ਸੰਗਰੂਰ, 1 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ ਵਲੋਂ ਦਿੱਤੇ ਗਏ ਸੂਬਾ ਪੱਧਰੀ ਸੱਦੇ ‘ਤੇ ਵਿਦਿਆਰਥੀ ਮੰਗਾਂ ਸੰਬੰਧੀ ਬਰਨਾਲਾ
ਕੈਂਚੀਆਂ ਤੋਂ ਸ਼ਹਿਰ ਵਿੱਚ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮਾਰਚ ਕੀਤਾ ਗਿਆ ਅਤੇ ਡੀ.ਸੀ ਦਫਤਰ ਸੰਗਰੂਰ ਅੱਗੇ ਧਰਨਾ ਲਗਾ ਕੇ ਰਾਸ਼ਟਰਪਤੀ ਦੇ ਨਾਂ ਮੰਗ ਪੱਤਰ ਦਿੱਤਾ ਗਿਆ।
ਪ੍ਰੈਸ ਬਿਆਨ ਜਾਰੀ ਕਰਦਿਆਂ ਯੂਨੀਅਨ ਦੇ ਸੂਬਾ ਪ੍ਰਧਾਨ ਰਸ਼ਪਿੰਦਰ ਜਿੰਮੀ, ਸੂਬਾ ਸਕੱਤਰ ਮਨਜੀਤ ਸਿੰਘ, ਜਿਲ੍ਹਾ ਸਕੱਤਰ ਪਾਰਸਦੀਪ ਸਿੰਘ ਨੇ ਦੱਸਿਆ ਕਿ ਪੰਜਾਬ ਦੇ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦੇ 69.93 ਕਰੋੜ ਰੁਪਏ ਦਾ ਘਪਲਾ ਕੀਤਾ ਹੈ।ਦੂਜੇ ਪਾਸੇ ਦਲਿਤ ਵਿਦਿਆਰਥੀ ਪਿਛਲੇ ਪੰਜ ਸਾਲਾਂ ਤੋਂ ਵਜ਼ੀਫਿਆਂ ਦੀ ਉਡੀਕ ਕਰ ਰਹੇ ਹਨ।ਵਜ਼ੀਫ਼ੇ ਨਾ ਮਿਲਣ ਕਰਕੇ ਕਈ ਵਿਦਿਆਰਥੀਆਂ ਨੂੰ ਆਪਣੀ ਪੜਾਈ ਅੱਧ ਵਿਚਕਾਰ ਹੀ ਛੱਡਣੀ ਪਈ।ਇਸ ਲਈ ਸਾਧੂ ਸਿੰਘ ਧਰਮਸੋਤ ਨੂੰ ਤੁਰੰਤ ਸਾਰੇ ਅਹੁੱਦਿਆਂ ਤੋਂ ਬਰਖਾਸਤ ਕਰਕੇ ਉਸ ਦੀ ਜਾਇਦਾਦ ਜ਼ਬਤ ਕੀਤੀ ਜਾਵੇ।ਉਨਾਂ ਕਿਹਾ ਕਿ ਅਜੋਕੇ ਸਮੇਂ ਕਰੋਨਾ ਮਹਾਮਾਰੀ ਦੇ ਕਾਰਨ ਲੋਕਾਂ ਦੀ ਆਰਥਿਕਤਾ ਡਗਮਗਾ ਚੁੱਕੀ ਹੈ, ਜਿਸ ਕਰਕੇ ਵਿਦਿਆਰਥੀ ਆਪਣੀ ਫੀਸ ਨਹੀਂ ਭਰ ਸਕਦੇ।ਇਸ ਲਈ ਵਿਦਿਆਰਥੀਆਂ ਦੀ ਸਾਰੇ ਸਾਲ ਦੀ ਪੂਰੀ ਫੀਸ ਮੁਆਫ ਕੀਤੀ ਜਾਵੇ।
ਉਨਾਂ ਕਿਹਾ ਕਿ ਪਿਛਲੇ ਦਿਨਾਂ ‘ਚ ਕੇਂਦਰ ਸਰਕਾਰ ਵਲੋਂ ਪਾਸ ਕੀਤੀ ਗਈ ਨਵੀਂ ਸਿੱਖਿਆ ਨੀਤੀ ਸਿੱਖਿਆ ਦੇ ਨਿੱਜੀਕਰਨ, ਭਗਵਾਕਰਨ ਅਤੇ ਵਪਾਰੀਕਰਨ ਨੂੰ ਵਧਾਵਾ ਦੇਣ ਵਾਲੀ ਹੈ।ਇਸ ਨੀਤੀ ਦੇ ਰਾਹੀਂ ਸਿਲੇਬਸਾਂ ਵਿਚੋ ਧਰਮ-ਨਿਰਪੱਖਤਾ ਅਤੇ ਲੋਕਤੰਤਰ ਵਾਲੇ ਪਾਠਾਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ।ਇਸ ਲਈ ਇਸ ਨੀਤੀ ਨੂੰ ਫੌਰੀ ਰੱਦ ਕੀਤਾ ਜਾਵੇ।
ਉਨਾਂ ਕਿਹਾ ਕਿ ਆਨਲਾਈਨ ਕਲਾਸਾਂ ਦੇ ਨਾਂ ਹੇਠ ਵਿਦਿਆਰਥੀਆਂ ਤੋਂ ਫੀਸਾਂ ਵਸੂਲ ਕਰਕੇ ਕੀਤੀ ਜਾ ਰਹੀ ਲੁੱਟ ਫੋਰੀ ਬੰਦ ਹੋਵੇ।ਇਮਤਿਹਾਨਾਂ ਦੀ ਭਰੀ ਹੋਈ ਫੀਸ ਵਿਦਿਆਰਥੀਆਂ ਨੂੰ ਵਾਪਸ ਕੀਤੀ ਜਾਵੇ ਜਾਂ ਅਗਲੇ ਸਾਲ ਵਿੱਚ ਜੋੜੀ ਜਾਵੇ।ਪਹਿਲਾਂ ਤਾਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵਲੋਂ ਅਖੀਰਲੇ ਸਾਲ ਦੇ ਵਿਦਿਆਰਥੀਆਂ ਨੂੰ ਵੀ ਪਹਿਲੇ ਸਾਲ ਅਤੇ ਦੂਜੇ ਸਾਲ ਦੇ ਵਿਦਿਆਰਥੀਆਂ ਵਾਂਗ ਅਗਲੀ ਜਮਾਤ ਵਿੱਚ ਕੀਤੇ ਜਾਣ ਦਾ ਫੈਸਲਾ ਕੀਤਾ ਸੀ, ਪਰ ਹੁਣ ਯੂ.ਜੀ.ਸੀ ਦੇ ਫੈਸਲੇ ਮੁਤਾਬਿਕ ਅਖੀਰਲੇ ਸਾਲ ਦੇ ਵਿਦਿਆਰਥੀਆਂ ਦੇ ਇਮਤਿਹਾਨ ਲਏ ਜਾਣਗੇ।ਯੂਨੀਅਨ ਮੰਗ ਕਰਦੀ ਹੈ ਕਿ ਜੇਕਰ ਇਮਤਿਹਾਨ ਲੈਣੇ ਵੀ ਹਨ ਤਾਂ ਸਿਲੇਬਸ ਦੇ ਤੀਹ ਪ੍ਰਤੀਸ਼ਤ ਹਿੱਸੇ ਵਿੱਚੋਂ ਵਿੱਚੋਂ ਅੰਦਰੂਨੀ ਇਮਤਿਹਾਨ ਲਏ ਜਾਣ।
ਉਨਾਂ ਕਿਹਾ ਕਿ ਅੱਜ ਪੰਜਾਬੀ ਭਾਸ਼ਾ ਨੂੰ ਪੰਜਾਬ ਵਿੱਚ ਖੂੰਜ਼ੇ ਲਾਇਆ ਜਾ ਰਿਹਾ ਹੈ।ਅਦਾਲਤੀ ਕਾਰਜ਼ ਵਿਹਾਰ ਅਤੇ ਹੋਰ ਦਫ਼ਤਰੀ ਕੰਮਕਾਜ਼ ਅੰਗਰੇਜ਼ੀ ਵਿੱਚ ਹੀ ਹੁੰਦਾ ਹੈ।ਇਸ ਲਈ ਪੰਜਾਬੀ ਭਾਸ਼ਾ ਨੂੰ ਦਫ਼ਤਰੀ ਭਾਸ਼ਾ ਬਣਾਇਆ ਜਾਵੇ ਅਤੇ ਪੰਜਾਬੀ ਬੋਲੀ ਨੂੰ ਬਣਦਾ ਮਾਣ ਸਤਿਕਾਰ ਦਿ ਤਾ ਜਾਵੇ।ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਡੂੰਘੇ ਵਿੱਤੀ ਸੰਕਟ ਵੱਲ ਧਿਆਨ ਦੇ ਕੇ ਯੂਨੀਵਰਸਿਟੀ ਨੂੰ ਘੱਟੋ-ਘੱਟ 400 ਕਰੋੜ ਦੀ ਵਿਸ਼ੇਸ਼ ਵਿੱਤੀ ਸਹਾਇਤਾ ਦੀ ਲੋੜ ਹੈ।
ਜੇਕਰ ਵਿਦਿਆਰਥੀ ਮੰਗਾਂ ਵੱਲ ਤੁਰੰਤ ਧਿਆਨ ਨਾ ਦਿੱਤਾ ਤਾਂ ਆਉਣ ਵਾਲੇ ਦਿਨਾਂ ਵਿੱਚ ਸੰਘਰਸ਼ ਤੇਜ਼ ਕੀਤਾ ਜਾਵੇਗਾ।ਇਸ ਮੌਕੇ ਲਖਵਿੰਦਰ ਸਿੰਘ, ਸਤਨਾਮ ਸਿੰਘ, ਸੰਦੀਪ ਕੌਰ ਸਮੇਤ ਹੋਰ ਵਿਦਿਆਰਥੀ ਵੀ ਹਾਜ਼ਰ ਸਨ।
Check Also
ਖਾਲਸਾ ਕਾਲਜ ਸੈਨਿਕ ਸਕੂਲ ਦਾ ‘ਸੈਨਿਕ ਸਕੂਲ’ ਕਪੂਰਥਲਾ ਦੇ ਵਫ਼ਦ ਨੇ ਕੀਤਾ ‘ਪਹਿਲਾ ਨਿਰੀਖਣ’ ਦੌਰਾ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਸੈਨਿਕ ਸਕੂਲ ਵਿਖੇ ਵਿਦਿਆਰਥੀਆਂ ਨੂੰ ਉਚ …
Punjab Post Daily Online Newspaper & Print Media