Monday, March 16, 2026

ਅਕਾਲੀ ਦਲ ਬਾਦਲ ਦੇ ਰੋਸ ਮਾਰਚ ਨੂੰ ਚੰਡੀਗੜ੍ਹ ‘ਚ ਦਾਖਲ ਹੋਣੋਂ ਰੋਕਿਆ, ਲਾਠੀਚਾਰਜ਼ ਕੀਤਾ

ਸੁਖਬੀਰ ਬਾਦਲ, ਹਰਸਿਮਰਤ ਬਾਦਲ, ਬਿਕਰਮ ਮਜੀਠੀਆ ਸਮੇਤ ਗ੍ਰਿਫਤਾਰ ਸੀਨੀਅਰ ਅਕਾਲੀ ਆਗੂ ਰਿਹਾਅ

ਅੰਮ੍ਰਿਤਸਰ/ਚੰਡੀਗੜ੍ਹ, 1 ਅਕਤੂਬਰ (ਪੰਜਾਬ ਪੋਸਟ ਬਿਊਰੋ) – ਮੋਦੀ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਬਿੱਲਾਂ ਦੇ ਵਿਰੋਧ ਅਤੇ ਕਿਸਾਨਾਂ ਦੇ ਹੱਕ ‘ਚ ਅਕਾਲੀ ਦਲ ਵਲੋਂ ਜੋ ਤਿੰਨ ਰੋਸ ਮਾਰਚ ਸਵੇਰੇ ਚੰਡੀਗੜ੍ਹ ਲਈ ਰਵਾਨਾ ਹੋਏ ਸਨ।ਉਨਾਂ ਨੂੰ ਅੱਜ ਚੰਡੀਗੜ ‘ਚ ਦਾਖਲ਼ ਹੋਣ ਤੋਂ ਰੋਕ ਦਿੱਤਾ ਗਿਆ।ਦੇਰ ਰਾਤ ਜ਼ੀਰਕਪੁਰ ਵਿਖੇ ਸਾਬਕਾ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦੀ ਅਗਵਾਈ ‘ਚ ਪੁੱਜੇ ਰੋਸ ਮਾਰਚ ਨੂੰ ਉਥੇ ਹੀ ਰੋਕ ਕੇ ਅਕਾਲੀ ਵਰਕਰਾਂ ‘ਤੇ ਲਾਠੀਚਾਰਜ਼ ਕੀਤਾ ਗਿਆ ਅਤੇ ਹਰਸਿਮਰਤ ਬਾਦਲ ਸਮੇਤ 15 ਆਗੂਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ।
                  ਇਸੇ ਤਰਾਂ ਸੁਖਬੀਰ ਸਿੰਘ ਬਾਦਲ ਦੀ ਅਗਵਾਈ ‘ਚ ਮੁੱਲਾਂਪੁਰ ਬਾਰਡਰ ‘ਤੇ ਰੋਸ ਮਾਰਚ ਰੋਕ ਕੇ ਅਕਾਲੀ ਆਗੂਆਂ ਤੇ ਵਰਕਰਾਂ ‘ਤੇ ਵਾਟਰ ਕੈਨਨ ਦੀਆਂ ਬੌਛਾੜਾਂ ਕਰਕੇ ਲਾਠੀਚਾਰਜ਼ ਕੀਤਾ ਗਿਆ।ਇਥੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ, ਬੀਬੀ ਜਗੀਰ ਕੌਰ, ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ ਆਦਿ ਨੂੰ ਗ੍ਰਿਫਤਾਰ ਕਰ ਲ਼ਿਆ ਗਿਆ।ਜਿਥੇ ਪੁੱਜੇ ਅਕਾਲੀ ਵਰਕਰਾਂ ਵਲੋਂ ਕੇਂਦਰ ਦੀ ਮੋਦੀ ਤੇ ਪੰਜਾਬ ਦੀ ਕੈਪਟਨ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।ਉਹ ਇਕੋ ਨਾਅਰਾ ਕਿਸਾਨ ਪਿਆਰਾ ਦੇ ਨਾਅਰੇ ਵੀ ਲਗਾ ਰਹੇ ਸਨ।ਬਾਅਦ ਵਿੱਚ ਗ੍ਰਿਫਤਾਰ ਕੀਤੇ ਗਏ ਸਾਰੇ ਅਕਾਲੀ ਆਗੂਆਂ ਨੂੰ 17 ਸੈਕਟਰ ਦੇ ਥਾਣੇ ਲਿਜਾਇਆ ਗਿਆ।ਜਿਥੋਂ 50 ਦੇ ਕਰੀਬ ਗ੍ਰਿਫਤਾਰ ਕੀਤੇ ਗਏ ਅਕਾਲੀ ਆਗੂਆਂ ਨੂੰ ਰਿਹਾਅ ਕਰ ਦਿਤੇ ਜਾਣ ਦੀ ਖਬਰ ਹੈ।
                 ਸੁਖਬੀਰ ਸਿੰਘ ਬਾਦਲ ਦਾ ਕਹਿਣਾ ਹੈ ਕਿ ਉਨਾਂ ਨੇ ਰਾਸ਼ਟਰਪਤੀ ਦੇ ਨਾਮ ਪੰਜਾਬ ਦੇ ਰਾਜਪਾਲ ਨੂੰ ਮੈਮੋਰੰਡਮ ਦੇਣਾ ਸੀ।ਪਰ ਚੰਡੀਗੜ ਪੁਲਿਸ ਵਲੋਂ ਸ਼ਾਂਤਮਈ ਢੰਗ ਨਾਲ ਚੰਡੀਗੜ੍ਹ ਵੱਲ ਵਧ ਰਹੇ ਅਕਾਲੀ ਆਗੂਆਂ ਤੇ ਵਰਕਰਾਂ ‘ਤੇ ਵਾਟਰ ਕੈਨਨ ਦੀਆਂ ਬੌਛਾੜਾਂ ਅਤੇ ਲਾਠੀਚਾਰਜ਼ ਕੀਤਾ ਗਿਆ।ਇਸ ਕਾਰਵਾਈ ਦੀ ਉਹ ਨਿੰਦਾ ਕਰਦੇ ਹਨ।ਉਨਾਂ ਕਿਹਾ ਕਿ ਵਰਕਰਾਂ ਨਾਲ ਇਸੇ ਦੌਰਾਨ ਹਰਸਿਮਰਤ ਬਾਦਲ ਨੇ ਕਿਹਾ ਹੈ ਕਿ ਉਹ ਸੱਚਾਈ ਦੀ ਵਕਾਲਤ ਕਰ ਰਹੇ ਇਸ ਲਈ ਉਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ।ਬੀਬਾ ਬਾਦਲ ਨੇ ਕਿਹਾ ਕਿ ਉਨਾਂ ਦੀ ਅਵਾਜ਼ ਦਬਾਈ ਨਹੀਂ ਜਾ ਸਕਦੀ।ਬਿਕਰਮ ਮਜੀਠੀਆ ਨੇ ਕਿਹਾ ਕਿ ਲੋਕ ਤੰਤਰ ਦਾ ਗਲਾ ਦਬਾਇਆ ਗਿਆ ਹੈ।ਉਨਾਂ ਕਿਹਾ ਕਿ ਇਹ ਆਰ-ਪਾਰ ਦੀ ਲੜਾਈ ਹੈ।
                    ਜਿਕਰਯੋਗ ਹੈ ਕਿ ਅੱਜ ਸ੍ਰੀ ਅਕਾਲ ਤਖਤ ਸਾਹਿਬ ਤੋਂ ਸ਼ੁਰੂ ਹੋਏ ਰੋਸ ਮਾਰਚ ਦੀ ਅਗਵਾਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵਲੋਂ ਕੀਤੀ ਗਈ ਅਤੇ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਰੋਸ ਮਾਰਚ ਦੀ ਅਗਵਾਈ ਬੀਬਾ ਹਰਸਿਮਰਤ ਬਾਦਲ ਅਤੇ ਤਖਤ ਸ੍ਰੀ ਕੇਸਗੜ ਸਾਹਿਬ ਤੋਂ ਅਰੰਭ ਹੋਏ ਰੋਸ ਮਾਰਚ ਦੀ ਅਗਵਾਈ ਪ੍ਰੋ. ਪ੍ਰੇਮ ਸਿੰਘ ਚੰਦੂਮਾਜ਼ਰਾ ਵਲੋਂ ਕੀਤੀ ਗਈ।ਅਕਾਲੀ ਦਲ ਦੇ ਇਸ ਸ਼ਕਤੀ ਪ੍ਰਦਰਸ਼ਨ ਨੂੰ ਭਰਵਾਂ ਹੁੰਗਾਰਾ ਮਿਲਣ ਦਾ ਦਾਅਵਾ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹਨਾਂ ਰੋਸ ਮਾਰਚਾਂ ਵਿੱਚ ਤਕਰੀਬਨ ਡੇੜ ਲੱਖ ਅਕਾਲੀ ਵਰਕਰ ਸ਼ਾਮਲ ਹੋਏ ਹਨ।

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …