Sunday, November 1, 2026

ਪੀ.ਐਚ.ਸੀ ਲੌਂਗੋਵਾਲ ਵਿਖੇ ਹੋਈ ਕਰੋਨਾ ਰੈਪਿਡ ਐਂਟੀਜਨ ਟੈਸਟ ਦੀ ਸ਼ੁਰੂਆਤ

ਸੈਪਲਿੰਗ ਤੋਂ ਨਤੀਜੇ ਤੱਕ ਲੱਗਦਾ ਹੈ 30 ਮਿੰਟ ਤੋਂ ਵੀ ਘੱਟ ਦਾ ਸਮਾਂ

ਸੰਗਰੂਰ, 16 ਸਤੰਬਰ (ਜਗਸੀਰ ਲੌਂਗੋਵਾਲ) – ਡਿਪਟੀ ਕਮਿਸਨਰ ਰਾਮਵੀਰ ਅਤੇ ਸਿਵਲ ਸਰਜਨ ਡਾ. ਰਾਜ ਕੁਮਾਰ ਦੇ ਦਿਸ਼ਾ ਨਿਰਦੇਸਾਂ ਅਤੇ ਸੀਨੀਅਰ ਮੈਡੀਕਲ ਅਫਸਰ ਲੌਂਗੋਵਾਲ ਡਾ. ਅੰਜੂ ਸਿੰਗਲਾ ਦੀ ਅਗਵਾਈ ਵਿੱਚ ਮਿਸ਼ਨ ਫਤਿਹ ਤਹਿਤ ਬਲਾਕ ਲੌਂਗੋਵਾਲ ਵਲੋਂ ਵੱਖ-ਵੱਖ ਜਗ੍ਹਾ ‘ਤੇ ਕੋਰੋਨਾ ਵਾਇਰਸ ਦੀ ਸੈਂਪਲਿੰਗ ਲਗਾਤਾਰ ਜਾਰੀ ਹੈ।ਸੀਨੀਅਰ ਮੈਡੀਕਲ ਅਫਸਰ ਡਾ. ਅੰਜੂ ਸਿੰਗਲਾ ਨੇ ਕਿਹਾ ਕਿ ਪੀ.ਐਚ.ਸੀ ਲੌਂਗੋਵਾਲ `ਚ ਹੁਣ ਤੱਕ ਸਿਰਫ ਆਰ.ਟੀ.ਪੀ.ਸੀ.ਆਰ ਟੈਸਟਿੰਗ ਤਹਿਤ ਕੋਵਿਡ-19 ਦੇ ਸੈਂਪਲ ਲਏ ਜਾਂਦੇ ਸਨ ਹੁਣ ਇਸ ਦੇ ਨਾਲ-ਨਾਲ ਰੈਪਿਡ ਐਂਟੀਜਨ ਟੈਸਟ ਦੀ ਵੀ ਸੁਰੂਆਤ ਵੀ ਕੀਤੀ ਗਈ ਹੈ।ਜਿਸ ਦਾ ਨਤੀਜਾ ਸਿਰਫ਼ 30 ਮਿੰਟ ਵਿਚ ਪ੍ਰਾਪਤ ਹੋ ਜਾਂਦਾ ਹੈ।

            ਉਨਾਂ ਦੱਸਿਆ ਕਿ ਆਰ.ਟੀ.ਪੀ.ਸੀ.ਆਰ ਟੈਸਟ ਲਈ ਕੋਰੋਨਾਵਾਇਰਸ ਦੇ ਸੈਂਪਲ ਲੈ ਕੇ ਸੰਗਰੂਰ ਭੇਜੇ ਜਾਂਦੇ ਹਨ, ਜਿਥੋਂ ਇਹ ਨਮੂਨੇ ਜਾਂਚ ਲਈ ਰਾਜਿੰਦਰਾ ਹਸਪਤਾਲ ਪਟਿਆਲਾ ਭੇਜੇ ਜਾਂਦੇ ਹਨ।ਇਸ ਤਰਾਂ ਨਤੀਜਾ ਆਉਣ ਵਿੱਚ ਘੱਟੋ ਘੱਟ ਇੱਕ ਤੋਂ ਦੋ ਦਿਨ ਦਾ ਸਮਾਂ ਲੱਗ ਜਾਂਦਾ ਹੈ।ਉਨਾਂ ਦੱਸਿਆ ਕਿ ਰੈਪਿਡ ਕਿੱਟਾਂ ਜ਼ਰੀਏ ਟੈਸਟਿੰਗ ਵਿੱਚ ਸੈਂਪਲ ਲੈਣ ਤੋਂ ਲੈ ਕੇ ਅੰਤਮ ਰਿਪੋਰਟ ਦੇਣ ਤੱਕ 30 ਮਿੰਟ ਤੋਂ ਵੀ ਘੱੱਟ ਸਮਾਂ ਲੱਗਦਾ ਹੈ ਅਤੇ ਇਹ ਸੈਂਪਲਿੰਗ ਵੀ ਆਰ.ਟੀ.ਪੀ.ਸੀ.ਆਰ ਦੀ ਤਰਾਂ ਹੀ ਬਿਲਕੁੱਲ ਮੁਫ਼ਤ ਹੈ।ਇਸ ਲਈ ਇਸ ਦਾ ਉਨਾਂ ਵਿਅਕਤੀਆਂ ਨੂੰ ਵੀ ਲਾਭ ਹੋਵੇਗਾ ਜਿਨਾਂ ਨੂੰ ਟੈਸਟ ਦੇ ਨਤੀਜੇ ਦੀ ਜਲਦੀ ਜ਼ਰੂਰਤ ਹੁੰਦੀ ਹੈ।ਉਨਾਂ ਨੇ ਲੋਕਾਂ ਨੂੰ ਟੈਸਟਿੰਗ ਲਈ ਅੱਗੇ ਆਉਣ ਅਤੇ ਟੈਸਟਿੰਗ ਸਬੰਧੀ ਆਪਣੇ ਸ਼ੰਕਿਆਂ ਅਤੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਦੀ ਅਪੀਲ ਕੀਤੀ।ਕੋਰੋਨਾ ਵਾਇਰਸ ਦੀ ਚੇਨ ਨੂੰ ਤੋੜਨ ਲਈ ਟੈਸਟਿੰਗ ਬਹੁਤ ਜ਼ਰੂਰੀ ਹੈ।
                 ਇਸ ਮੌਕੇ ਬਲਾਕ ਐਜੂਕੇਟਰ ਯਾਦਵਿੰਦਰ, ਮੈਡੀਕਲ ਅਫ਼ਸਰ ਅਮਨਦੀਪ ਕੌਰ, ਐਸ.ਐਲ.ਟੀ ਅੰਮ੍ਰਿਤ ਸ਼ਰਮਾ, ਸਟਾਫ਼ ਨਰਸ ਜਗਦੀਪ ਕੌਰ, ਇਨਫਾਰਮੇਸ਼ਨ ਅਸਿਸਟੈਂਟ ਧਰਮਵੀਰ ਸ਼ਰਮਾ ਅਤੇ ਗੁਰਸੇਵਕ ਸਿੰਘ ਮੌਜ਼ੂਦ ਸਨ।

Check Also

ਵਿਰਸਾ ਵਿਹਾਰ ਦੇ ਫਾਊਂਡਰ ਮੈਂਬਰ ਤੇ ਸ਼਼੍ਰੋਮਣੀ ਕਵੀ ਹੁੰਦਲ ਨੂੰ ਸਮਰਪਿਤ ਪੰਜਾਬੀ ਨਾਟਕ ‘ਤੂੰ ਬੁੱਲੇ ਵਾਂਗੂੰ ਬੋਲ’ ਦਾ ਮੰਚਣ

ਅੰਮ੍ਰਿਤਸਰ, 31 ਅਕਤੂਬਰ (ਦੀਪ ਦਵਿੰਦਰ ਸਿੰਘ) – ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵੱਲੋਂ ਮੰਚ-ਰੰਗਮੰਚ ਅੰਮ੍ਰਿਤਸਰ ਦੇ …