Tuesday, April 7, 2026

ਛੀਨਾ ਨੇ ਪੁਸਤਕ ‘ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ’ ਕੀਤੀ ਲੋਕ ਅਰਪਿਤ

ਅੰਮ੍ਰਿਤਸਰ, 8 ਸਤੰਬਰ (ਖੁਰਮਣੀਆਂ) – ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ ਫ਼ਾਰਸੀ ’ਚ ਲਿਖਿਆ ਹੋਇਆ ਹੈ। ਡਾ. ਗੰਡਾ ਸਿੰਘ ਨੇ ਇਸ ਨੂੰ ਸੰਨ 1939 ਈ: ’ਚ ਖ਼ਾਲਸਾ ਕਾਲਜ ਦੇ ‘ਸਿੱਖ ਇਤਿਹਾਸ ਖੋਜ ਵਿਭਾਗ’ ਵਲੋਂ ਪ੍ਰਕਾਸ਼ਿਤ ਕੀਤਾ ਸੀ।ਉਸ ਸਮੇਂ ਡਾ. ਗੰਡਾ ਸਿੰਘ ਇਸ ਵਿਭਾਗ ਦੇ ਇੰਚਾਰਜ਼ ਸਨ।ਇਹ ਜੰਗਨਾਮਾ ਸਭ ਤੋਂ ਪਹਿਲਾਂ ‘ਫ਼ੁਲਵਾੜੀ’ (1929 ਈ:) ਰਸਾਲੇ ’ਚ ਕਰਮ ਸਿੰਘ ਵਲੋਂ ਸਾਹਮਣੇ ਰੱਖਿਆ ਗਿਆ।ਅੱਜ ਇੱਥੇ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ‘ਕਾਜ਼ੀ ਨੂਰ ਮੁਹੰਮਦ ਦਾ ਜੰਗਨਾਮਾ’ ਪੁਸਤਕ ਖ਼ਾਲਸਾ ਕਾਲਜ ਵਲੋਂ ਮੁੜ ਪ੍ਰਕਾਸ਼ਿਤ ਕਰਕੇ, ਲੋਕ ਅਰਪਿਤ ਕਰਨ ਸਮੇਂ ਇਹ ਜਾਣਕਾਰੀ ਸਾਂਝੀ ਕੀਤੀ।ਉਨ੍ਹਾਂ ਨਾਲ ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ, ਸਿੱਖ ਇਤਿਹਾਸ ਖੋਜ ਕੇਂਦਰ ਦੇ ਸਾਬਕਾ ਮੁੱਖੀ ਤੇ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵੀ ਮੌਜ਼ੂਦ ਸਨ।
                  ਛੀਨਾ ਨੇ ਉਕਤ ਪੁਸਤਕ ਦੇ ਯੋਗਦਾਨ ਲਈ ਪ੍ਰਿੰਸੀਪਲ ਡਾ. ਮਹਿਲ ਸਿੰਘ ਦੇ ਸੁਚੱਜੀ ਅਗਵਾਈ ਤੇ ਦੂਰਅੰਦੇਸ਼ੀ ਸਦਕਾ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਜੰਗਨਾਮਾ ਮੁੱਖ ਰੂਪ ’ਚ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਅਤੇ ਉਸ ਦੇ ਸਹਿਯੋਗੀਆਂ ਦੇ ਹਮਲਿਆਂ ਨਾਲ ਸਬੰਧਤ ਹੈ।ਇਸ ’ਚ ਸਿੱਖਾਂ ਵਲੋਂ ਅਬਦਾਲੀ ਨੂੰ ਕਰਾਰੀ ਹਾਰ ਅਤੇ ਉਸ ਦੇ ਭਾਰਤ ’ਤੇ ਹਮਲਿਆਂ ਨੂੰ ਚੁਣੌਤੀ ਦੇਣ ਸਬੰਧੀ ਵਰਨਣ ਕੀਤਾ ਗਿਆ ਹੈ।ਉਨ੍ਹਾਂ ਕਿਹਾ ਕਿ ਇਹ ਲਿਖ਼ਤ ਡਾ. ਗੰਡਾ ਸਿੰਘ ਨੂੰ ਭਾਈ ਵੀਰ ਸਿੰਘ ਰਾਹੀਂ ਸੰਨ 1932 ’ਚ ਹਾਸਲ ਹੋਈ ਸੀ।ਡਾ. ਗੰਡਾ ਸਿੰਘ ਨੇ ਇਸ ਦੇ ਫ਼ਾਰਸੀ ਮੂਲ ਦੇ ਨਾਲ ਸੰਖੇਪ ਅੰਗਰੇਜ਼ੀ ਤਰਜਮਾ ਵੀ ਸ਼ਾਮਿਲ ਕੀਤਾ ਹੈ।ਇਸ ਕਰਕੇ ਫ਼ਾਰਸੀ ਤੋਂ ਅਣਜਾਨ ਪਾਠਕ ਵੀ ਇਸ ਲਿਖ਼ਤ ਤੋਂ ਜਾਣੂ ਹੋ ਸਕਦੇ ਹਨ।
                ਆਨਰੇਰੀ ਸਕੱਤਰ ਛੀਨਾ ਨੇ ਦੱਸਿਆ ਕਿ ਨੂਰ ਮੁਹੰਮਦ ਆਪਣੇ ਸੰਬੋਧਨ ’ਚ ਤਾਂ ਸਿੱਖਾਂ ਲਈ ਨਿਮਨ ਜਾਂ ਹੀਣੀ ਕਿਸਮ ਦੇ ਵਿਸ਼ਲੇਸ਼ਣ ਵਰਤਦਾ ਹੈ, ਪਰ ਲੜਾਈ ਦੇ ਵਰਣਨ ਪ੍ਰਤੀ ਦੋਵਾਂ ਧਿਰਾਂ ਦਾ ਅਸਲ ਤੱਥ ਸੱਚ ਹੀ ਉਭਰਦਾ ਹੈ।ਸਿੱਖਾਂ ਨੇ ਆਪਣੀ ਘੱਟਗਿਣਤੀ ਨਾਲ ਵੀ ਲੜਾਈਆਂ ’ਚ ਅਫ਼ਗਾਨੀ ਹਮਲਾਵਰਾਂ ਨੂੰ ਮਾਤ ਦਿੱਤੀ ਸੀ।ਉਨ੍ਹਾਂ ਕਿਹਾ ਕਿ ਹਰੇਕ ਨੂੰ ਅਜਿਹੀਆਂ ਪੁਸਤਕਾਂ ਨੂੰ ਪੜ੍ਹਣਾ ਚਾਹੀਦਾ ਹੈ ਕਿਉਂਕਿ ਅਜਿਹੀਆਂ ਪੁਸਤਕਾਂ ਨਾਲ ਸਾਨੂੰ ਆਪਣੇ ਇਤਿਹਾਸ ਤੋਂ ਇਲਾਵਾ ਵਿਰਸੇ ਪ੍ਰਤੀ ਭਰਪੂਰ ਜਾਣਕਾਰੀ ਹਾਸਲ ਹੁੰਦੀ ਹੈ ਅਤੇ ਆਉਣ ਵਾਲੀ ਪੀੜ੍ਹੀ ਨੂੰ ਆਪਣੀ ਗੌਰਵਮਈ ਇਤਿਹਾਸ ਦਾ ਗਿਆਨ ਹੁੰਦਾ ਹੈ।
                ਡਾ. ਮਹਿਲ ਸਿੰਘ ਨੇ ਪੁਸਤਕ ਬਾਰੇ ਚਾਨਣਾ ਪਾਉਂਦਿਆਂ ਦੱਸਿਆ ਕਿ ਇਹ ਜੰਗਨਾਮਾ ਕਾਜੀ ਨੂਰ ਮੁਹੰਮਦ ਦਾ ਅੱਖੀਂ ਡਿੱਠਾ ਹਾਲ ਹੈ।ਨੂਰ ਮੁਹੰਮਦ ਆਪਣੇ ਵੇਲੇ ਦੀ ਅਫ਼ਗਾਨੀ ਹਕੂਮਤ ਦਾ ਸਿਪਾਹ ਸਲਾਰ ਸੀ।ਉਸ ਦੇ ਦੱਸਣ ਮੁਤਾਬਿਕ ਉਸ ਦੇ ਇੱਕ ਹੱਥ ’ਚ ਕਲਮ ਅਤੇ ਇੱਕ ਹੱਥ ’ਚ ਤਲਵਾਰ ਸੀ।ਇਸ ਵਿਚ ਦੱਸੇ ਗਏ ਵਾਕਿਆਤ ਸੰਨ 1764 ਈ: ਸਮੇਂ ਦੇ ਹਨ।ਇਹ ਸਮਾਂ ਅਹਿਮਦ ਸ਼ਾਹ ਦੁਰਾਨੀ (ਅਬਦਾਲੀ) ਦੇ ਸੱਤਵੇਂ ਹਮਲੇ ਦਾ ਹੈ, ਜੋ ਕਿ ਪੁਸਤਕਾਂ ਦੇ ਪ੍ਰੇਮੀ ਅਤੇ ਹੋਰਨਾਂ ਲਈ ਇਤਿਹਾਸ ਨੂੰ ਭਰਪੂਰ ’ਤੇ ਜਾਣਨ ਲਈ ਲਾਹੇਵੰਦ ਪੁਸਤਕ ਸਾਬਿਤ ਹੋਵੇਗੀ।
                      ਡਾ. ਗੋਗੋਆਣੀ ਨੇ ਕਿਹਾ ਕਿ ਉਕਤ ਪੁਸਤਕ ’ਚ ਨੂਰ ਮੁਹੰਮਦ ਜਦ 2 ਧਿਰਾਂ ਦੀ ਟੱਕਰ ਪੇਸ਼ ਕਰਦਾ ਹੈ ਤਾਂ ਸਿੱਖਾਂ ਦੇ ਜੰਗਜ਼ੂ ਵਿਹਾਰ ਤੇ ਬਹਾਦਰੀ ਦਾ ਸੱਚ ਵਾਰ ਵਾਰ ਸਾਹਮਣੇ ਆਉਂਦਾ ਹੈ।ਉਸ ਸਮੇਂ ਸਿੱਖ ਆਪਣੀਆਂ ਲੁਕਣਗਾਹਾਂ ’ਚ ਛੋਟੇ ਛੋਟੇ ਗਰੁੱਪਾਂ ਜਾਂ ਟੋਲੀਆਂ ’ਚ ਵੰਡੇ ਹੋਏ ਸਨ।ਅਫ਼ਗਾਨੀ ਹਮਲਾਵਰ ਆਪਣੀ ਪੂਰੀ ਫ਼ੌਜ ਦੀ ਵੱਡੀ ਤਾਕਤ ਨਾਲ ਸਿੱਖਾਂ ’ਤੇ ਹਮਲਾ ਕਰਦੇ ਸਨ।ਸਿੱਖ ਫ਼ਿਰ ਵੀ ਆਪਣੀ ਭਾਵਨਾ ਤੇ ਜੰਗਜ਼ੂ ਪੈਂਤੜਿਆਂ ਕਾਰਨ ਅਫ਼ਗਾਨਾਂ ’ਤੇ ਭਾਰੂ ਪੈਂਦੇ ਸਨ ਅਤੇ ਕਈ ਵਾਰੀ ਸਿੱਖ ਜੰਗ ਦੌਰਾਨ ਜੁਗਤ ਵਜੋਂ ਪਿੱਛੇ ਵੀ ਹਟ ਜਾਂਦੇ ਸਨ। ਇਸ ਦਾ ਬਾਖੂਬੀ ਵਰਨਣ ਬਹੁਤ ਹੀ ਪ੍ਰਭਾਵਸ਼ਾਲੀ ਸ਼ਬਦਾਂ ’ਚ ਕੀਤਾ ਗਿਆ ਹੈ।ਜਿਸ ਲਈ ਪ੍ਰਿੰਸੀਪਲ ਡਾ. ਮਹਿਲ ਸਿੰਘ ਤੇ ਉਨ੍ਹਾਂ ਦੀ ਟੀਮ ਨੇ ਸਲਾਹੁਣਯੋਗ ਕਾਰਜ਼ ਕੀਤਾ ਹੈ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …