ਜਿਲਾ ਵਾਸੀਆ ਨੂੰ ਲੋਕਾਈ ਦੇ ਭਲੇ ਲਈ ਕੋਵਿਡ ਜਾਂਚ ਕਰਵਾਉਣ ਦੀ ਅਪੀਲ
ਸੰਗਰੂਰ, 24 ਸਤੰਬਰ (ਜਗਸੀਰ ਲੌਂਗੋਵਾਲ) – ਜ਼ਿਲੇ ਅੰਦਰ ਮਿਸ਼ਨ ਫਤਿਹ ਤਹਿਤ ਸਫ਼ਲ ਇਲਾਜ਼ ਤੋਂ ਬਾਅਦ ਲਗਾਤਾਰ ਕੋਰੋਨਾ ਦੀ ਜੰਗ ਜਿੱਤਣ ਵਾਲਿਆਂ ਦੀ
ਗਿਣਤੀ ‘ਚ ਵਾਧਾ ਹੋਣਾ ਅਤੇ ਮੌਤ ਦਰ ਵਿਚ ਕਮੀ ਆਉਣਾ ਚੰਗੇ ਸੰਕੇਤ ਹਨ। ਸੈਂਪਲਿੰਗ ਹੀ ਕੋਰੋਨਾ ਨੂੰ ਹਰਾਉਣ ਦਾ ਮਹਿਜ਼ ਇਕ ਸਰਲ ਤਰੀਕਾ ਹੈ ਜ਼ੋ ਕਿ ਪਿਛਲੇ ਦਿਨਾਂ ਵਿੱਚ ਸਮੂਹ ਸਿਵਲ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਦੀ ਅਣਥੱਕ ਮਿਹਨਤ ਨਾਲ ਵਧੀਆ ਹੋ ਰਹੀ ਹੈ।ਡਿਪਟੀ ਕਮਿਸ਼ਨਰ ਰਾਮਵੀਰ ਨੇ ਹਫਤਾਵਾਰੀ ਫੇਸਬੁੱਕ ਲਾਈਵ ਪ੍ਰੋਗਰਾਮ ਦੌਰਾਨ ਜ਼ਿਲਾ ਵਾਸੀਆ ਨਾਲ ਸਾਂਝੀ ਕੀਤੀ।
ਉਨਾ ਕਿਹਾ ਕਿ ਸਮੂਹ ਜ਼ਿਲਾ ਵਾਸੀਆਂ ਦਾ ਖੁਦ ਅੱਗੇ ਆ ਕੇ ਸੈਂਪਲਿੰਗ ਕਰਵਾਉਣ ਅਤੇ ਪਿੰਡਾਂ ਦੀਆਂ ਪੰਚਾਇਤਾਂ ਵਲੋਂ ਲੋਕਾਂ ਨੂੰ ਅਫਵਾਹਾਂ ਤੋਂ ਦੂਰ ਰਹਿ ਕੇ ਸੈਂਪਲ ਦੇਣਾ ਲੋਕਾਈ ਦੇ ਭਲੇ ਵਾਲੀ ਗੱਲ ਹੈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਕੋਵਿਡ-19 ਮਰੀਜ਼ਾਂ ਨੂੰ ਘਰ ‘ਚ ਇਕਾਂਤਵਾਸ ਦੀ ਸੁਵਿਧਾ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਭਵਿੱਖ ‘ਚ ਸਰਕਾਰ ਵਲੋਂ ਪ੍ਰਭਾਵਿਤ ਵਿਅਕਤੀਆਂ ਨੂੰ ਆਕਸੀਮੀਟਰ ਅਤੇ ਥਰਮਾਮੀਟਰ ਸਮੇਤ ਲੋੜੀਂਦੀਆ ਦਵਾਈਆਂ ਦੀਆਂ ਵਿਸ਼ੇਸ਼ ਕਿੱਟਾਂ ਜਾਰੀ ਕਰਨ ਦੀ ਯੋਜਨਾ ਹੈ।
ਡਿਪਟੀ ਕਮਿਸ਼ਨਰ ਨੇ ਸਮੂਹ ਕਿਸਾਨਾਂ ਨੂੰ ਅਪੀਲ ਕੀਤੀ ਕਿ ਕੋਵਿਡ-19 ਦੇ ਚੱਲਦਿਆਂ ਅਗਾਮੀ ਝੋਨੇ ਦੇ ਸੀਜ਼ਨ ਦੌਰਾਨ ਪਰਾਲੀ ਨੂੰ ਅੱਗ ਲਗਾਉਣ ਤੋਂ ਗੁਰੇਜ਼ ਕੀਤਾ ਜਾਵੇ, ਤਾਂ ਜ਼ੋ ਕੋਵਿਡ ਪਾਜ਼ਟਿਵ ਮਰੀਜ਼ਾਂ ਦੀ ਸਿਹਤ ਤੇ ਮਾੜਾ ਪ੍ਰਭਾਵ ਨਾ ਪਵੇ।ਉਨਾਂ ਨੇ ਜ਼ਿਲਾ ਵਾਸੀਆ ਵੱਲੋਂ ਪੁੱਛੇ ਸਵਾਲਾਂ ਦੇ ਜਵਾਬ ਵੀ ਦਿੱਤੇ।
Punjab Post Daily Online Newspaper & Print Media