Thursday, April 16, 2026

ਯਾਦਗਾਰੀ ਹੋ ਨਿਬੜਿਆ “ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ” ਸਮਾਗਮ

ਅੰਮ੍ਰਿਤਸਰ, 31 ਅਗਸਤ (ਦਪਿ ਦਵਿੰਦਰ ਸਿੰਘ) – ਸਮਰੱਥ ਕਹਾਣੀਕਾਰ ਦਲਬੀਰ ਚੇਤਨ ਦੀ ਯਾਦ ਨੂੰ ਸਮਰਪਿਤ “ਦਲਬੀਰ ਚੇਤਨ ਯਾਦਗਾਰੀ ਕਥਾ ਪੁਰਸਕਾਰ” ਪਲੇਠਾ ਸਮਾਗਮ ਚੇਤਨ ਪਰਿਵਾਰ ਵਲੋਂ ਬਲਕਾਰ ਸਿੰਘ ਜੰਮੂ ਦੇ ਗ੍ਰਹਿ ਨਿਊ ਅਮ੍ਰਿਤਸਰ ਵਿਖੇ ਅਯੋਜਿਤ ਕੀਤਾ ਗਿਆ।ਜਿਸ ਵਿਚ ਤ੍ਰਿਪਤਾ ਕੇ ਸਿੰਘ ਨੂੰ 31000/- ਰਾਸ਼ੀ ਨਾਲ ਪਹਿਲਾ ਅਤੇ ਅਨੇਮਨ ਸਿੰਘ ਨੂੰ ਗਿਆਰਾਂ ਹਜਾਰ ਰਾਸ਼ੀ ਨਾਲ ਦੂਜੇ ਪੁਰਸਕਾਰ ਨਾਲ ਸਨਮਾਨਿਆ ਗਿਆ।ਇਹ ਪੁਰਸਕਾਰ ਉਹਨਾਂ ਦੀਆਂ ਕਥਾ ਪੁਸਤਕਾਂ “ਇਕ ਦਿਨ” ਅਤੇ “ਨੂਰੀ” ਲਈ ਦਿੱਤਾ ਗਿਆ।
                  ਕਰੋਨਾ ਮਹਾਂਮਾਰੀ ਕਰਕੇ ਹੋਏ ਇਸ ਸੰਖੇਪ ਪਰ ਅਰਥ ਭਰਪੂਰ ਸਮਾਗਮ `ਚ ਸਵਾਗਤੀ ਸ਼ਬਦ ਕਹਿੰਦਿਆਂ ਡਾ. ਸਰਘੀ ਨੇ ਦੱਸਿਆ ਕਿ ਉਹਨਾਂ ਦੇ ਪਰਿਵਾਰ ਵਲੋਂ ਉਨਾ ਦੇ ਪਿਤਾ ਦੀ ਯਾਦ ਵਿੱਚ ਦਿੱਤਾ ਜਾਣ ਵਾਲਾ ਇਹ ਸਨਮਾਨ ਹਰ ਵਰ੍ਹੇ ਬੇਹਤਰੀਨ ਕਿਸੇ ਨਵ ਪ੍ਰਕਾਸ਼ਿਤ ਕਹਾਣੀ ਸੰਗ੍ਰਿਹ ਨੂੰ ਦਿੱਤਾ ਜਾਇਆ ਕਰੇਗਾ।
                  ਮੰਚ ਸੰਚਾਲਨ ਕਰਦਿਆਂ ਕਹਾਣੀਕਾਰ ਦੀਪ ਦੇਵਿੰਦਰ ਸਿੰਘ ਨੇ ਕਿਹਾ ਕਿ ਅਜਿਹੀ ਪਿਰਤ ਜਿਥੇ ਸਮਕਾਲ `ਚ ਲਿਖੀ ਜਾ ਰਹੀ ਕਹਾਣੀ ਲਈ ਸ਼ੁਭ ਸ਼ਗਨ ਹੈ, ਉਥੇ ਨਵੇਂ ਲੇਖਕਾਂ ਅੰਦਰ ਪੁਖਤਾ ਲਿਖਣ ਦੀ ਜਗਿਆਸਾ ਵੀ ਜਗਾਉਂਦੀ ਹੈ।ਸ਼ਾਇਰ ਦੇਵ ਦਰਦ ਨੇ ਕਿਹਾ ਕਿ ਦਲਬੀਰ ਚੇਤਨ ਹੁਰੀਂ ਆਪਣੀ ਲੇਖਣ ਸ਼ੈਲੀ ਦੇ ਨਾਲ ਨਾਲ ਜੀਵਨ ਸ਼ੈਲੀ ਵਿੱਚ ਬਹੁਮੁੱਲੀਆਂ ਮਾਨਵੀ ਕਦਰਾਂ ਕੀਮਤਾਂ ਦੇ ਧਾਰਨੀ ਸਨ।ਜਗਜੀਤ ਗਿਲ ਨੇ ਅਜੋਕੀ ਕਹਾਣੀ ਦੇ ਹਵਾਲੇ ਨਾਲ ਕਿਹਾ ਕਿ ਨਵੀਂ ਪੀੜ੍ਹੀ ਨੂੰ ਆਪਣੀ ਗਲਪ ਲੇਖਣੀ ਵਿੱਚ ਸਹਿਜ਼ਤਾ ਲਿਆਉਣੀ ਚਾਹੀਦੀ ਹੈ ਡਾ. ਸਤਨਾਮ ਰੰਧਾਵਾ ਨੇ ਆਪਣੇ ਜਜਮੈਂਟ ਦੇ ਤਜੱਰਬੇ ਵਿਚੋਂ ਦਸਿਆ ਕਿ ਨਿਰੋਆ ਸਾਹਿਤ ਪਰਖ ਪੜਚੋਲ ਚੋਂ ਨਿੱਤਰ ਕੇ ਸਾਹਮਣੇ ਆਉਂਦਾ ਹੈ।ਅਰਵਿੰਦਰ ਧਾਲੀਵਾਲ, ਗੁਰਬਾਜ਼ ਛੀਨਾ, ਹਰਮੀਤ ਆਰਟਿਸਟ, ਕੁਲਵੰਤ ਸਿੰਘ ਅਤੇ ਧਰਵਿੰਦਰ ਔਲਖ ਨੇ ਤ੍ਰਿਪਤਾ ਕੇ ਸਿੰਘ ਅਤੇ ਅਨੇਮਨ ਸਿੰਘ ਨੂੰ ਵਧਾਈ ਦੇਂਦਿਆਂ ਚੇਤਨ ਪਰਿਵਾਰ ਦੀ ਸ਼ਲਾਘਾ ਕੀਤੀ।
                        ਪਰਿਵਾਰ ਵਲੋਂ ਜਗਦੀਸ਼ ਸਿੰਘ ਚੇਤਨ ਨੇ ਧੰਨਵਾਦ ਕਰਦਿਆਂ ਆਪਣੇ ਵਿਹੜੇ ਵਿਚ ਲਗਦੀਆਂ ਰਹੀਆਂ ਅਦਬੀ ਮਹਿਫਲਾਂ ਦੀ ਯਾਦ ਵੀ ਤਾਜ਼ਾ ਕੀਤੀ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …