ਅੰਮ੍ਰਿਤਸਰ, 27 ਸਤੰਬਰ (ਪੰਜਾਬ ਪੋਸਟ ਬਿਊਰੋ) – ਕਿਸਾਨ ਖੇਤੀ ਬਿਲਾਂ ‘ਤੇ ਪੈਦਾ ਹੋਈ ਖਟਾਸ ਤੋਂ ਬਾਅਦ ਅਕਾਲੀ ਭਾਜਪਾ ਗਠਜੋੜ ਆਖਿਰ 23 ਸਾਲਾਂ ਬਾਅਦ
ਟੁੱਟ ਗਿਆ ਹੈ।ਇਹ ਐਲਾਨ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੱਲ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ।1996 ‘ਚ ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਪ੍ਰਧਾਨ ਮੰਤਰੀ ਸਵ. ਅਟੱਲ ਬਿਹਾਰੀ ਵਾਜਪਈ ਤੇ ਸਾਬਕਾ ਮੁੱਖ ਮੰਤਰੀ ਤੇ ਅਕਾਲੀ ਦਲ ਦੇ ਭੀਸ਼ਮ ਪਿਤਾਮਾ ਪ੍ਰਕਾਸ਼ ਸਿੰਘ ਬਾਦਲ ਵਲੋਂ ਇਹ ਗਠਜੋੜ ਕੀਤਾ ਗਿਆ ਸੀ।ਇਸ ਤੋਂ ਪਹਿਲਾਂ ਲੋਕ ਸਭਾ ਵਿੱਚ ਪਾਰਟੀ ਪ੍ਰਧਾਨ ਤੇ ਮੌਜੂਦਾ ਸੰਸਦ ਮੈਂਬਰ ਸੁਖਬੀਰ ਸਿੰਘ ਬਾਦਲ ਵਲੋਂ ਖੇਤੀ ਬਿਲਾਂ ਨੂੰ ਕਿਸਾਨ ਵਿਰੋਧੀ ਕਰਾਰ ਦਿੱਤਾ ਗਿਆ ਸੀ।ਜਦਕਿ ਅਕਾਲੀ ਦਲ ਵਲੋਂ ਕੇਂਦਰੀ ਕੈਬਨਿਟ ‘ਚ ਮੰਤਰੀ ਹਰਸਿਮਰਤ ਬਾਦਲ ਵਲੋਂ ਅਹੁੱਦਾ ਤਿਆਗ ਦਿੱਤਾ ਗਿਆ ਸੀ।
ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਐਨ.ਡੀ.ਏ ਭਾਈਵਾਲ ਹੋਣ ਦੇ ਬਾਵਜ਼ੂਦ ਉਨਾਂ ਦੀ ਕੇਂਦਰ ਵਿੱਚ ਕੋਈ ਸੁਣਵਾਈ ਨਹੀਂ ਸੀ ਹੋ ਰਹੀ।ਕਿਸਾਨਾਂ ਬਿੱਲਾਂ ਬਾਰੇ ਵੀ ਉਨਾਂ ਨਾਲ ਕੋਈ ਰਾਇ ਨਹੀਂ ਕੀਤੀ ਗਈ, ਭਾਵੇਂ ਕਿ ਉਨਾਂ ਦੀ ਪਾਰਟੀ ਕਿਸਾਨਾਂ ਦਾ ਪਾਰਟੀ ਹੈ।ਇਸ ਲਈ ਅਕਾਲੀ ਦਲ ਦੀ ਕੋਰ ਕਮੇਟੀ ਵਲੋਂ ਭਾਜਪਾ ਨਾਲੋਂ ਵੱਖ ਹੋਣ ਦਾ ਫੈਸਲਾ ਕੀਤਾ ਗਿਆ ਹੈ।ਉਨਾਂ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਦੇ ਮੁੱਦੇ ‘ਤੇ ਵੀ ਉਨਾਂ ਦੀ ਕੋਈ ਗੱਲ ਨਹੀਂ ਸੁਣੀ ਗਈ।
ਇਸੇ ਦੌਰਾਨ ਵਿਰੋਧੀ ਪਾਰਟੀਆਂ ਵਲੋਂ ਗਠਜੋੜ ਟੁੱਟਣ ਨੂੰ ਦੇਰ ਨਾਲ ਮਜ਼ਬੂਰੀ ‘ਚ ਲ਼ਿਆ ਗਿਆ ਫੈਸਲਾ ਦੱਸਿਆ ਜਾ ਰਿਹਾ ਹੈ।
Punjab Post Daily Online Newspaper & Print Media