ਅੰਮ੍ਰਿਤਸਰ, 14 ਸਤੰਬਰ (ਖੁਰਮਣੀਆਂ) – ਖ਼ਾਲਸਾ ਕਾਲਜ ਵਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਅੰਗੇਰਜ਼ੀ ਵਿਭਾਗ ਦੇ ਸਾਬਕਾ ਮੁਖੀ ਅਤੇ ਪ੍ਰੋਫੈਸਰ ਡਾ.
ਪਰਮਿੰਦਰ ਸਿੰਘ ਦੀ ਜੀਵਨ ਸਾਥਣ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਦੇ ਪੰਜਾਬੀ ਵਿਭਾਗ ਦੀ ਸਾਬਕਾ ਪ੍ਰੋਫੈਸਰ ਡਾ. ਸਤਿੰਦਰ ਕੌਰ ਔਲਖ ਦੀ ਬਲੱਡ ਕੈਂਸਰ ਦੀ ਬਿਮਾਰੀ ਕਾਰਨ ਹੋਈ ਅਚਨਚੇਤੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕਰਨ ਲਈ ਇਕ ਸ਼ੋਕ ਸਭਾ ਕੀਤੀ ਗਈ।
ਕਾਲਜ ਦੇ ਪੰਜਾਬੀ ਵਿਭਾਗ ਵਿਖੇ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ਼ੋਕ ਸਭਾ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪ੍ਰੋ. ਪਰਮਿੰਦਰ ਸਿੰਘ ਅਤੇ ਪ੍ਰੋਫੈਸਰ ਸਤਿੰਦਰ ਕੌਰ ਇਕ ਮਿਸਾਲੀ ਅਧਿਆਪਕ ਜੋੜੀ ਸੀ, ਜਿਸ ’ਚੋਂ ਥੋੜੇ ਸਮੇਂ ਦੀ ਬਿਮਾਰੀ ਬਾਅਦ ਮੈਡਮ ਦੇ ਤੁਰ ਜਾਣ ਦਾ ਬੇਹੱਦ ਦੁੱਖ ਹੈ।ਉਨ੍ਹਾਂ ਕਿਹਾ ਕਿ ਮੈਡਮ ਨੇ ਲੰਮੀ ਸਰਵਿਸ ਦੌਰਾਨ ਕਈ ਵਿਦਿਆਰਥੀਆਂ ਨੂੰ ਪੀ.ਐਚ.ਡੀ. ਅਤੇ ਐਮ. ਫਿਲ.ਦੀ ਖੋਜ ਕਰਵਾਈ ਸੀ।ਪ੍ਰੋ: ਸਤਿੰਦਰ ਕੌਰ ਦੇ ਸੁਖਾਵੇਂ ਸਾਥ ਕਰਕੇ ਹੀ ਡਾ. ਪਰਮਿੰਦਰ ਸਿੰਘ ਅਧਿਆਪਨ ਦੇ ਨਾਲ ਨਾਲ ਕਈ ਸਮਾਜਿਕ ਸੰਗਠਨਾਂ ’ਚ ਵੀ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ।ਕਾਲਜ ਦਾ ਪੰਜਾਬੀ ਵਿਭਾਗ ਇਸ ਦੁੱਖ ਦੀ ਘੜੀ ’ਚ ਪਰਿਵਾਰ ਦੇ ਨਾਲ ਖੜਾ ਹੈ।
ਵਿਭਾਗ ਮੁਖੀ ਡਾ. ਅਤਮ ਸਿੰਘ ਰੰਧਾਵਾ ਨੇ ਕਿਹਾ ਕਿ ਡਾ. ਸਤਿੰਦਰ ਕੌਰ ਔਲਖ ਨੇ ਉਘੇ ਵਿਦਵਾਨ ਡਾ. ਹਰਜੀਤ ਸਿੰਘ ਗਿੱਲ ਦੀ ਨਿਗਰਾਨੀ ਵਿੱਚ ਪੀ.ਐਚ.ਡੀ ਕੀਤੀ।ਉਨ੍ਹਾਂ ਦੀਆਂ ਚਰਚਿਤ ਪੁਸਤਕਾਂ ’ਚ ‘ਪੰਜਾਬੀ ਬਿਰਤਾਂਤ : ਗਾਥਾ ਖਾਹਿਸ਼ ਦੇ ਤਣਾਓ ਦੀ, ‘ਪੰਜਾਬੀ ਲੋਕਧਾਰਾ, ਵਿਰਸਾ ਅਤੇ ਵਰਤਮਾਨ’, ‘ਉਤਪਤੀ ਅਤੇ ਵਿਨਾਸ਼ ਦੀਆਂ ਮਿੱਥ ਕਥਾਵਾਂ’ ‘ਮਨੋਵਿਸ਼ਲੇਸ਼ਣ ਅਤੇ ਪੰਜਾਬੀ ਲੋਕਧਾਰਾ’ ‘ਮਨਮੋਹਨ ਬਾਵਾ ਦਾ ਕਥਾ ਸੰਸਾਰ’ ਆਦਿ ਹਨ।ਉਹਨਾਂ ਨੇ ਆਪਣੀਆਂ ਲਿਖਤਾਂ ਰਾਹੀਂ ਪੰਜਾਬੀ ਸਭਿਆਚਾਰ ਦੇ ਵਿਸ਼ੇਸ਼ ਇਤਿਹਾਸਕ ਸੰਦਰਭ ਵਿੱਚ ਨਾਰੀ ਅਤੇ ਹਾਸ਼ੀਏ ਦੇ ਸਮਾਜਿਕ ਮਸਲਿਆਂ ਨੂੰ ਉਜਾਗਰ ਕੀਤਾ।
ਇਸ ਮੌਕੇ ਡਾ. ਭੁਪਿੰਦਰ ਸਿੰਘ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿਲੋਂ, ਡਾ. ਹੀਰਾ ਸਿੰਘ, ਡਾ. ਮਿੰਨੀ ਸਲਵਾਨ, ਡਾ. ਹਰਜੀਤ ਕੌਰ, ਡਾ. ਜਸਬੀਰ ਸਿੰਘ, ਪ੍ਰੋ. ਗੁਰਸ਼ਰਨ ਸਿੰਘ ਅਤੇ ਪ੍ਰੋ. ਬਲਜਿੰਦਰ ਸਿੰਘ ਵੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media