ਨੈਸ਼ਨਲ ਟੈਸਟਿੰਗ ਏਜੰਸੀ ਰਾਹੀਂ ਆਨਲਾਈਨ ਦਾਖਲਾ ਟੈਸਟ ਲੈਣ ਵਾਲੀ ਬਣਨ ਜਾ ਰਹੀ ਪਹਿਲੀ ਯੂਨੀਵਰਸਿਟੀ
ਅੰਮ੍ਰਿਤਸਰ, 16 ਸਤੰਬਰ (ਖੁਰਮਣੀਆਂ) – ਵੱਖ ਵੱਖ ਸੰਸਥਾਵਾਂ ਵੱਲੋਂ ਯੂਨੀਵਰਸਿਟੀਆਂ ਦੇ ਮਿਆਰ ਦਾ ਸਮੇਂ ਸਮੇਂ ਵਿਸ਼ਲੇਸ਼ਣ ਕੀਤਾ ਜਾਂਦਾ ਹੈ ਤਾਂ ਜੋ ਦੇਸ਼ ਵਿਚ ਖੋਜ,
ਅਕਾਦਮਿਕਤਾ, ਖੇਡਾਂ, ਕਲਾ ਸਭਿਆਚਾਰਕ ਗਤੀਵਿਧੀਆਂ ਅਤੇ ਹੋਰ ਖੇਤਰਾਂ ਵਿਚ ਵਿਕਾਸ ਦੀਆਂ ਪੈੜਾਂ ਉਤਾਹ ਵੱਲ ਜਾਣ ਅਤੇ ਦੇਸ਼ ਦਾ ਵਿਦਿਆਰਥੀ ਗਿਆਨਵਾਨ ਬਣੇ। ਇਸੇ ਦਿਸ਼ਾ ਤਹਿਤ ਪ੍ਰਸਿੱਧ ਮੈਗਜ਼ੀਨ “ਆਉਟਲੁੱਕ” ਦੁਆਰਾ ਜਾਰੀ ਤਾਜ਼ਾ ਸਰਵੇਖਣ ਵਿੱਚ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਰਾਜ ਦੀ ਇਕਲੌਤੀ ਯੂਨੀਵਰਸਿਟੀ ਕਰਾਰ ਦਿੱਤਾ ਗਿਆ ਹੈ।ਜਿਸ ਨੇ ਦੇਸ਼ ਦੀਆਂ ਚੋਟੀ ਦੀਆਂ 415 ਰਾਜ ਪਬਲਿਕ ਯੂਨੀਵਰਸਿਟੀਆਂ ਵਿਚੋਂ 17ਵਾਂ ਸਥਾਨ ਪ੍ਰਾਪਤ ਕੀਤਾ ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਚੋਂ ਮੋਹਰੀ ਸਟੇਟ ਯੂਨੀਵਰਸਿਟੀ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋਫੈਸਰ ਡਾ. ਜਸਪਾਲ ਸਿੰਘ ਸੰਧੂ ਨੇ ਕਿਹਾ ਕਿ ਕੋਵਿਡ-19 ਦੇ ਚਣੌਤੀਪੂਰਨ ਹਲਾਤਾਂ ਵਿਚ ਜਿਥੇ ਉਚੇਰੀ ਸਿੱਖਿਆ ਦੇ ਖੇਤਰ ਵਿੱਚ ਨਵੇਂ ਮਾਪਦੰਡ ਸਥਾਪਿਤ ਕੀਤੇ ਹਨ।ਉਥੇ ਵਿਦਿਅਕ ਸੈਸ਼ਨ 2020-21 ਦੇ ਲਈ ਵੀ ਸਫਲਤਾਪੂਰਵਕ ਵੱਖ-ਵੱਖ ਕੋਰਸਾਂ ਦੇ ਦਾਖਲਿਆਂ ਨੂੰ ਮੌਜੂਦਾ ਨਵੀਆਂ ਤਕਨੀਕਾਂ ਦੀ ਮਦਦ ਨਾਲ ਅੰਤਿਮ ਛੂਹਾਂ ਦਿੱਤੀਆਂ ਜਾ ਰਹੀਆਂ ਹਨ।
ਉਹਨਾਂ ਇਹ ਵੀ ਦੱਸਿਆ ਕਿ ਵਿਦਿਅਕ ਸੈਸ਼ਨ 2020-2021 ਦੇ ਜਿੰਨਾਂ ਵਿਭਾਗਾਂ ਵਿੱਚ ਵੱਖ-ਵੱਖ ਕੋਰਸਾਂ ਲਈ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਸੰਖਿਆ ਜ਼ਿਆਦਾ ਹੈ।ਇਸ ਲਈ ਮੌਜੂਦਾ ਹਾਲਾਤਾਂ ਅਨੁਸਾਰ ਦੇਸ਼ ਦੀ ਨਾਮਵਰ ਨੈਸ਼ਨਲ ਟੈਸਟਿੰਗ ਏਜੰਸੀ ਰਾਹੀਂ ਰਿਮੋਟ ਪ੍ਰੋਡਕਟਿਡ ਅਧਾਰਿਤ ਆਨਲਾਈਨ ਦਾਖਲਾ ਟੈਸਟ 18 ਸਤੰਬਰ ਨੂੰ ਕਰਵਾਇਆ ਜਾਵੇਗਾ।ਇਸ ਦੇ ਨਾਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇਸ਼ ਦੀ ਪਹਿਲੀ ਮੋਹਰੀ ਯੂਨੀਵਰਸਿਟੀ ਬਣ ਜਾਵੇਗੀ ਜੋ ਦਾਖਲਾ ਟੈਸਟ ਨੈਸ਼ਨਲ ਟੈਸਟਿੰਗ ਏਜੰਸੀ ਰਾਹੀਂ ਲਵੇਗੀ।ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਦਾਖਲਾ ਟੈਸਟ ਦੇ ਲਈ ਨੈਸ਼ਨਲ ਟੈਸਟਿੰਗ ਏਜੰਸੀ (ਭਾਰਤ ਸਰਕਾਰ ਇੰਟਰਪ੍ਰਾਈਜ਼) ਨਾਲ ਪਹਿਲਾਂ ਹੀ ਸਮਝੌਤਾ ਸਹੀਬੰਦ ਕੀਤਾ ਹੋਇਆ ਹੈ।
ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਵੀਕ-ਹੰਸਾ ਰਿਸਰਚ ਸਰਵੇ-2020″ ਵਲੋਂ 10 ਚੋਟੀ ਦੀਆਂ ਰਾਜ ਜਨਤਕ ਬਹੁ-ਅਨੁਸ਼ਾਸਨੀ ਯੂਨੀਵਰਸਿਟੀਆਂ ਵਿਚੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 7ਵਾਂ ਸਥਾਨ ਪ੍ਰਾਪਤ ਕੀਤਾ ਹੈ, ਜੋ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਿਛਲੇ 50 ਸਾਲਾਂ ਦੇ ਇਤਿਹਾਸ ਵਿੱਚ ਵੱਡੇ ਸਨਮਾਨ ਵਾਲੀ ਗੱਲ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਉਤਰੀ ਭਾਰਤ ਦੀਆਂ ਯੂਨੀਵਰਸਿਟੀਆਂ ਵਿਚੋਂ ਰਾਜ ਪਾਸੋਂ ਫੰਡ ਪ੍ਰਾਪਤ ਯੂਨੀਵਰਸਿਟੀਆਂ ਵਿਚ ਵੀ ਯੂਨੀਵਰਸਿਟੀ ਦਾ ਚੰਗਾ ਸਥਾਨ ਹੈ।ਉਹਨਾਂ ਕਿਹਾ ਕਿ ਸਿਰਫ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਹੀ ਇਸ ਤੋਂ ਪਹਿਲਾਂ ਹੈ ਜੋ ਭਾਰਤ ਸਰਕਾਰ ਤੋਂ ਫੰਡ ਪ੍ਰਾਪਤ ਕਰ ਰਹੀ।
ਪੰਜਾਬ ਦੇ ਨਾਲ ਲੱਗਦੀਆਂ ਹੋਰ ਯੂਨੀਵਰਸਿਟੀਆਂ ਦੇ ਹਵਾਲੇ ਨਾਲ ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਅਕਾਦਮਿਕ ਅਤੇ ਖੋਜ ਵਿਚ ਵਧੀਆ ਕਾਰਗੁਜਾਰੀ ਵਿਖਾਉਦਿਆਂ ਅਤੇ ਹੋਰ ਵੱਖ-ਵੱਖ ਮਾਪਦੰਡਾਂ `ਤੇ ਖਰੇ ਉੱਤਰਦਿਆਂ 281.77 ਅੰਕ ਪ੍ਰਾਪਤ ਕੀਤੇ ਹਨ ਜਿਸ ਦਾ ਸਿਹਰਾ ਯੂਨੀਵਰਸਿਟੀ ਦੇ ਵਿਦਿਆਰਥੀਆਂ, ਖੋਜਾਰਥੀਆਂ, ਅਧਿਆਪਕਾਂ ਅਤੇ ਨਾਨ ਟੀਚਿੰਗ ਸਟਾਫ ਦੇ ਸਿਰ ਸਜਦਾ ਹੈ।
Punjab Post Daily Online Newspaper & Print Media