ਵਾਧੂ ਬਿੱਲ ਦਰੁਸਤ ਕਰਨ ਬਾਅਦ ਹੀ ਵਸੂਲੇ ਜਾਣ `ਤੇ ਬਣੀ ਸਹਿਮਤੀ
ਸੰਗਰੂਰ, 16 ਸਤੰਬਰ (ਜਗਸੀਰ ਲੌਂਗੋਵਾਲ) – ਬਿਜਲੀ ਅਧਿਕਾਰੀਆਂ ਅਤੇ ਭਾਰੀ ਬਿਜਲੀ ਬਿੱਲਾਂ ਤੋਂ ਦੁੱਖੀ ਕਈ ਪਿੰਡਾਂ ਦੀਆਂ ਸੈਂਕੜੇ ਦਲਿਤ ਔਰਤਾਂ ਆਪਣੀ
ਅਵਾਜ਼ ਬੁਲੰਦ ਕਰਨ ਲਈ ਸੀਟੂ ਆਗੂਆਂ ਦੀ ਅਗਵਾਈ ‘ਚ ਲੁਧਿਆਣਾ ਬਠਿੰਡਾ ਰਾਜ ਮਾਰਗ ‘ਤੇ ਰਾਏਕੋਟ ਨੇੜਲੇ ਪਿੰਡ ਨੂਰਪੁਰਾ ਦੀ ਪਾਣੀ ਵਾਲੀ ਟੈਂਕੀ ਉਪਰ ਚੜ੍ਹ ਗਈਆਂ।ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਪੁਲਿਸ ਅਤੇ ਪ੍ਰਸ਼ਾਸ਼ਨਿਕ ਅਧਿਕਾਰੀ ਸੀਟੂ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਮਗਨਰੇਗਾ ਮਜ਼ਦੂਰ ਯੂਨੀਅਨ ਦੇ ਜਿਲ੍ਹਾ ਪ੍ਰਧਾਨ ਪ੍ਰਕਾਸ਼ ਸਿੰਘ ਬਰ੍ਹਮੀ ਸਮੇਤ ਕਈ ਆਗੂਆਂ ਨਾਲ ਲਗਾਤਾਰ ਸੰਪਰਕ ‘ਚ ਰਹੇ।
ਡਿਊਟੀ ਮੈਜਿਸਟ੍ਰੇਟ ਤਹਿਸੀਲਦਾਰ ਰਾਏਕੋਟ ਮੁਖ਼ਤਿਆਰ ਸਿੰਘ ਨੇ ਸੀਟੂ ਆਗੂਆਂ ਨਾਲ ਮਸ਼ਵਰੇ ਉਪਰੰਤ ਮਸਲੇ ਦੇ ਹੱਲ ਲਈ ਪਾਵਰਕਾਮ ਦੇ ਐਕਸੀਅਨ ਗੁਰਪ੍ਰੀਤ ਮਹਿੰਦਰ ਸਿੰਘ ਸਿੱਧੂ ਅਤੇ ਉਪ ਮੰਡਲ ਅਫ਼ਸਰ ਕੁਲਦੀਪ ਸ਼ਰਮਾ ਨੂੰ ਮੌਕੇ `ਤੇ ਬੁਲਾਇਆ ਅਤੇ ਕਈ ਘੰਟੇ ਦੀ ਜੱਦੋਜਹਿਦ ਬਾਅਦ ਆਖ਼ਰ ਸਹਿਮਤੀ ਬਣੀ ਕਿ ਦਲਿਤ ਪਰਿਵਾਰਾਂ ਨੂੰ ਆਏ ਵਾਧੂ ਬਿੱਲਾਂ ਦੀ ਪੜਤਾਲ ਬਾਅਦ ਹੀ ਵਸੂਲੀ ਕੀਤੀ ਜਾਵੇਗੀ।ਨੂਰਪੁਰਾ ਅਤੇ ਹੋਰ ਪਿੰਡਾਂ ਵਿੱਚ ਠੇਕਾ ਕਰਮਚਾਰੀਆਂ ਵਲੋਂ ਕੁਨੈਕਸ਼ਨਾਂ ਦੀ ਅਦਲਾ-ਬਦਲੀ ਕਰ ਕੇ ਬਿਜਲੀ ਬਿੱਲਾਂ ਵਿਚ ਹੇਰ-ਫੇਰ ਕਰਨ ਵਾਲੇ ਕਰਮਚਾਰੀਆਂ ਨੂੰ ਫ਼ੌਰੀ ਹਟਾ ਦੇਣ ਲਈ ਐਸ.ਡੀ.ਓ ਨੂੰ ਰਿਪੋਰਟ ਪੇਸ਼ ਕਰਨ ਲਈ ਆਦੇਸ਼ ਦਿੱਤੇ ਗਏ ਹਨ।ਉਪ ਪੁਲਿਸ ਕਪਤਾਨ ਰਾਏਕੋਟ ਸੁਖਨਾਜ਼ ਸਿੰਘ, ਥਾਣਾ ਸਦਰ ਰਾਏਕੋਟ ਦੇ ਮੁਖੀ ਅਜਾਇਬ ਸਿੰਘ ਅਤੇ ਥਾਣਾ ਹਠੂਰ ਦੇ ਮੁਖੀ ਰੁਬਨੀਵ ਸਿੰਘ ਵੱਡੀ ਗਿਣਤੀ ‘ਚ ਪੁਲਿਸ ਮੁਲਾਜ਼ਮਾਂ ਸਮੇਤ ਮੌਕੇ ‘ਤੇ ਮੌਜ਼ੂਦ ਰਹੇ।ਇਥੇ ਉਸ ਸਮੇਂ ਅਫ਼ਰਾ ਤਫ਼ਰੀ ਮੱਚ ਗਈ ਜਦੋਂ ਘਾਹ ਫੂਸ ਵਿਚੋਂ ਕੁੱਝ ਸੱਪ ਨਿਕਲ ਆਏ।
ਸੀਟੂ ਦੇ ਤਹਿਸੀਲ ਸਕੱਤਰ ਰਾਜਜਸਵੰਤ ਸਿੰਘ ਤਲਵੰਡੀ, ਪ੍ਰਿਤਪਾਲ ਸਿੰਘ ਬਿੱਟਾ, ਰਾਜੂ ਨੂਰਪੁਰਾ, ਹਰਦੀਪ ਕੌਰ, ਗੁਰਦੇਵ ਕੌਰ, ਚਰਨਜੀਤ ਕੌਰ, ਕੁਲਵੰਤ ਕੌਰ ਤਲਵੰਡੀ, ਗੁਰਮੀਤ ਕੌਰ, ਮਨਪ੍ਰੀਤ ਕੌਰ, ਜਸਪਾਲ ਕੌਰ, ਪੰਚ ਬਹਾਦਰ ਸਿੰਘ ਨੂਰਪੁਰਾ, ਬਲਦੇਵ ਸਿੰਘ, ਸਤਪਾਲ ਸਿੰਘ ਅਤੇ ਕੇਵਲ ਸਿੰਘ ਸਮੇਤ ਆਗੂ ਤਪਦੀ ਧੁੱਪ ਵਿੱਚ ਵੀ ਟੈਂਕੀ ‘ਤੇ ਡਟੇ ਰਹੇ ਅਤੇ ਪਾਵਰਕਾਮ ਅਧਿਕਾਰੀਆਂ ਵੱਲੋਂ ਭਰੋਸਾ ਮਿਲਣ ਉਪਰੰਤ ਹੀ ਉਹ ਟੈਂਕੀ ਤੋਂ ਹੇਠਾਂ ਉਤਰੇ।
Punjab Post Daily Online Newspaper & Print Media