ਚੰਗੀ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਣੂੰ ਕਰਵਾਉਣ ਸਬੰਧੀ ਸਮਾਗਮ
ਕਪੂਰਥਲਾ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਕ੍ਰਿਸ਼ੀ ਵਿਗਿਆਨ ਕੇਂਦਰ ਕਪੂਰਥਲਾ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਭਲਾਈ ਵਿਭਾਗ ਕਪੂਰਥਲਾ
ਅਤੇ ਇਫਕੋ ਦੇ ਸਹਿਯੋਗ ਨਾਲ ਰਾਸ਼ਟਰੀ ਪੋਸ਼ਣ ਮਹੀਨਾ ਮਨਾਉਣ ਲਈ ਇਕ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਜਿਲੇ ਦੀਆਂ ਆਂਗਨਵਾੜੀ ਵਰਕਰਾਂ, ਸੁਪਰਵਾਈਜ਼ਰਾਂ ਅਤੇ ਪੇਂਡੂ ਔਰਤਾਂ ਨੇ ਭਾਗ ਲਿਆ।
ਇਸ ਪ੍ਰੋਗਰਾਮ ਦਾ ਮੁੱਖ ਮੰਤਵ ਚੰਗੀ ਸਿਹਤ ਲਈ ਪੋਸ਼ਣ ਦੇ ਮਹੱਤਵ ਬਾਰੇ ਜਾਣੂ ਕਰਵਾਉਣਾ ਸੀ।ਸ੍ਰੀਮਤੀ ਸਨੇਹ ਲਤਾ ਜਿਲਾ ਪ੍ਰੋਗਰਾਮ ਅਫਸਰ ਕਪੂਰਥਲਾ ਨੇ ਮੁੱਖ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਘਰ ਵਿੱਚ ਹੀ ਸਬਜ਼ੀ ਉਗਾਉਣ ਬਾਰੇ ਪ੍ਰੇਰਿਤ ਕੀਤਾ।ਉਨ੍ਹਾਂ ਕਿਹਾ ਕਿ ਬਾਜ਼ਾਰ ਵਿਚ ਮਿਲਣ ਵਾਲੀਆਂ ਸਬਜੀਆਂ ‘ਤੇ ਬਹੁਤ ਸਪਰੇਅ ਕੀਤਾ ਹੁੰਦਾ ਹੈ, ਜਦਕਿ ਘਰੇ ਉਗਾਈਆਂ ਸ਼ਬਜੀਆਂ ਜਹਿਰ ਮੁਕਤ ਹੋ ਸਕਦੀਆਂ ਹਨ।
ਸ੍ਰੀਮਤੀ ਅਵਨੀਤ ਕੌਰ ਅਹੂਜਾ ਸਹਾਇਕ ਪ੍ਰੋਫੈਸਰ (ਗ੍ਰਹਿ ਵਿਗਿਆਨ) ਨੇ ਰਾਸ਼ਟਰੀ ਪੋਸ਼ਣ ਮਹੀਨੇ ਦੀ ਮਹੱਤਤਾ ਬਾਰੇ ਦੱਸਿਆ ਤੇ ਕੁਪੋਸ਼ਣ ਨੂੰ ਖਤਮ ਕਰਨ ਲਈ ਸੰਤੁਲਿਤ ਖੁਰਾਕ ਦੇ ਮਮਹੱਤਵ ‘ਤੇ ਚਾਨਣਾ ਪਾਇਆ।ਡਾ: ਜੁਗਰਾਜ ਡਿਪਟੀ ਡਾਇਰੈਟਰ ਕੇ.ਵੀ.ਕੇ ਕਪੂਰਥਲਾ ਨੇ ਆਈਆਂ ਬੀਬੀਆਂ ਨੂੰ ਘਰੇਲੂ ਬਗੀਚੀ ਦੇ ਪੋਸ਼ਣ ਵਿਚ ਮਹੱਤਵ ਵਿਸ਼ੇ ਤੋਂ ਜਾਣੂ ਕਰਵਾਇਆ।
ਡਾ: ਅਮਨਦੀਪ ਕੌਰ ਸਹਾਇਕ ਪ੍ਰੋਫੈਸਰ (ਸਬਜ਼ੀ ਵਿਗਿਆਨ) ਨੇ ਫਲਾਂ ਤੇ ਸਬਜੀਆਂ ਦੀ ਘਰੇਲੂ ਬਗੀਚੀ ਅਤੇ ਛੱਤਾਂ ਤੇ ਗਮਲਿਆਂ ਵਿਚ ਸਬਜੀ ਉਗਾਉਣ ਬਾਰੇ ਤਕਨੀਕੀ ਜਾਣਕਾਰੀ ਸਾਂਝੀ ਕੀਤੀ।
Punjab Post Daily Online Newspaper & Print Media