ਜਿਲ੍ਹੇ ਦੇ 47 ਸਕੂਲਾਂ ਦੇ 5295 ਬੱਚਿਆਂ ਨੂੰ ਦਿੱਤੇ ਜਾਣਗੇ ਸਮਾਰਟ ਫੋਨ – ਡਿਪਟੀ ਕਮਿਸ਼ਨਰ
ਪਠਾਨਕੋਟ, 18 ਸਤੰਬਰ 2020 – ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਦੇ ਵਾਇਦੇ ਤਹਿਤ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਵਲੋਂ ਲਾਂਚ ਕੀਤੀ ਗਈ
ਕੈਪਟਨ ਸਮਾਰਟ ਕਨੈਕਟ ਸਕੀਮ ਤਹਿਤ ਭੋਆ ਹਲਕੇ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਲਿਕਪੁਰ ਵਿੱਚ ਬਾਰਵੀਂ ਜਮਾਤ ਵਿੱਚ ਪੜ੍ਹਦੇ 73 ਵਿਦਿਆਰਥੀਆਂ ਨੂੰ ਸਮਾਰਟ ਫੋਨ ਮੁਹੱਈਆ ਕਰਵਾਉਣ ਲਈ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਜਗਜੀਤ ਸਿੰਘ ਅਤੇ ਸਕੂਲ ਪਿ੍ਰੰਸੀਪਲ ਸ੍ਰੀਮਤੀ ਜੋਤੀ ਪਰਾਸਰ ਦੀ ਅਗਵਾਈ ਵਿੱਚ ਸਮਰੋਹ ਕਰਵਾਇਆ ਗਿਆ।ਸਮਰੋਹ ਵਿੱਚ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਅਤੇ ਭੋਆ ਹਲਕੇ ਦੇ ਵਿਧਾਇਕ ਜੋਗਿੰਦਰ ਪਾਲ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ।
ਜੋਗਿੰਦਰ ਪਾਲ ਵਿਧਾਇਕ ਹਲਕਾ ਭੋਆ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਚੰਗੇ ਭਵਿੱਖ ਦੀ ਕਾਮਨਾ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਚੁੱਕਿਆ ਇਹ ਇਤਿਹਾਸਕ ਕਦਮ ਹੈ।ਅੱਜ ਦੇ ਸਮਾਰੋਹ ਵਿੱਚ 73 ਬੱਚਿਆਂ ਨੂੰ ਸਮਾਰਟ ਫੋਨ ਵੰਡੇ ਗਏ।
ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਨੇ ਦੱਸਿਆ ਕਿ ਇਹ ਫੋਨ ਜਿਲੇ ਦੇ ਕੁੱਲ 5295 ਬੱਚਿਆਂ ਨੂੰ ਵੰਡੇ ਜਾਣਗੇ, ਜਿਨ੍ਹਾਂ ਵਿੱਚ 2920 ਲੜਕੇ ਅਤੇ 2375 ਲੜਕੀਆਂ ਸਾਮਲ ਹਨ।ਇਹ ਸਾਰੇ ਬੱਚੇ ਜਿਲ੍ਹਾ ਪਠਾਨਕੋਟ ਦੇ 47 ਸਰਕਾਰੀ ਸਕੂਲਾਂ ਵਿਚ 12 ਵੀਂ ਜਮਾਤ ਵਿਚ ਪੜ੍ਹ ਰਹੇ ਹਨ।ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ 12 ਵੀਂ ਜਮਾਤ ਦੇ ਬੱਚਿਆਂ ਲਈ 1.74 ਲੱਖ ਸਮਾਰਟ ਫੋਨ ਤਿਆਰ ਕੀਤੇ ਗਏ ਹਨ, ਜਿਸ ‘ਤੇ 92 ਕਰੋੜ ਰੁਪਏ ਖਰਚ ਕੀਤੇ ਗਏ ਹਨ।ਉਨ੍ਹਾਂ ਦੱਸਿਆ ਕਿ ਇਨ੍ਹਾਂ ਮੋਬਾਈਲ ਫੋਨਾਂ ਰਾਹੀਂ ਬੱਚੇ ਨਾ ਸਿਰਫ ਆਨ ਲਾਈਨ ਸਿੱਖਿਆ, ਬਲਕਿ ਡਿਜੀਟਲ ਭੁਗਤਾਨ, ਬੀਮਾ, ਆਨਲਾਈਨ ਬੈਂਕਿੰਗ ਆਦਿ ਬਾਰੇ ਵੀ ਸਿੱਖ ਸਕਣਗੇ।ਇਹ ਬੱਚੇ ਹੀ ਨਹੀਂ, ਬਲਕਿ ਉਨ੍ਹਾਂ ਦੇ ਭੈਣ-ਭਰਾ ਵੀ ਆਨਲਾਈਨ ਕਲਾਸਾਂ ਦਾ ਲਾਭ ਉਠਾ ਸਕਣਗੇ।ਜਿਲ੍ਹਾ ਸਿੱਖਿਆ ਅਫਸਰ ਜਗਜੀਤ ਸਿੰਘ ਨੇ ਕਿਹਾ ਕਿ ਇਹਨਾਂ ਮੋਬਾਈਲ ਫੋਨਾਂ ਦੀ ਸਹੀ ਵਰਤੋਂ ਕੀਤੀ ਜਾਵੇ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਵੀ ਲਾਭ ਲਿਆ ਜਾ ਸਕੇ।
ਇਸ ਮੌਕੇ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਸਿੱਖਿਆ ਰਾਜੇਸ਼ਵਰ ਸਲਾਰੀਆ, ਵੋਕੇਸ਼ਨਲ ਜਿਲ੍ਹਾ ਕੋਆਰਡੀਨੇਟਰ ਅਮਰੀਕ ਸਿੰਘ, ਡੀ.ਐਸ.ਐਮ ਬਲਵਿੰਦਰ ਸੈਣੀ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਕੰਸ ਰਾਜ, ਪ੍ਰਦੀਪ ਕੁਮਾਰ, ਅਜੇ ਸਿੰਘ, ਰਜੀਵ ਸਲਾਰੀਆ, ਸੁਨੀਤਾ, ਸਤਿੰਦਰ ਕੌਰ, ਮਨਜੀਤ, ਟੀਨਾ ਅਤੇ ਰਜਨੀ ਆਦਿ ਹਾਜ਼ਰ ਸਨ।
Punjab Post Daily Online Newspaper & Print Media