Wednesday, February 25, 2026

ਸੁਲਤਾਨਪੁਰ ਹਲਕੇ ਦੇ ਪਹਿਲੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦੀ ਪਿੰਡ ਮੀਰੇ ਵਿਖੇ ਸ਼ੁਰੂਆਤ

ਪੰਜਾਬ ਸਰਕਾਰ ਦਿਹਾਤੀ ਖੇਤਰਾਂ ਦੇ ਵਿਕਾਸ ਵੱਲ ਦੇ ਰਹੀ ਹੈ ਵਿਸ਼ੇਸ਼ ਤਵੱਜੋ – ਚੀਮਾ

ਪਠਾਨਕੋਟ, 18 ਅਗਸਤ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵਲੋਂ ਪੇਂਡੂ ਖੇਤਰਾਂ ਵਿੱਚ ਸਾਫ ਸੁਥਰੇ ਵਾਤਾਵਰਨ ਅਤੇ 100 ਫੀਸਦੀ ਬੁਨਿਆਦੀ ਸਹੂਲਤਾਂ ਮੁਹੱਈਆ ਕਰਵਾਉਣ ਦੇ ਮਕਸਦ ਨਾਲ ਦਿਹਾਤੀ ਖੇਤਰ ਵਾਲੇ ਵਿਧਾਨ ਸਭਾ ਹਲਕਿਆਂ ਵੱਲ ਵਿਸ਼ੇਸ਼ ਤਵੱਜੋਂ ਦਿੱਤੀ ਜਾ ਰਹੀ ਹੈ।
ਸੁਲਤਾਨਪੁਰ ਲੋਧੀ ਤੋਂ ਵਿਧਾਇਕ ਨਵਤੇਜ ਸਿੰਘ ਚੀਮਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵਲੋਂ ਜਿਥੇ ਅਨੇਕਾਂ ਪਿੰਡਾਂ ਵਿਚ ਠੋਸ ਰਹਿੰਦ ਖੂੰਹਦ ਪ੍ਰਬੰਧਨ ਪ੍ਰਾਜੈਕਟ ਸ਼ੁਰੂ ਕੀਤੇ ਗਏ ਹਨ, ਉਥੇ ਹੀ ਪਿੰਡਾਂ ਵਿੱਚ ਸੀਵਰੇਜ, ਕੰਕਰੀਟ ਦੀਆਂ ਗਲੀਆਂ ਅਤੇ ਪਾਰਕ ਵਿਕਸਤ ਕਰਨ ਲਈ ਮਨਰੇਗਾ ਤਹਿਤ 46 ਕਰੋੜ ਰੁਪਏ ਜਾਰੀ ਕੀਤੇ ਗਏ ਹਨ।
                ਅੱਜ ਇੱਥੇ ਸੁਲਤਾਨਪੁਰ ਲੋਧੀ ਵਿਧਾਨ ਸਭਾ ਹਲਕੇ ਦੇ ਪਿੰਡ ਮੀਰੇ ਵਿਖੇ ਪਹਿਲੇ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਦਾ ਉਦਘਾਟਨ ਕਰਦਿਆਂ ਚੀਮਾ ਨੇ ਕਿਹਾ ਕਿ ਸੁਲਤਾਨਪੁਰ ਹਲਕੇ ਦੇ ਪੰਜ ਪਿੰਡਾਂ ਵਿੱਚ ਅਜਿਹੇ ਪ੍ਰਾਜੈਕਟ ਲਗਾਏ ਜਾਣਗੇ।ਇਸ ਪ੍ਰਾਜੈਕਟ ਤਹਿਤ ਕੂੜੇ ਦੇ ਨਿਪਟਾਰੇ ਲਈ ਪੁਖਤਾ ਪ੍ਰਬੰਧ ਕੀਤੇ ਗਏ ਹਨ, ਜਿਸ ਤਹਿਤ ਪਿੰਡ ਦਾ ਕੂੜਾ ਇਕੱਠਾ ਕਰਨ ਲਈ ਸਾਰੇ ਪਿੰਡ ਵਿਚ ਵੱਖੋ ਵੱਖਰੇ ਰੰਗ ਦੇ ਕੂੜੇਦਾਨ ਵੀ ਲਗਾਏ ਜਾਣਗੇ।ਇਸ ਤੋਂ ਅੱਗੇ ਗਿੱਲੇ ਅਤੇ ਸੁੱਕਾ ਕੂੜੇ ਨੂੰ ਸਾਲਿਡ ਵੇਸਟ ਮੈਨੇਜਮੈਂਟ ਪ੍ਰਾਜੈਕਟ ਵਿਖੇ ਪ੍ਰੋਸੈਸ ਕੀਤਾ ਜਾਵੇਗਾ।
                ਉਨਾਂ ਦੱਸਿਆ ਕਿ ਪ੍ਰੋਸੈਸ ਕੀਤੇ ਜਾਣ ਵਾਲੇ ਕੂੜੇ ਤੋਂ ਖਾਦ ਤਿਆਰ ਕੀਤੀ ਜਾਵੇਗੀ, ਜੋਕਿ ਕਿਸਾਨ ਆਪਣੀ ਲੋੜ ਅਨੁਸਾਰ ਪ੍ਰੋਜੈਕਟ ਤੋਂ ਲੈ ਸਕਣਗੇ।ਉਨਾਂ ਕਿਹਾ ਕਿ ਸੁਲਤਾਨਪੁਰ ਵਿਧਾਨ ਸਭਾ ਹਲਕੇ ਉਪਰ ਪੰਜਾਬ ਸਰਕਾਰ ਵਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ।ਜਿਸ ਤਹਿਤ ਜਿੱਥੇ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਮੌਕੇ 400 ਕਰੋੜ ਤੋਂ ਜ਼ਿਆਦਾ ਦੇ ਵਿਕਾਸ ਕਾਰਜ ਕਰਵਾਏ ਗਏ।ਉਥੇ ਹੀ ਹੁਣ ਪਿੰਡਾਂ ਨੂੰ ਸੀਵਰੇਜ, ਪੀਣ ਵਾਲਾ ਪਾਣੀ, ਸਟਰੀਟ ਲਾਈਟਾਂ, ਪੱਕੀਆਂ ਗਲੀਆਂ ਨਾਲੀਆਂ ਦੀ ਉਸਾਰੀ ਲਈ ਗ੍ਰਾਂਟਾ ਜਾਰੀ ਕੀਤੀਆਂ ਜਾ ਰਹੀਆਂ ਹਨ।
                    ਚੀਮਾ ਵਲੋਂ ਸਾਲਿਡ ਵੇਸਟ ਮੈਨੇਜਮੈਟ ਪਲਾਂਟ ਦਾ ਉਦਘਾਟਨ ਕਰਨ ਮਗਰੋਂ ਪਿੰਡ ਅਮਾਨੀਪੁਰ ਵਿਖੇ ਸੀਵਰੇਜ਼ ਦਾ ਉਦਘਾਟਨ ਵੀ ਕੀਤਾ।ਜਿਸ ਉੱਪਰ 8 ਲੱਖ ਰੁਪਏ ਦੀ ਲਾਗਤ ਆਈ ਹੈ।ਉਨਾਂ ਸਰਪੰਚਾਂ ਪੰਚਾਂ ਨੂੰ ਕਿਹਾ ਕਿ ਉਹ ਆਪੋ ਆਪਣੇ ਪਿੰਡਾਂ ਵਿਚ ਚਲ ਰਹੇ ਵਿਕਾਸ ਕੰਮਾ ਵਿਚ ਗੁਣਵੱਤਾ ਨੂੰ ਬਣਾਈ ਰੱਖਣ ਲਈ ਨਿਗਰਾਨ ਵਜੋਂ ਕੰਮ ਕਰਨ।
             ਇਸ ਮੌਕੇ ਵਿਧਾਇਕ ਚੀਮਾ ਨਾਲ ਬੀ.ਡੀ.ਪੀ.ਓ ਗੁਰਪ੍ਰਤਾਪ ਸਿੰਘ ਬੱਲ, ਮਾਰਕਿਟ ਕਮੇਟੀ ਦੇ ਚੇਅਰਮੈਨ ਪਰਮਿੰਦਰ ਸਿੰਘ ਪੱਪਾ, ਪੰਚਾਇਤ ਸੰਮਤੀ ਦੇ ਚੇਅਰਮੈਨ ਰਜਿੰਦਰ ਸਿੰਘ ਤਕੀਆ, ਉਪ ਚੇਅਰਮੈਨ ਮੰਗਲ ਸਿੰਘ ਭੱਟੀ, ਸੰਮਤੀ ਦੇ ਮੈਂਬਰ ਬਲਦੇਵ ਸਿੰਘ ਅਤੇ ਪਿੰਡਾਂ ਤੇ ਪੰਚ-ਸਰਪੰਚ ਹਾਜਰ ਸਨ।

Check Also

ਖਾਲਸਾ ਕਾਲਜ ਦੇ 119ਵੇਂ ਕਨਵੋਕੇਸ਼ਨ ਦੌਰਾਨ 1430 ਵਿਦਿਆਰਥੀਆਂ ਨੂੰ ਵੰਡੀਆਂ ਡਿਗਰੀਆਂ

ਅੰਮ੍ਰਿਤਸਰ, 23 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ ) – ਹਰੇਕ ਵਿਦਿਆਰਥੀ ਦੀ ਜ਼ਿੰਦਗੀ ’ਚ ਡਿਗਰੀ ਵੰਡ …