Saturday, March 7, 2026

ਸੰਗਰੂਰ ਵਿਖੇ ਮੈਗਾ ਰੋਜ਼ਗਾਰ ਮੇਲੇ ’ਚ ਲਗਭਗ 1000 ਉਮੀਦਵਾਰਾਂ ਨੂੰ ਮਿਲਿਆ ਰੋਜ਼ਗਾਰ – ਡਿਪਟੀ ਕਮਿਸ਼ਨਰ ਰਾਮਵੀਰ

ਸੰਗਰੂਰ, 24 ਸਤੰਬਰ (ਜਗਸੀਰ ਲੌਂਗੋਵਾਲ) – ਕੋਵਿਡ-19 ਦੇ ਚੱਲਦਿਆਂ ਬੇਰੁਜ਼ਗਾਰ ਨੌਜਵਾਨ ਨੂੰ ਰੋਜ਼ਗਾਰ ਦੇ ਸਮਰੱਥ ਬਣਾਉਣ ਲਈ ਪੰਜਾਬ ਸਰਕਾਰ ਦੇ ਘਰ ਘਰ ਰੋਜ਼ਗਾਰ ਮਿਸ਼ਨ ਤਹਿਤ ਅੱਜ ਸਥਾਨਕ ਰਣਬੀਰ ਕਾਲਜ ਵਿਖੇ ਮੈਗਾ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ। ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਡਿਪਟੀ ਕਮਿਸ਼ਨਰ ਰਾਮਵੀਰ ਨੇ ਦੱਸਿਆ ਕਿ ਜ਼ਿਲਾ ਸੰਗਰੂਰ ‘ਚ 22 ਤੋਂ 30 ਸਤੰਬਰ ਤੱਕ ਵੱਖ-ਵੱਖ ਸਬ ਡਵੀਜ਼ਨ ਪੱਧਰ ’ਤੇ ਰੋਜ਼ਗਾਰ ਮੇਲਿਆਂ ਰਾਹੀਂ ਲੋੜਵੰਦ ਬੇਰੁਜ਼ਗਾਰ ਪ੍ਰਾਰਥੀਆਂ ਨੂੰ ਯੋਗਤਾ ਦੇ ਆਧਾਰ ’ਤੇ ਨਾਮੀ ਕੰਪਨੀਆਂ ’ਚ ਰੋਜ਼ਗਾਰ ਦੇ ਮੌਕੇ ਪ੍ਰਦਾਨ ਹੋਣਗੇ।
               ਰਾਮਵੀਰ ਨੇ ਦੱਸਿਆ ਕਿ ਰੋਜ਼ਗਾਰ ਮੇਲੇ ਦੌਰਾਨ ਲਗਭਗ 1000 ਉਮੀਦਵਾਰਾਂ ਦੀ ਚੋਣ ਰੋਜ਼ਗਾਰ ਲਈ ਕੀਤੀ ਗਈ ਹੈ।ਉਨਾਂ ਕਿਹਾ ਕਿ 30 ਨਵੰਬਰ ਤੱਕ ਵੱਧ ਤੋਂ ਵੱਧ ਲੋੜਵੰਦ ਪ੍ਰਾਰਥੀਆਂ ਨੂੰ ਰੋਜ਼ਗਾਰ ਮੇਲਿਆ ਦਾ ਲਾਭ ਲੈਣਾ ਚਾਹੀਦਾ ਹੈ।
           ਵੱਡੀ ਗਿਣਤੀ ‘ਚ ਸਟਾਲ ਲਗਾ ਕੇ ਜਾਣਕਾਰੀ ਪ੍ਰਦਾਨ ਕੀਤੀ ਗਈ ਅਤੇ ਕਿੱਤਾਮੁਖੀ ਕੋਰਸਾਂ ਸਮੇਤ ਸਵੈ ਰੋਜ਼ਗਾਰ ਦੇ ਹੋਰ ਕਾਰਜਾਂ ਲਈ ਲੋੜਵੰਦਾਂ ਨੇ ਆਪਣੀ ਰਜਿਸਟਰੇਸ਼ਨ ਕਰਵਾਈ।ਉਨਾਂ ਦੱਸਿਆ ਕਿ ਸਵੈ ਰੋਜ਼ਗਾਰ ਲਈ ਕਰੀਬ 100 ਪ੍ਰਾਰਥੀਆਂ ਦੀ ਰਜਿਸਟਰੇਸ਼ਨ ਕੀਤੀ ਗਈ।
                 ਵਧੀਕ ਡਿਪਟੀ ਕਮਿਸ਼ਨਰ ਵਿਕਾਸ ਰਜਿੰਦਰ ਸਿਘ ਬੱਤਰਾ ਨੇ ਦੱਸਿਆ ਕਿ ਜ਼ਿਲੇ ਵਿੱਚ 22 ਸਤੰਬਰ ਤੋਂ ਮੈਗਾ ਰੋਜ਼ਗਾਰ ਮੇਲੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ ਜਿਸ ਤਹਿਤ 22 ਸਤੰਬਰ ਨੂੰ ਧੂਰੀ ਵਿਖੇ 509, 23 ਸਤੰਬਰ ਨੂੰ ਭਵਾਨੀਗੜ ਵਿਖੇ 235 ਪ੍ਰਾਰਥੀਆਂ ਨੂੰ ਰੋਜ਼ਗਾਰ ਪ੍ਰਦਾਨ ਕੀਤਾ ਗਿਆ ਸੀ।ਉਨਾਂ ਦੱਸਿਆ ਕਿ 25 ਅਤੇ 28 ਸਤੰਬਰ ਨੂੰ ਜ਼ਿਲਾ ਰੋਜ਼ਗਾਰ ਦੇ ਕਾਰੋਬਾਰ ਬਿਊਰੋ ਸੰਗਰੂਰ ਅਤੇ 27 ਨੂੰ ਮਲੇਰਕੋਟਲਾ ਵਿਖੇ ਵਰਚੁਅਲ ਆਨਲਾਈਨ ਮੇਲਾ ਲਗਾਇਆ ਜਾਵੇਗਾ।28 ਸਤੰਬਰ ਨੂੰ ਸੁਨਾਮ ਸ਼ਹੀਦ ਊਧਮ ਸਿੰਘ ਕਾਲਜ, 29 ਸਤੰਬਰ ਨੂੰ ਭਾਈ ਗੁਰਦਾਸ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੇਜੀ ਸੰਗਰੂਰ ਅਤੇ 30 ਸਤੰਬਰ ਨੂੰ ਬਾਬਾ ਹੀਰਾ ਸਿੰਘ ਭੱਠਲ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨੋਲੇਜੀ ਲਹਿਰਾਗਾਗਾ ਵਿਖੇ ਰੋਜ਼ਗਾਰ ਮੇਲਾ ਲਗਾਇਆ ਜਾਵੇਗਾ।
              ਇਸ ਮੌਕੇ ਜ਼ਿਲਾ ਰੋਜ਼ਗਾਰ ਅਫ਼ਸਰ ਰਵਿੰਦਰ ਪਾਲ ਸਿੰਘ ਨੇ ਕਿਹਾ ਕਿ ਜਾਣਕਾਰੀ ਲਈ ਹੈਲਪਲਾਈਨ ਨੰਬਰ 98779-18167 ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …