Thursday, September 19, 2024

ਸ੍ਰੀ ਦਰਬਾਰ ਸਾਹਿਬ ਲਈ ਵਿਦੇਸ਼ਾਂ ਤੋਂ ਮਾਇਆ ਭੇਜਣ ਦੀ ਕੇਂਦਰੀ ਪ੍ਰਵਾਨਗੀ ਦਾ ਲੌਂਗੋਵਾਲ ਵੱਲੋਂ ਸਵਾਗਤ

ਨਰਿੰਦਰ ਮੋਦੀ, ਅਮਿਤ ਸ਼ਾਹ ਤੇ ਬੀਬਾ ਹਰਸਿਮਰਤ ਕੌਰ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 10 ਸਤੰਬਰ (ਗੁਰਪ੍ਰੀਤ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਲੰਗਰ ਅਤੇ ਹੋਰ ਸੇਵਾ ਕਾਰਜ਼ਾਂ ਲਈ ਵਿਦੇਸ਼ਾਂ ਦੀ ਸੰਗਤ ਨੂੰ ਮਾਇਆ ਭੇਜਣ ਦੀ ਭਾਰਤ ਸਰਕਾਰ ਵੱਲੋਂ ਦਿੱਤੀ ਗਈ ਇਜਾਜ਼ਤ ਦਾ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਸਵਾਗਤ ਕੀਤਾ ਹੈ।
                  ਉਨ੍ਹਾਂ ਆਖਿਆ ਕਿ ਹੁਣ ਭਾਰਤ ਦੇ ਨਾਲ-ਨਾਲ ਹੋਰਨਾਂ ਦੇਸ਼ਾਂ ਤੋਂ ਵੀ ਸੰਗਤਾਂ ਸ਼ਰਧਾ ਨਾਲ ਸਿੱਧੀ ਮਾਇਆ ਭੇਜ ਸਕਣਗੀਆਂ। ਸ਼੍ਰੋਮਣੀ ਕਮੇਟੀ ਦੇ ਮੁੱਖ ਦਫ਼ਤਰ ਵਿਖੇ ਪੁੱਜੇ ਭਾਈ ਲੌਂਗੋਵਾਲ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਬੀਤੇ ਅਰਸੇ ਤੋਂ ਇਸ ਸਬੰਧ ਵਿਚ ਕਾਰਵਾਈ ਕੀਤੀ ਜਾ ਰਹੀ ਸੀ, ਜਿਸ ਦੇ ਚੱਲਦਿਆਂ ਭਾਰਤ ਸਰਕਾਰ ਦੇ ਗ੍ਰਹਿ ਵਿਭਾਗ ਵੱਲੋਂ ਐਫ.ਸੀ.ਆਰ.ਏ (ਫਾਰੇਨ ਕੰਟ੍ਰੀਬਿਊਸ਼ਨ ਰੈਗੂਲੇਸ਼ਨ ਐਕਟ) ਤਹਿਤ ਰਜਿਸਟ੍ਰੇਸ਼ਨ ਦਿੱਤੀ ਗਈ ਹੈ।ਕਮੇਟੀ ਪ੍ਰਧਾਨ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੌਰ ਬਾਦਲ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਨਾਲ ਵਿਦੇਸ਼ਾਂ ਦੀਆਂ ਸੰਗਤਾਂ ਦੀ ਚਿਰਾਂ ਤੋਂ ਚੱਲ ਰਹੀ ਮੰਗ ਪੂਰੀ ਹੋਈ ਹੈ।ਲੌਂਗੋਵਾਲ ਨੇ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਲਈ ਮਾਇਆ ਭੇਟ ਕਰਨ ਵਾਲੀਆਂ ਵਿਦੇਸ਼ਾਂ ਦੀਆਂ ਸੰਗਤਾਂ ਲਈ ਖਾਤੇ ਸਬੰਧੀ ਜਾਣਕਾਰੀ ਵੈਬਸਾਈਟ ’ਤੇ ਉਪਲੱਬਧ ਹੋਵੇਗੀ, ਜਿਸ ਅਨੁਸਾਰ ਮਾਇਆ ਭੇਜੀ ਜਾ ਸਕਦੀ ਹੈ।
                  ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਭਾਈ ਰਜਿੰਦਰ ਸਿੰਘ ਮਹਿਤਾ, ਮੈਂਬਰ ਭਾਈ ਮਨਜੀਤ ਸਿੰਘ, ਸਕੱਤਰ ਮਹਿੰਦਰ ਸਿੰਘ ਆਹਲੀ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਸ਼੍ਰੋਮਣੀ ਕਮੇਟੀ ਦੇ ਬੁਲਾਰੇ ਕੁਲਵਿੰਦਰ ਸਿੰਘ ਰਮਦਾਸ, ਸਕੱਤਰ ਸਿੰਘ, ਸਿਮਰਜੀਤ ਸਿੰਘ ਕੰਗ ਆਦਿ ਮੌਜੂਦ ਸਨ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …