Sunday, April 5, 2026

ਮਿਸ਼ਨ ਫ਼ਤਹਿ – ਜਿਲਾ ਮੈਜਿਸਟ੍ਰੇਟ ਸੰਗਰੂਰ ਵਲੋਂ ਅਨਲਾਕ-4 ਤਹਿਤ ਹਦਾਇਤਾਂ ਜਾਰੀ

ਮਿਊਂਸਪਲ ਹੱਦਾਂ ’ਚ ਸ਼ਨੀਵਾਰ ਤੇ ਐਤਵਾਰ ਨੂੰ ਕਰਫਿਊ ਰਹੇਗਾ ਜਾਰੀ

ਸੰਗਰੂਰ, 3 ਸਤੰਬਰ (ਜਗਸੀਰ ਲੌਂਗੋਵਾਲ) – ਪੰਜਾਬ ਸਰਕਾਰ ਵਲੋਂ ਮਿਸ਼ਨ ਫ਼ਤਹਿ ਤਹਿਤ ਜਾਰੀ ਅਨਲਾਕ-4 ਦੀਆਂ ਹਦਾਇਤਾਂ ਦੀ ਲਗਾਤਾਰਤਾ ’ਚ ਜ਼ਿਲਾ ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ ਨੇ ਹੁਕਮ ਜਾਰੀ ਕੀਤੇ ਹਨ ਜੋ ਕਿ 1 ਸਤੰਬਰ ਤੋਂ 30 ਸਤੰਬਰ ਤੱਕ ਲਾਗੂ ਰਹਿਣਗੇ।ਜ਼ਿਲਾ ਮੈਜਿਸਟ੍ਰੇਟ ਵਲੋਂ ਸੀ.ਆਰ.ਪੀ.ਸੀ ਦੀ ਧਾਰਾ 144 ਤਹਿਤ ਜਾਰੀ ਕੀਤੇ ਹੁਕਮਾਂ ਅਨੁਸਾਰ ਸ਼ਨੀਵਾਰ ਅਤੇ ਐਤਵਾਰ ਨੂੰ ਮਿਊਂਸਿਪਲ ਹੱਦਾਂ ਅੰਦਰ 30 ਸਤੰਬਰ ਤੱਕ ਟੋਟਲ ਕਰਫਿਊ ਜਾਰੀ ਰਹੇਗਾ ਅਤੇ ਗ਼ੈਰ-ਜ਼ਰੂਰੀ ਗਤੀਵਿਧੀਆਂ ਲਈ ਸ਼ਾਮ 7 ਵਜੇ ਤੋਂ ਸਵੇਰੇ 5 ਵਜੇ ਤੱਕ ਹਫ਼ਤੇ ਦੇ ਸਾਰੇ ਦਿਨਾਂ ਦੌਰਾਨ ਮੂਵਮੈਂਟ ’ਤੇ ਪਾਬੰਦੀ ਰਹੇਗੀ ।
ਹੁਕਮਾਂ ਅਨੁਸਾਰ ਜ਼ਰੂਰੀ ਗਤੀਵਿਧੀਆਂ ਅਤੇ ਸੇਵਾਵਾਂ ਲਈ ਕੌਮੀ ਅਤੇ ਸੂਬਾਈ ਮਾਰਗਾਂ ’ਤੇ ਲੋਕਾਂ ਅਤੇ ਵਾਹਨਾਂ ਦੀ ਗਤੀਵਿਧੀ ਜਾਰੀ ਰੱਖੀ ਜਾ ਸਕੇਗੀ, ਜਦਕਿ ਬੱਸਾਂ, ਰੇਲਾਂ ਜਾਂ ਹਵਾਈ ਸਫਰ ਵਾਲੇ ਮੁਸਾਫਰ ਇਸ ਦੌਰਾਨ ਆਪਣੀ ਮੰਜ਼ਿਲ ਤੱਕ ਪੁੱਜ ਸਕਦੇ ਹਨ।ਸਿਹਤ, ਖੇਤੀਬਾੜੀ, ਡੇਅਰੀ, ਮੱਛੀ ਪਾਲਣ, ਬੈਂਕ, ਏ.ਟੀ.ਐਮ, ਸ਼ੇਅਰ ਬਜ਼ਾਰ, ਬੀਮਾ ਕੰਪਨੀਆਂ, ਆਨਲਾਈਨ ਪੜਾਈ, ਜਨਤਕ ਸਹੂਲਤਾਂ, ਵੱਖ-ਵੱਖ ਸ਼ਿਫਟਾਂ ’ਚ ਉਦਯੋਗਾਂ ਲਈ ਜਨਤਕ ਟਰਾਂਸਪੋਰਟ, ਕੰਸਟਰੱਕਸ਼ਨ ਸਨਅਤ, ਨਿੱਜੀ ਤੇ ਸਰਕਾਰੀ ਦਫਤਰ ਆਦਿ ਇਨਾਂ ਪਾਬੰਦੀਆਂ ਤੋਂ ਬਾਹਰ ਰੱਖੇ ਗਏ ਹਨ। ਯੂਨੀਵਰਸਿਟੀਆਂ/ਬੋਰਡਾਂ, ਲੋਕ ਸੇਵਾ ਕਮਿਸ਼ਨ ਅਤੇ ਹੋਰ ਸੰਸਥਾਵਾਂ ਦੇ ਇਮਤਿਹਾਨਾਂ ਜਾਂ ਦਾਖਲੇ ਨਾਲ ਜੁੜੇ ਲੋਕਾਂ ਅਤੇ ਵਿਦਿਆਰਥੀਆਂ ‘ਤੇ ਵੀ ਇਹ ਪਾਬੰਦੀ ਲਾਗੂ ਨਹੀਂ ਹੋਵੇਗੀ।
             ਇਸ ਤੋਂ ਇਲਾਵਾ ਸਾਰੀਆਂ ਦੁਕਾਨਾਂ, ਜ਼ਰੂਰੀ ਵਸਤਾਂ ਵਾਲੇ ਮਾਲ, ਧਾਰਮਿਕ ਸਥਾਨ, ਖੇਡ ਸਟੇਡੀਅਮ/ਜਨਤਕ ਕੰਪਲੈਕਸ, ਰੈਸਟੋਰੈਂਟ, ਹੋਟਲ ਅਤੇ ਸ਼ਰਾਬ ਦੀਆਂ ਦੁਕਾਨਾਂ ਸੋਮਵਾਰ ਤੋਂ ਐਤਵਾਰ ਤੱਕ ਸ਼ਾਮੀ ਸਾਢੇ 6 ਵਜੇ ਤੱਕ ਖੁੱਲੀਆਂ ਰੱਖੀਆਂ ਜਾ ਸਕਦੀਆਂ ਹਨ।ਜਦਕਿ ਸਾਰੀਆਂ ਗੈਰ ਜ਼ਰੂਰੀ ਵਸਤਾਂ ਵਾਲੀਆਂ ਦੁਕਾਨਾਂ ਤੇ ਮਾਲ ਸ਼ਨੀਵਾਰ ਅਤੇ ਐਤਵਾਰ ਬੰਦ ਰਹਿਣਗੇ।
             ਚਾਰ ਪਹੀਆ ਵਾਹਨਾਂ ’ਚ ਡਰਾਇਵਰ ਸਮੇਤ ਤਿੰਨ ਵਿਅਕਤੀ ਸਫ਼ਰ ਕਰ ਸਕਦੇ ਹਨ ਜਦਕਿ ਬੱਸਾਂ ਅਤੇ ਜਨਤਕ ਟਰਾਂਸਪੋਰਟ ਵਾਹਨਾਂ ’ਚ ਅੱਧੀਆਂ ਸੀਟਾਂ ਹੀ ਭਰੀਆਂ ਜਾ ਸਕਦੀਆਂ ਹਨ।ਹਰ ਤਰਾਂ ਦੇ ਸਮਾਜਿਕ, ਸਿਆਸੀ, ਧਾਰਮਿਕ, ਰੋਸ ਵਿਖਾਵਿਆਂ ਅਤੇ ਧਰਨਿਆਂ ’ਤੇ ਪਾਬੰਦੀ ਲਗਾਈ ਗਈ ਹੈ। ਸਿਰਫ਼ ਵਿਆਹ ਅਤੇ ਅੰਤਿਮ ਸੰਸਕਾਰ ਮੌਕੇ ਕ੍ਰਮਵਾਰ 30 ਅਤੇ 20 ਵਿਅਕਤੀ ਇਕੱਠੇ ਹੋ ਸਕਦੇ ਹਨ।
               ਮਹੀਨੇ ਦੇ ਅੰਤ ਤੱਕ ਸਰਕਾਰੀ ਅਤੇ ਨਿੱਜੀ ਦਫਤਰਾਂ ਵਿੱਚ 50 ਫੀਸਦੀ ਸਟਾਫ ਦੇ ਹਾਜ਼ਰ ਰਹਿਣ ਲਈ ਹੁਕਮ ਜਾਰੀ ਕੀਤੇ ਗਏ ਹਨ।ਦਫਤਰਾਂ ’ਚ ਮੁਲਾਕਾਤ/ਕੰਮ ਲਈ ਆਉਣ ਵਾਲਿਆਂ ਨੂੰ ਆਪਣਾ ਕੰਮ ਆਨਲਾਈਨ ਕਰਵਾਉਣ ਅਤੇ ਪੰਜਾਬ ਸ਼ਿਕਾਇਤ ਨਿਵਾਰਣ ਸਿਸਟਮ (ਪੀ.ਜੀ.ਆਰ.ਐਸ) ਦੀ ਵਰਤੋਂ ਨੂੰ ਉਤਸ਼ਾਹਿਤ ਕਰਨ ਲਈ ਵਿਭਾਗ ਮੁਖੀਆਂ ਨੂੰ ਹਦਾਇਤਾਂ ਦਿੱਤੀਆਂ ਗਈਆਂ ਹਨ।
                  ਹੁਕਮਾਂ ’ਚ ਇਹ ਵੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਨਾਂ ਹਦਾਇਤਾਂ ਦੀ ਉਲੰਘਣਾ ਕਰਦਾ ਹੈ ਤਾਂ ਉਸ ਵਿਰੁੱਧ ਬਣਦੀ ਕਾਨੂੰਨੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …