅੱਵਲ ਸੂਬਾ ਬਣਾਉਣ ਲਈ ‘ਮਿਸ਼ਨ ਤੰਦਰੁਸਤ ਪੰਜਾਬ’ ਦਾ ਆਗ਼ਾਜ਼ ਕੀਤਾ ਹੈ।ਆਉ ਇਸ ਮਹਾਨ ਦਿਹਾੜੇ ’ਤੇ ਆਪਸੀ ਭਾਈਚਾਰਾ, ਫਿਰਕੂ ਸਦਭਾਵਨਾ ਅਤੇ ਅਮਨ ਤੇ ਸ਼ਾਂਤੀ ਬਣਾਈ ਰੱਖੀਏ ਅਤੇ ਦੇਸ਼ ਦੀ ਖੁਸ਼ਹਾਲੀ ਵਿੱਚ ਵੱਧ ਚੜ੍ਹ ਕੇ ਯੋਗਦਾਨ ਪਾਈਏ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …