ਸੰਗਰੂਰ, 25 ਅਗਸਤ (ਜਗਸੀਰ ਲੌਂਗੋਵਾਲ) – ਜ਼ਿਲ੍ਹਾ ਪ੍ਰਸ਼ਾਸ਼ਨ ਅਤੇ ਸਿਹਤ ਵਿਭਾਗ ਵਲੋਂ ਮਿਸ਼ਨ ਫਤਿਹ ਤਹਿਤ ਘਾਬਦਾ ਵਿਖੇ ਸਥਾਪਤ ਕੋਵਿਡ ਕੇਅਰ ਸੈਂਟਰ
ਤੋਂ ਸਿਹਤਯਾਬ ਹੋ ਕੇ ਆਪਣੇ ਘਰ ਨੂੰ ਪਰਤਣ ਵਾਲੇ ਗੌਰਵ ਅਗਰਵਾਲ ਨੇ ਘਾਬਦਾ ਸੈਂਟਰ ਦੇ ਪ੍ਰਬੰਧਾਂ ਦੀ ਖੂਬ ਸ਼ਲਾਘਾ ਕੀਤੀ।ਗੌਰਵ ਅਗਰਵਾਲ ਨੇ ਇਲਾਜ ਸਬੰਧੀ ਪੰਜਾਬ ਸਰਕਾਰ ਵਲੋਂ ਕੀਤੇ ਉਪਰਾਲਿਆਂ ਤੇ ਇਕਾਂਤਵਾਸ ਸਬੰਧੀ ਮੁਹੱਈਆ ਕਰਵਾਈਆਂ ਸਹੂਲਤਾਂ ‘ਤੇ ਤਸੱਲੀ ਦਾ ਪ੍ਰਗਟਾਵਾ ਕਰਦਿਆਂ ਡਾਕਟਰਾਂ ਦੀ ਟੀਮ ਤੇ ਪੰਜਾਬ ਸਰਕਾਰ ਦਾ ਵੀ ਧੰਨਵਾਦ ਕੀਤਾ।
ਗੌਰਵ ਅਗਰਵਾਲ ਦੱਸਦੇ ਹਨ ਕਿ ਸਟਾਫ਼ ਵਲੋਂ ਉਸ ਦਾ ਪੂਰਨ ਧਿਆਨ ਰੱਖਿਆ ਗਿਆ ਅਤੇ ਪੰਜਾਬ ਸਰਕਾਰ ਵਲੋਂ ਮੁਹੱਈਆ ਕਰਵਾਈਆਂ ਸੁਚੱਜੀਆਂ ਸਿਹਤ ਸਹੂਲਤਾਂ ਸਦਕਾ ਉਹ ਇਲਾਜ਼ ਕਰਵਾ ਕੇ ਘਰ ਪਰਤਿਆ ਹੈ।ਗੌਰਵ ਅਗਰਵਾਲ ਅਲੀਗੜ੍ਹ ਯੂ.ਪੀ ਤੋਂ 18 ਜੂਨ ਨੂੰ ਪਰਿਵਾਰ ਸਮੇਤ ਸਲਾਈਟ ਲੌਂਗੋਵਾਲ ਆਏ ਸਨ ਅਤੇ ਅਗਲੇ ਹੀ ਦਿਨ ਸਿਵਲ ਹਸਪਤਾਲ ਸੰਗਰੂਰ ਵਿਖੇ ਸੈਂਪਲਿੰਗ ਤੋਂ ਬਾਅਦ ਪਾਜ਼ਟਿਵ ਆ ਗਏ।ਉਨ੍ਹਾਂ ਨੂੰ ਇਲਾਜ਼ ਲਈ ਕੋਵਿਡ ਕੇਅਰ ਸੈਂਟਰ ਘਾਬਦਾਂ ਤਬਦੀਲ ਕਰ ਦਿੱਤਾ ਗਿਆ।
ਗੌਰਵ ਅਗਰਵਾਲ ਦੱਸਦੇ ਹਨ ਕਿ ਉਹ ਇਕ ਹਫ਼ਤੇ ਬਾਅਦ ਤੰਦਰੁਸਤ ਹੋ ਕੇ ਆਪਣੇ ਘਰ ਵਾਪਸ ਆ ਗਏ ਅਤੇ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਆਪਣੇ ਘਰ ਵਿਚ ਹੀ 14 ਦਿਨ ਅਲੱਗ ਕਮਰੇ ਵਿੱਚ ਬਿਤਾਏ।ਉਨਾਂ ਲੋਕਾਂ ਨੂੰ ਅਪੀਲ ਕੀਤੀ ਕਿ ਕੋਰੋਨਾ ਵਾਇਰਸ ਤੋਂ ਡਰਨ ਦੀ ਲੋੜ ਨਹੀਂ ਸਗੋਂ ਜਾਗਰੂਕਤਾ ਨਾਲ ਕੋਰੋਨਾ ਮਹਾਂਮਾਰੀ ਦੀ ਜੰਗ ਵਿਚ ਫਤਿਹ ਹਾਸਲ ਕੀਤੀ ਜਾ ਸਕਦੀ ਹੈ।
ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀ ਲੌਂਗੋਵਾਲ ਡਾ. ਅੰਜੂ ਸਿੰਗਲਾ ਨੇ ਕਿਹਾ ਕਿ ਕਰੋਨਾ ਜੰਗ ਜਿੱਤੇ ਵਿਅਕਤੀਆਂ ਨੂੰ ਲੋਕਾਂ ਨੂੰ ਜਾਗਰੂਕ ਕਰਦੇ ਰਹਿਣਾ ਚਾਹੀਦਾ ਹੈ।ਬਲਾਕ ਐਜੂਕੇਟਰ ਯਾਦਵਿੰਦਰ ਨੇ ਕਿਹਾ ਕਿ ਲੋਕਾਂ ਨੂੰ ਕੋਵਿਡ 19 ਸੈਂਪਲਿੰਗ ਲਈ ਅੱਗੇ ਆਉਣ ਦੀ ਲੋੜ ਹੈ ਤਾਂ ਜੋ ਪਾਜ਼ਟਿਵ ਕੇਸਾਂ ਦਾ ਸਮਾਂ ਰਹਿੰਦੇ ਪਤਾ ਲੱਗ ਸਕੇ।
Punjab Post Daily Online Newspaper & Print Media