ਅੰਮ੍ਰਿਤਸਰ, 20 ਨਵੰਬਰ (ਸੁਖਬੀਰ ਸਿੰਘ ਖੂਰਮਣੀਆਂ) – ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਵੱਲੋਂ ਵਿਦਿਆਰਥੀਆਂ ਨੂੰ ਸਾਹਿਤਕ ਅਤੇ ਅਕਾਦਮਿਕ ਝਾਨਾਂ ਨਾਲ਼ ਜੋੜਨ ਦੇ ਮਕਸਦ ਤਹਿਤ ‘ਪਰਵਾਸ: ਹਕੀਕਤ ਤੇ ਸੁਪਨੇ’ ਸਿਰਲੇਖ ਹੇਠ ਵਿਸ਼ੇਸ਼ ਅਕਾਦਮਿਕ ਸੈਮੀਨਾਰ ਕਰਵਾਇਆ ਗਿਆ।ਕਾਲਜ ਪ੍ਰਿੰਸੀਪਲ ਡਾ. ਆਤਮ ਸਿੰਘ ਰੰਧਾਵਾ ਦੀ ਸਰਪ੍ਰਸਤੀ ਅਤੇ ਵਿਭਾਗ ਮੁਖੀ ਡਾ. ਪਰਮਿੰਦਰ ਸਿੰਘ ਦੀ ਅਗਵਾਈ ਹੇਠ ਕਰਵਾਏ ਇਸ ਸਮਾਗਮ ’ਚ ਕੈਨੇਡਾ ਤੋਂ ਨਾਮਵਰ ਕਵੀ ਤੇ ਵਾਰਤਾਕਾਰ ਭੌਰਾ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।ਡਾ. ਰੰਧਾਵਾ ਨੇ ਆਏ ਮਹਿਮਾਨਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸੱਤ ਸਮੁੰਦਰੋਂ ਪਾਰ ਬੈਠ ਕੇ ਵੀ ਮਾਂ-ਬੋਲੀ ਪੰਜਾਬੀ ਦੀ ਪ੍ਰਫੁਲਤਾ ਲਈ ਕੰਮ ਕਰ ਰਹੇ ਸਾਹਿਤਕਾਰਾਂ ਦੇ ਜੀਵਨ ਅਨੁਭਵਾਂ ਤੋਂ ਨਵੀਂ ਪੀੜ੍ਹੀ ਨੂੰ ਜਾਣੂ ਕਰਵਾਉਣਾ ਕਾਲਜ ਦੀ ਮੁੱਢਲੀ ਤਰਜ਼ੀਹ ਰਹੀ ਹੈ ਤਾਂ ਜੋ ਵਿਦਿਆਰਥੀਆਂ ਨੂੰ ਆਪਣੀ ਮਾਂ-ਬੋਲੀ ਅਤੇ ਅਮੀਰ ਵਿਰਸੇ ਨਾਲ਼ ਮਜ਼ਬੂਤੀ ਨਾਲ਼ ਜੁੜਿਆ ਜਾ ਸਕੇ।ਉਨ੍ਹਾਂ ਸਾਹਿਤ ਨੂੰ ਲੋਕਾਂ ਨਾਲ਼ ਮਿਲਾਉਣ ਦਾ ਸ਼ਕਤੀਸ਼ਾਲੀ ਸਾਧਨ ਦੱਸਿਆ ਅਤੇ ਇਸ ਨੂੰ ਦੇਸ਼ ਵਿਦੇਸ਼ ’ਚ ਵੱਸਦੇ ਸਾਹਿਤ ਪ੍ਰੇਮੀਆਂ ਨਾਲ਼ ਸਾਂਝ ਸਥਾਪਿਤ ਕਰਨ ਦਾ ਜ਼ਰੀਆ ਪ੍ਰਵਾਨ ਕੀਤਾ।
ਭੌਰਾ ਨੇ ਅਮਰੀਕੀ ਸਮਾਜ ’ਚ ਪਰਵਾਸੀਆਂ ਨੂੰ ਦਰਪੇਸ਼ ਹਾਲਾਤ, ਮੀਡੀਆ ਦੀ ਭੂਮਿਕਾ ਅਤੇ ਪਰਵਾਸੀ ਮਾਨਸਿਕਤਾ ਦੇ ਦੁਆਲ਼ੇ ਬੁਣੇ ਗਏ ਸੁਪਨਿਆਂ ਤੇ ਹਕੀਕਤਾਂ ਦਾ ਪ੍ਰਭਾਵਸ਼ਾਲੀ ਵਿਸ਼ਲੇਸ਼ਣ ਕਰਦਿਆਂ ਕਿਹਾ ਕਿ ਪਰਵਾਸ ਦਾ ਸਫ਼ਰ ਬਹੁਤਾ ਉਲਝਣਾ ਭਰਿਆ ਹੈ।ਉਨ੍ਹਾਂ ਵਿਦੇਸ਼ ’ਚ ਗ਼ਲਤ ਢੰਗ ਨਾਲ਼ ਪਰਵੇਸ਼ ਕਰਨ ਵਾਲ਼ੇ ਨੌਜਵਾਨਾਂ ਬਾਰੇ ਚਿੰਤਾ ਜ਼ਾਹਿਰ ਕਰਦਿਆਂ ਵਿਦੇਸ਼ ’ਚ ਕਾਮਯਾਬ ਹੋਣ ਲਈ ਸਹੀ ਤਰੀਕੇ ਨਾਲ਼ ਪਰਵੇਸ਼ ਕਰਨ ਅਤੇ ਸਖ਼ਤ ਮਿਹਨਤ ਦੇ ਰਾਹ ਚੱਲਣ ਦੀ ਗੱਲ ਆਖੀ।ਉਨ੍ਹਾਂ ਸੋਹਣ ਸਿੰਘ ਸ਼ੀਤਲ ਦੀ ਇਕ ਰਚਨਾ ਦੁਆਰਾ ਪਰਵਾਸ ’ਚ ਰਹਿ ਰਹੇ ਲੋਕਾਂ ਦੇ ਦੁਖਾਂਤ ਨੂੰ ਬਿਆਨ ਕਰਦਿਆਂ ਕਿਹਾ ਕਿ ਸਾਹਿਤ ਸਾਡੇ ਭਾਵਾਂ ਦੀ ਪੇਸ਼ਕਾਰੀ ਦਾ ਸਭ ਤੋਂ ਉੱਤਮ ਸਾਧਨ ਹੈ।
ਸੁਖਪਾਲ ਨੇ ਵਿਦੇਸ਼ੀ ਧਰਤੀ ’ਤੇ ਪੰਜਾਬੀਅਤ ਦੇ ਸੰਘਰਸ਼, ਪਰਵਾਸੀ ਜੀਵਨ ਦੀਆਂ ਅੰਦਰੂਨੀ ਪਰਤਾਂ ਅਤੇ ਕਾਵਿ ਸਿਰਜਣਾ ਦੇ ਬਰੀਕ ਨੁਕਤਿਆਂ ਸਬੰਧੀ ਚਰਚਾ ਕੀਤੀ।ਉਨ੍ਹਾਂ ਵਿਦਿਆਰਥੀਆਂ ਨੂੰ ਮੌਲਿਕ ਸਾਹਿਤ ਪੜ੍ਹਨ ਅਤੇ ਲਿਖਣ ਦੀ ਪ੍ਰਕਿਰਿਆ ਨਾਲ਼ ਜੁੜਨ ਲਈ ਪ੍ਰੇਰਿਤ ਕੀਤਾ।ਉਨ੍ਹਾਂ ਮਾਂ ਤੇ ਕਵਿਤਾ, ਨਦੀਨ, ਕਦੇ ਤਾਂ ਮਿਲੀਏ, ਆਵਾਜ਼, ਪਿੰਡਾ, ਸੀਤਾ ਤੇ ਦਰੋਪਤੀ, ਡੇਵਿਡ, ਦੁਰਯੋਧਨ ਆਦਿ ਕਵਿਤਾਵਾਂ ਰਾਹੀਂ ਮਨੁੱਖ ਦੇ ਅੰਦਰ ਚੱਲਦੇ ਸੰਸਾਰ ਦੀ ਸ਼ਾਬਦਿਕ ਪੇਸ਼ਕਾਰੀ ਕਰਕੇ ਸੋਚਣ ਲਈ ਮਜ਼ਬੂਰ ਕਰ ਦਿੱਤਾ।ਉਨ੍ਹਾਂ ਕਿਹਾ ਕਿ ਕਵੀ ਹੋਣਾ ਵੱਡੀ ਜਿੰਮੇਵਾਰੀ ਵਾਲ਼ਾ ਕੰਮ ਹੈ ਇਸ ਲਈ ਕਵੀ ਵੱਲੋਂ ਆਪਣੀ ਰਚਨਾ ਲਈ ਵਿਸ਼ੇ ਅਤੇ ਸ਼ਬਦ ਚੋਣ ਕਰਦੇ ਸਮੇਂ ਸੁਚੇਤ ਰਹਿਣਾ ਬਹੁਤ ਜ਼ਰੂਰੀ ਹੋ ਜਾਂਦਾ ਹੈ।ਡਾ. ਪਰਮਿੰਦਰ ਸਿੰਘ ਨੇ ਸਮੁੱਚੇ ਮਹਿਮਾਨਾਂ ਦਾ ਧੰਨਵਾਦ ਕੀਤਾ।ਡਾ. ਰੰਧਾਵਾ ਨੇ ਡਾ. ਪਰਮਿੰਦਰ ਸਿੰਘ ਨਾਲ ਮਿਲ ਕੇ ਮਹਿਮਾਨਾਂ ਨੂੰ ਪੰਜਾਬੀ ਸਾਹਿਤ ਅਤੇ ਪੱਤਰਕਾਰੀ ਖੇਤਰ ’ਚ ਵਡਮੁੱਲੀਆਂ ਸੇਵਾਵਾਂ ਬਦਲੇ ਵਿਸ਼ੇਸ਼ ਤੌਰ ’ਤੇ ਸਨਮਾਨ ਚਿੰਨ੍ਹ ਭੇਂਟ ਕੀਤਾ ਗਿਆ।
ਇਸ ਮੌਕੇ ਹਰਮੀਤ ਆਰਟਿਸਟ, ਗੁਰਬੀਰ ਸਿੰਘ ਬਰਾੜ, ਵਿਭਾਗ ਦੇ ਸਮੂਹ ਅਧਿਆਪਕ, ਖੋਜਾਰਥੀ ਅਤੇ ਵਿਦਿਆਰਥੀ ਮੌਜ਼ੂਦ ਸਨ।
Punjab Post Daily Online Newspaper & Print Media