Thursday, November 19, 2026

ਪਿੰਡ ਨਾਰੀਕੇ ਦੇ ਮੌਜ਼ੂਦਾ ਤੇ ਸਾਬਕਾ ਸਰਪੰਚ ਕੋਵਿਡ-19 ਟੈਸਟਿੰਗ ਦੇ ਹੱਕ ’ਚ ਨਿੱਤਰੇ

ਸਾਰੇ ਪਿੰਡ ਤੋਂ ਪਹਿਲਾਂ ਆਪਣੇ ਸੈਂਪਲ ਦੇ ਕੇ ਟੈਸਟਿੰਗ ਦੀ ਕਰਵਾਈ ਸ਼ੁਰੂਆਤ

ਸੰਗਰੂਰ, 2 ਸਤੰਬਰ (ਜਗਸੀਰ ਲੌਂਗੋਵਾਲ) – ਜਿਥੇ ਕੋਵਿਡ-19 ਟੈਸਟ ਦੇ ਵਿਰੋਧ ਵਿੱਚ ਅਫ਼ਵਾਹਾਂ ਫੈਲ ਰਹੀਆਂ ਹਨ।ਉਥੇ ਹੀ ਮਿਸ਼ਨ ਫ਼ਤਹਿ ਤਹਿਤ ਜ਼ਿਲਾ ਪ੍ਰਸ਼ਾਸਨ ਸੰਗਰੂਰ ਦੇ ਉਦਮਾਂ ਸਦਕਾ ਬਹੁਤ ਸਾਰੀਆਂ ਪੰਚਾਇਤਾਂ ਅਤੇ ਪਿੰਡਾਂ ਦੇ ਮੋਹਤਬਰ ਸਰਕਾਰ ਦੀ ਇਸ ਮੁਹਿੰਮ ਦਾ ਡੱਟਵਾਂ ਸਮਰਥਨ ਵੀ ਕਰ ਰਹੇ ਹਨ।ਇਸੇ ਮੁਹਿੰਮ ਤਹਿਤ ਸਬ-ਡਵੀਜਨ ਮਲੇਰਕੋਟਲਾ ਦੇ ਪਿੰਡ ਨਾਰੀਕੇ ਵਿਖੇ ਬਲਾਕ ਸੀ.ਐਚ.ਸੀ ਅਮਰਗੜ ਵਲੋਂ ਕੋਵਿਡ-19 ਦੀ ਸੈਂਪਲਿੰਗ ਲਈ ਲਗਾਏ ਗਏ ਕੈਂਪ ਦੌਰਾਨ ਮੌਜ਼ੂਦਾ ਤੇ ਸਾਬਕਾ ਸਰਪੰਚ ਨੇ ਪਹਿਲਾਂ ਆਪਣੇ ਸੈਂਪਲ ਕਰਵਾ ਕੇ ਲੋਕਾਂ ਨੂੰ ਮਹਾਂਮਾਰੀ ਤੋਂ ਬਚਾਅ ਲਈ ਵੱਧ-ਵੱਧ ਸੈਂਪਲ ਕਰਵਾਉਣ ਲਈ ਪ੍ਰੇਰਿਤ ਕੀਤਾ ਗਿਆ।ਸਰਪੰਚ ਲਾਲ ਸਿੰਘ, ਸਾਬਕਾ ਸਰਪੰਚ ਨਿਰਭੈ ਸਿੰਘ ਅਤੇ ਮਹਿੰਦਰ ਸਿੰਘ ਨੇ ਸਭ ਤੋਂ ਪਹਿਲਾਂ ਕੋਵਿਡ-19 ਦੀ ਸੈਂਪਿਗ ਲਈ ਆਪਣੇ ਸੈਂਪਲ ਦਿੱਤੇ।
                 ਨੋਡਲ ਅਫਸਰ ਰਣਬੀਰ ਸਿੰਘ ਢੰਡੇ ਨੇ ਦੱਸਿਆ ਕਿ ਕੋਰੋਨਾ ਦੀ ਸੈਪਲਿੰਗ ਵੇਲੇ ਘਬਰਾਉਣ ਦੀ ਲੋੜ ਨਹੀਂ, ਕਿਉਕਿ ਟੈਸਟ ਲੈਣ ਦੀ ਪ੍ਰਕਿਰਿਆ ਬਹੁਤ ਸੁਖਾਲੀ ਹੈ ਅਤੇ ਇਸ ਲਈ ਵਿਅਕਤੀ ਨੂੰ ਕਿਸੇ ਕਿਸਮ ਦੀ ਤਕਲੀਫ ਨਹੀਂ ਹੁੰਦੀ ਅਤੇ ਟੈਸਟ ਕਰਨ ਲਈ ਕੁੱਝ ਸਕਿੰਟਾਂ ਦਾ ਹੀ ਸਮਾਂ ਲੱਗਦਾ ਹੈ।ਉਨਾਂ ਕਿਹਾ ਕਿ ਖਾਂਸੀ, ਜ਼ੁਕਾਮ, ਹਲਕਾ ਬੁਖਾਰ, ਸਿਰ ਦਰਦ ਆਦਿ ਲੱਛਣ ਹੋਣ ਦੀ ਸੂਰਤ ’ਚ ਤੁਰੰਤ ਨੇੜਲੇ ਸਿਹਤ ਕੇਂਦਰ ਵਿਖੇ ਰਾਬਤਾ ਕਰਕੇ ਜਾਂਚ ਕਰਵਾਉਣੀ ਚਾਹੀਦੀ ਹੈ।ਜੇਕਰ ਕੋਈ ਵਿਅਕਤੀ ਪਾਜ਼ਿਟਿਵ ਆਉਂਦਾ ਹੈ ਤੇ ਨਿਰਧਾਰਤ ਸ਼ਰਤਾਂ ਦੀ ਪਾਲਣਾ ਕਰਕੇ ਉਸ ਨੂੰ ਘਰ ’ਚ ਹੀ ਇਕਾਂਤਵਾਸ ਕੀਤਾ ਜਾ ਸਕਦਾ ਹੈ।
                  ਸਿਹਤ ਵਿਭਾਗ ਦੀ ਟੀਮ ਡਾ. ਸ਼ਾਹਿਦ ਪ੍ਰਵੇਜ਼, ਡਾ. ਕੁਸਮ ਬੱਗਾ, ਸਿਹਤ ਸੁਪਰਵਾਈਜ਼ਰ ਪਰਮਜੀਤ ਸਿੰਘ, ਸਿਹਤ ਵਰਕਰ ਗੁਰਜਿੰਦਰ ਸਿੰਘ, ਬੂਟਾ ਖਾਂ ਅਤੇ ਸੁਖਜੀਤ ਸਿੰਘ ਵੱਲੋਂ ਲੋਕਾਂ ਨੂੰ ਮਾਸਕ ਪਾਉਣ, ਵਾਰ-ਵਾਰ ਹੱਥਾਂ ਦੀ ਸਫ਼ਾਈ ਕਰਨ ਅਤੇ ਸਾਮਾਜਿਕ ਦੂਰੀ ਦਾ ਵਿਸ਼ੇਸ਼ ਖਿਆਲ ਰੱਖਣ ਲਈ ਜਾਗਰੂਕ ਕੀਤਾ ਗਿਆ।

Check Also

ਖਾਲਸਾ ਕਾਲਜ ਵਿਖੇ ਵਿਰਾਸਤੀ ਕਲਾਵਾਂ ਸਬੰਧੀ ਇਕ ਰੋਜ਼ਾ ਵਰਕਸ਼ਾਪ ਲਗਾਈ

ਅੰਮ੍ਰਿਤਸਰ, 18 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਯੂਥ ਵੈਲਫੇਅਰ ਵਿਭਾਗ ਵੱਲੋਂ ਪੰਜਾਬ …