Saturday, March 14, 2026

ਐਸ.ਐਮ.ਓ ਡਾ. ਅਰੁਣ ਸ਼ਰਮਾ ਨੂੰ ਅੰਤਿਮ ਵਿਦਾਇਗੀ, ਸਿਹਤ ਮੰਤਰੀ ਵੱਲੋਂ ਭਾਵ-ਭਿੰਨੀ ਸਰਧਾਂਜਲੀ

ਡਾ. ਅਰੁਣ ਸ਼ਰਮਾ ਕੋਰੋਨਾ ਮਰੀਜਾਂ ਦੀ ਸੇਵਾ ਕਰਦਾ ਸ਼ਹੀਦ ਹੋਇਆ-ਸੋਨੀ

ਅੰਮ੍ਰਿਤਸਰ, 30 ਅਗਸਤ (ਸੁਖਬੀਰ ਸਿੰਘ) – ਕੋਵਿਡ-19 ਵਿਰੁੱਧ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਬੜੀ ਦਲੇਰੀ ਨਾਲ ਲੜ ਰਹੀ ਜੰਗ ‘ਚ ਕੋਰੋਨਾ ਦੀ ਭੇਟ ਚੜ੍ਹੇ ਸਿਵਲ ਹਸਪਤਾਲ ਅੰਮ੍ਰਿਤਸਰ ਦੇ ਐਸ.ਐਮ.ਓ ਡਾ. ਅਰੁਣ ਸ਼ਰਮਾ ਦਾ ਅੰਤਿਮ ਸੰਸਕਾਰ ਅੱਜ ਸਰਕਾਰੀ ਸਨਮਾਨਾਂ ਨਾਲ ਕਰ ਦਿੱਤਾ ਗਿਆ।
                  ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਵਿਭਾਗ ਵੱਲੋਂ ਵਿਸ਼ੇਸ਼ ਤੌਰ ‘ਤੇ ਡਾ. ਸ਼ਰਮਾ ਨੂੰ ਸ਼ਰਧਾਜਲੀ ਭੇਟ ਕਰਨ ਲਈ ਚੰਡੀਗੜ੍ਹ ਤੋਂ ਪੁੱਜੇ। ਮੁੱਖ ਮੰਤਰੀ ਅਮਰਿੰਦਰ ਸਿੰਘ ਨੇ ਵੀ ਗਹਿਰੇ ਦੁੱਖ ਦਾ ਪ੍ਰਗਟਾਵਾ ਕਰਦੇ ਪਰਿਵਾਰ ਨਾਲ ਹਮਦਰਦੀ ਪ੍ਰਗਟਾਈ।ਡਾਕਟਰੀ ਸਿੱਖਆ ਤੇ ਖੋਜ ਮੰਤਰੀ ਓ ਪੀ ਸੋਨੀ, ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਗਿੱਲ, ਕਮਿਸ਼ਨਰ ਨਿਗਮ ਸ੍ਰੀਮਤੀ ਕੋਮਲ ਮਿਤਲ, ਵਧੀਕ ਡਿਪਟੀ ਕਮਿਸ਼ਨਰ ਡਾ. ਹਿਮਾਸ਼ੂੰ ਅਗਰਵਾਲ, ਸੀਨੀਅਰ ਡਿਪਟੀ ਮੇਅਰ ਰਮਨ ਬਖਸ਼ੀ, ਐਸ.ਡੀ.ਐਮ ਵਿਕਾਸ ਹੀਰਾ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ, ਸਿਵਲ ਸਰਜਨ ਡਾ. ਨਵਦੀਪ ਸਿੰਘ, ਪ੍ਰਿੰਸੀਪਲ ਮੈਡੀਕਲ ਕਾਲਜ ਡਾ. ਰਾਜੀਵ ਦੇਵਗਨ ਅਤੇ ਹੋਰ ਸੀਨੀਅਰ ਅਧਿਕਾਰੀਆਂ ਵੱਲੋਂ ਡਾ. ਅਰੁਣ ਸ਼ਰਮਾ ਦੀ ਮ੍ਰਿਤਕ ਦੇਹ ‘ਤੇ ਫੁੱਲ ਮਲਾਵਾਂ ਭੇਟ ਕਰਕੇ ਉਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
                 ਪਰਿਵਾਰ ਨਾਲ ਦੁੱਖ ਸਾਂਝਾ ਕਰਦੇ ਹੋਏ ਬਲਬੀਰ ਸਿੰਘ ਸਿੱਧੂ ਸਿਹਤ ਮੰਤਰੀ ਪੰਜਾਬ ਨੇ ਕਿਹਾ ਕਿ ਕੇਵਲ 53 ਸਾਲ ਦੀ ਉਮਰ ਵਿਚ ਕੋਰੋਨਾ ਕਾਰਨ ਮੌਤ ਦੇ ਮੂੰਹ ਜਾ ਪਏ ਡਾ. ਅਰੁਣ ਸ਼ਰਮਾ ਵਿਭਾਗ ਦੇ ਚੰਗੇ ਅਧਿਕਾਰੀ ਤੇ ਵਧੀਆ ਡਾਕਟਰ ਸਨ ਅਤੇ ਉਨਾਂ ਦੇ ਸਮੇਂ ਤੋਂ ਪਹਿਲਾਂ ਤੁਰ ਜਾਣ ਨਾਲ ਵਿਭਾਗ ਨੂੰ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ।ਸਿੱਧੂ ਨੇ ਕਿਹਾ ਕਿ ਮਾਰਚ ਦੇ ਮਹੀਨੇ ਤੋਂ ਉਹ ਕੋਰੋਨਾ ਵਿਰੁੱਧ ਜੰਗ ਵਿਚ ਦਿਨ-ਰਾਤ ਡਟੇ ਹੋਏ ਸਨ ਅਤੇ ਤਦ ਤੱਕ ਆਪਣਾ ਫਰਜ਼ ਨਿਭਾਉਂਦੇ ਰਹੇ, ਜਦ ਤੱਕ ਉਹ ਖ਼ੁਦ ਬਿਮਾਰ ਨਹੀਂ ਹੋ ਗਏ।ਉਨਾਂ ਦੱਸਿਆ ਕਿ ਪੰਜਾਬ ਸਰਕਾਰ ਉਨਾਂ ਦੇ ਇਲਾਜ਼ ਲਈ ਹਰ ਸੰਭਵ ਕੋਸ਼ਿਸ਼ ਕਰ ਰਹੀ ਸੀ ਅਤੇ ਅਸੀਂ ਉਨਾਂ ਨੂੰ ਏਅਰ ਐਬੂਲੈਂਸ ਰਾਹੀਂ ਮੇਦਾਂਤਾ ਜਾਂ ਪੀ.ਜੀ.ਆਈ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਕਿ ਇਹ ਭਾਣਾ ਵਾਪਰ ਗਿਆ।
                 ਸਰਧਾਂਜਲੀ ਭੇਟ ਕਰਨ ਲਈ ਪਹੁੰਚੇ ਓ ਪੀ ਸੋਨੀ ਨੇ ਮੀਡੀਆ ਨਾਲ ਗੱਲਬਾਤ ਕਰਦੇ ਡਾ. ਅਰੁਣ ਸ਼ਰਮਾ ਵੱਲੋਂ ਸੰਕਟ ਮੌਕੇ ਜਿਲ੍ਹਾ ਵਾਸੀਆਂ ਨੂੰ ਦਿੱਤੀਆਂ ਸੇਵਾਵਾਂ ਨੂੰ ਯਾਦ ਕਰਦੇ ਕਿਹਾ ਕਿ ਉਹ ਸੱਚਮੁੱਚ ਕਰੋਨਾ ਯੋਧਾ ਸਨ ਅਤੇ ਆਖਰੀ ਸਮੇਂ ਤੱਕ ਇਕ ਫੌਜੀ ਦੀ ਤਰਾਂ ਆਪਣੀ ਡਿਊਟੀ ‘ਤੇ ਡਟੇ ਰਹੇ।ਉਨਾਂ ਕਿਹਾ ਕਿ ਉਹ ਸ਼ਹਿਰ ਵਾਸੀਆਂ ਦੀ ਸੇਵਾ ਕਰਦੇ ਆਪਣੀ ਜਾਨ ਵਾਰ ਗਏ ਅਤੇ ਇਹ ਘਾਟਾ ਅਸੀਂ ਕਦੇ ਵੀ ਪੂਰਾ ਨਹੀਂ ਕਰ ਸਕਾਂਗੇ।
                ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਡਾ. ਅਰੁਣ ਸ਼ਰਮਾ ਨੇ ਅੰਮ੍ਰਿਤਸਰ ਤੋਂ ਹੀ ਪੜ੍ਹਾਈ ਕਰਕੇ ਲੰਮੇ ਸਮੇਂ ਤੱਕ ਵੱਖ-ਵੱਖ ਥਾਵਾਂ ਉਤੇ ਆਪਣੀਆਂ ਸੇਵਾਵਾਂ ਦਿੱਤੀਆਂ।ਉਨਾਂ ਕਿਹਾ ਕਿ ਅੰਮ੍ਰਿਤਸਰ ਵਿੱਚ ਬਲੱਡ ਬੈਂਕ ਸਥਾਪਤ ਕਰਨ ਮੌਕੇ ਵੀ ਬਤੌਰ ਵਿਸ਼ਾ ਮਾਹਿਰ ਉਨਾਂ ਨੇ ਵੱਡਮੁੱਲੀਆਂ ਸੇਵਾਵਾਂ ਦਿੱਤੀਆਂ।ਔਜਲਾ ਨੇ ਕਿਹਾ ਕਿ ਅੱਜ ਉਨਾਂ ਦੇ ਤੁਰ ਜਾਣ ਦਾ ਸਾਨੂੰ ਵੱਡਾ ਦੁੱਖ ਹੈ ਅਤੇ ਇਕ ਮਾਹਿਰ ਡਾਕਟਰ ਦਾ ਘਾਟਾ ਸਾਡਾ ਸ਼ਹਿਰ ਕਦੇ ਵੀ ਪੂਰਾ ਨਹੀਂ ਕਰ ਸਕੇਗਾ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …