6 ਮਹੀਨੇ ਬਾਅਦ ਹੋਈ ਮੀਟਿੰਗ ‘ਚ 6 ਘੰਟੇ ਚੱਲਿਆ ਰਚਨਾਵਾਂ ਦਾ ਦੌਰ
ਸਮਰਾਲਾ, 30 ਸਤੰਬਰ (ਇੰਦਰਜੀਤ ਕੰਗ)- ਇਲਾਕੇ ਦੀ ਉਘੀ ਸਾਹਿਤਕ ਸੰਸਥਾ ਪੰਜਾਬੀ ਸਾਹਿਤ ਸਭਾ (ਰਜਿ:) ਸਮਰਾਲਾ ਨੇ ਕਰੋਨਾ ਮਹਾਂਮਾਰੀ ਦੇ ਲੌਕਡਾਊਨ
ਤੋਂ 6 ਮਹੀਨੇ ਬਾਅਦ ਸਤੰਬਰ ਮਹੀਨੇ ਦੀ ਮੀਟਿੰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸਮਰਾਲਾ ਵਿਖੇ ਕੀਤੀ।ਇਹ ਮੀਟਿੰਗ ਪੰਜਾਬੀ ਸਾਹਿਤ ਸਭਾ ਦੇ ਸਾਬਕਾ ਜਨਰਲ ਸਕੱਤਰ ਜਗਦੀਸ਼ ਸਿੰਘ ਨੀਲੋਂ ਨੂੰ ਸਮਰਪਿਤ ਕੀਤੀ ਗਈ।ਸਭ ਤੋਂ ਪਹਿਲਾਂ ਪੰਜਾਬੀ ਸਾਹਿਤ ਸਭਾ ਦੇ ਪ੍ਰਧਾਨ ਐਡਵੋਕੇਟ ਨਰਿੰਦਰ ਸ਼ਰਮਾ ਨੇ ਸਾਰਿਆਂ ਨੂੰ ‘ਜੀ ਆਇਆਂ’ ਆਖਿਆ।ਸਾਹਿਤ ਸਭਾ ਦੇ ਜਨਰਲ ਸਕੱਤਰ ਦੀਪ ਦਿਲਬਰ ਨੇ ਮੀਟਿੰਗ ਦੀ ਕਾਰਵਾਈ ਸ਼ੁਰੂ ਕਰਦਿਆਂ ਜਿਥੇ ਜਗਦੀਸ਼ ਨੀਲੋਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤ, ਉਥੇ ਕਰੋਨਾ ਕਾਲ ਦੌਰਾਨ ਵਿਛੋੜਾ ਦੇ ਗਏ ਪੰਜਾਬੀ ਸਾਹਿਤ ਸਭਾ ਦੇ ਮੀਤ ਪ੍ਰਧਾਨ ਗੁਰਭਗਤ ਗਿੱਲ ਭੈਣੀ ਸਾਹਿਬ ਦੇ ਨੌਜਵਾਨ ਸਪੁੱਤਰ ਗਿਆਨ ਸਿੰਘ ਗਿੱਲ ਦੀ ਕੈਨੇਡਾ ਸੜਕ ਹਾਦਸੇ ਵਿੱਚ ਹੋਈ ਮੌਤ, ਪੰਜਾਬੀ ਲੋਕ ਸਾਹਿਤ ਦੇ ਨਾਮਵਰ ਲੇਖਕ ਅਤੇ ਪੰਜਾਬੀ ਸਾਹਿਤ ਸਭਾ ਦੇ ਮੁੱਢਲੇ ਮੈਂਬਰ ਸੁਖਦੇਵ ਸਿੰਘ ਮਾਦਪੁਰੀ, ਪ੍ਰੋ: ਹਮਦਰਦਵੀਰ ਨੌਸ਼ਹਿਰਵੀ ਅਤੇ ਉਰਦੂ ਸ਼ਾਇਰ ਰਾਹਤ ਇੰਦੌਰੀ ਨੂੰ ਭਾਵ-ਭਿੰਨੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ।
ਰਚਨਾਵਾਂ ਦੇ ਦੌਰ ਦੀ ਸ਼ੁਰੂਆਤ ਅਵਤਾਰ ਸਿੰਘ ਉਟਾਲਾਂ ਦੀ ਖੂਬਸੂਰਤ ਕਵਿਤਾ ‘ਚਰਖੀ ਦੇ ਗੇੜੇ’ ਨਾਲ ਹੋਈ। ਬਿਹਾਰੀ ਲਾਲ ਸੱਦੀ ਨੇ ਆਪਣੀ ਕਵਿਤਾ ‘ਚੰਦਰ ਯਾਨ 2-ਆਰ.ਆਈ.ਪੀ’ ਸੁਣਾਈ।ਅਮਨਦੀਪ ਅਜ਼ਾਦ ਨੇ ਗ਼ਜ਼ਲ ‘ਰਲ਼ਮਿਲ਼ ਫੁੱਲ ਤੇ ਅੰਗਿਆਰ ਚੁਕਾਂਗੇ, ਉਸਤਤ ਨਿੰਦਿਆ ਦੋਵੇਂ ਹੀ ਭਾਰ ਚੁਕਾਂਗੇ’, ਅਮਰਜੀਤ ਸਿੰਘ ਘੁੰਡਾਣੀ ਕਲਾਂ ਨੇ ਕਵਿਤਾ ‘ਅਰਜ਼ ਇੱਕ ਉਸ ਨੂੰ ਸੁਣਾਈ ਜਾਏ’, ਹਰਬੰਸ ਮਾਲਵਾ ਨੇ ਗੀਤ ‘ਸ਼ਬਦ ਹਮੇਸ਼ਾਂ ਰਹਿਣ ਜਾਗਦੇ ਸ਼ਬਦ ਕਦੇ ਨਾ ਸੁੱਤੇ’, ਗੁਰਦੀਪ ਮਹੌਣ ਨੇ ਕਵਿਤਾ ‘ਵਰਦਾਨ’, ਦੀਪ ਦਿਲਬਰ ਨੇ ਮੌਜੂਦਾ ਹਾਲਾਤ ਦੀ ਗੱਲ ਕਰਦੀ ਕਵਿਤਾ ‘ਜੇ ਦਾਤੀਆਂ ਕਹੀਆਂ ਨਾ ਰਹੀਆਂ, ਰਹਿਣੇ ਤੱਕੜੀਆਂ ਵੱਟੇ ਵੀ ਨਹੀਂ’, ਜਸਵੀਰ ਸਮਰਾਲਾ ਨੇ ਕਵਿਤਾ ‘ਜੋ ਕਦਮ ਵਧਾਏ ਸੀ’। ਕਹਾਣੀਕਾਰਾਂ ਵਿੱਚੋਂ ਮਨਦੀਪ ਸਿੰਘ ਡਡਿਆਣਾ ਨੇ ਆਪਣੀ ਨਵੀਂ ਲਿਖੀ ਕਹਾਣੀ ‘ਘੀਸੀ’ ਅਤੇ ਰੁਵਿੰਦਰ ਰੁਪਾਲ ਕੌਲਗੜ੍ਹ ਨੇ ਕਹਾਣੀ ‘ਖੁੰਡਾ’ ਹਾਜ਼ਰੀਨ ਨਾਲ਼ ਸਾਂਝੀਆਂ ਕੀਤੀਆਂ।ਐਡਵੋਕੇਟ ਨਰਿੰਦਰ ਸ਼ਰਮਾ ਨੇ ਪਾਸ ਹੋਏ ਖੇਤੀ ਆਰਡੀਨੈਂਸਾਂ ਸਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਅਤੇ ਇਨ੍ਹਾਂ ਦੇ ਲਾਗੂ ਹੋਣ ਨਾਲ਼ ਪੈਣ ਵਾਲ਼ੇ ਮਾਰੂ ਪ੍ਰਭਾਵਾਂ ਤੋਂ ਜਾਣੂ ਕਰਵਾਇਆ।ਸਾਹਿਤ ਸਭਾ ਵਲੋਂ ਵੀ ਇਨ੍ਹਾਂ ਆਰਡੀਨੈਂਸਾਂ ਦਾ ਵਿਰੋਧ ਕੀਤਾ ਗਿਆ।ਪੜ੍ਹੀਆਂ ਗਈਆਂ ਰਚਨਾਵਾਂ ‘ਤੇ ਖੁੱਲ੍ਹ ਕੇ ਵਿਚਾਰ ਚਰਚਾ ਕੀਤੀ ਗਈ ਅਤੇ ਇਸ ਤਰ੍ਹਾਂ ਇਹ ਮੀਟਿੰਗ ਸਵੇਰੇ 11 ਵਜੇ ਸ਼ੁਰੂ ਹੋ ਕੇ ਸ਼ਾਮ ਦੇ 5 ਵਜੇ ਤੱਕ ਜਾਰੀ ਰਹੀ।
ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਕਹਾਣੀਕਾਰ ਸੁਖਜੀਤ, ਸੰਦੀਪ ਸਮਰਾਲਾ, ਗੁਰਭਗਤ ਸਿੰਘ ਗਿੱਲ ਭੈਣੀ ਸਾਹਿਬ, ਦਰਸ਼ਨ ਸਿੰਘ ਕੰਗ, ਮਾ. ਪੁਖਰਾਜ ਸਿੰਘ, ਤਰਨ ਬੱਲ ਭੈਣੀ ਸਾਹਿਬ ਅਤੇ ਗੁਰਪ੍ਰੀਤ ਸਿੰਘ ਬੌਂਦਲੀ ਆਦਿ ਸ਼ਾਮਿਲ ਹੋਏ। ਸਭਾ ਦੇ ਸਰਪ੍ਰਸਤ ਬਿਹਾਰੀ ਲਾਲ ਸੱਦੀ ਨੇ ‘ਭਗਵਾਨ ਪਰਸ਼ੂਰਾਮ ਦੀ ਜ਼ਿੰਦਗੀ ’ਤੇ ਅਧਾਰਿਤ ਧਾਰਮਿਕ ਗ੍ਰੰਥ’ ਅਤੇ ਗੀਤਕਾਰ ਹਰਬੰਸ ਮਾਲਵਾ ਨੇ ਆਪਣੀ ਨਵੀਂ ਆਈ ਕਿਤਾਬ ‘ਸੁਪਨੇ ਉਲੀਕਦੀ ਹਵਾ’ ਪੰਜਾਬੀ ਸਾਹਿਤ ਸਭਾ ਨੂੰ ਭੇਟ ਕੀਤੀ।ਮੀਟਿੰਗ ਦੇ ਅਖੀਰ ਵਿੱਚ ਸਾਹਿਤ ਸਭਾ ਦੇ ਚੇਅਰਮੈਨ ਕਹਾਣੀ ਸੁਖਜੀਤ ਨੇ ਮੀਟਿੰਗ ਵਿੱਚ ਆਉਣ ’ਤੇ ਸਾਰਿਆਂ ਦਾ ਧੰਨਵਾਦ ਕੀਤਾ। ਸਮੁੱਚੀ ਮੀਟਿੰਗ ਦੀ ਕਾਰਵਾਈ ਦੀਪ ਦਿਲਬਰ ਨੇ ਬਾਖੂਬੀ ਨਿਭਾਈ।
Punjab Post Daily Online Newspaper & Print Media