Sunday, August 2, 2026

ਬਿਨਾਂ ਪਰਾਲੀ ਸਾੜੇ ਆਲੂ ਦੀ ਬਿਜ਼ਾਈ ਕਰਦੇ ਹਨ ਸੁਰਿੰਦਰ ਸਿੰਘ ਰੰਧਾਵਾ

ਕਈ ਵਰ੍ਹਿਆਂ ਦੇ ਤਜ਼ਰਬੇ ਨੇ ਕਰਵਾਈ ਅੱਗ ਲਗਾਉਣ ਤੋਂ ਤੋਬਾ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ) – ਆਮ ਤੌਰ ‘ਤੇ ਕਿਸਾਨ ਤਰਕ ਦਿੰਦੇ ਹਨ ਕਿ ਆਲੂ ਅਤੇ ਸਬਜ਼ੀ ਦੀ ਬਿਜ਼ਾਈ ਝੋਨੇ ਤੋਂ ਬਾਅਦ ਕਰਨੀ ਹੁੰਦੀ ਹੈ, ਇਸ ਲਈ ਖੇਤ ਨੂੰ ਛੇਤੀ ਵਿਹਲਾ ਕਰਨ ਵਾਸਤੇ ਪਰਾਲੀ ਸਾੜਨੀ ਪੈਂਦੀ ਹੈ। ਭਾਵੇਂ ਇਸ ਤਰਕ ਦਾ ਪ੍ਰਦੂਸ਼ਣ ਕੰਟਰੋਲ ਬੋਰਡ ਵੱਲੋਂ ਪਰਾਲੀ ਨਾ ਸਾੜਨ ਲਈ ਕੀਤੀਆਂ ਹਦਾਇਤਾਂ ‘ਤੇ ਅਸਰ ਨਹੀਂ ਹੈ, ਪਰ ਪਰਾਲੀ ਸਾੜਣ ਵਰਗਾ ਗਲਤ ਕੰਮ ਕਰਨ ਵੇਲੇ ਇਹ ਬਹਾਨਾ ਮਨ ਨੂੰ ਢਾਰਸ ਦਿੰਦਾ ਹੈ।ਮਾਨਾਂਵਾਲਾ ਕਲਾਂ ਦੇ ਕਿਸਾਨ ਸੁਰਿੰਦਰ ਸਿੰਘ, ਜੋ ਕਿ ਅਗਾਂਹਵਧੂ ਸੋਚ ਦੇ ਕਿਸਾਨ ਹਨ ਅਤੇ ਆਪਣੇ ਖੇਤ ਵਿੱਚ ਹਰ ਨਵੀਂ ਤਕਨੀਕ ਤੇ ਸੰਦ ਵਰਤਣ ਨੂੰ ਤਰਜ਼ੀਹ ਦਿੰਦੇ ਹਨ।ਉਹ ਬੀਤੇ ਕਈ ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਆਲੂ ਦੀ ਬਿਜਾਈ ਵੱਡੇ ਪੱਧਰ ‘ਤੇ ਕਰ ਰਹੇ ਹਨ।ਇਸ ਪਿੰਡ ਦੇ ਖੇਤੀ ਅਧਿਕਾਰੀ ਡਾ. ਅਵਤਾਰ ਸਿੰਘ ਬੁੱਟਰ ਅਤੇ ਤਜਿੰਦਰ ਸਿੰਘ ਦੀ ਪ੍ਰੇਰਨਾ ਸਦਕਾ ਇੰਨਾਂ ਨੇ ਬਿਨਾਂ ਪਰਾਲੀ ਸਾੜੇ ਹਾੜੀ ਦੀਆਂ ਫਸਲਾਂ ਦੀ ਬਿਜ਼ਾਈ ਕਰਨੀ ਸ਼ੁਰੂ ਕੀਤੀ, ਜੋ ਕਿ ਹੁਣ ਆਦਤ ਬਣ ਗਈ ਹੈ।
                     ਅੱਜ ਆਪਣੇ ਖੇਤ ਵਿਚ ਆਲੂ ਦੀ ਬਿਜ਼ਾਈ ਕਰ ਰਹੇ ਰੰਧਾਵਾ ਨੇ ਦੱਸਿਆ ਕਿ ਅਸੀਂ ਝੋਨੇ ਤੋਂ ਬਾਅਦ ਆਲੂ ਦੀ ਖੇਤੀ ਵੱਡੇ ਪੱਧਰ ‘ਤੇ ਕਰਦੇ ਹਾਂ।ਇਸ ਲਈ ਪਹਿਲਾਂ ਤਾਂ ਅਸੀਂ ਸੁਪਰ ਐਸ.ਐਮ.ਐਸ ਤਕਨੀਕ ਵਾਲੀ ਕੰਬਾਇਨ ਵਰਤਦੇ ਹਾਂ, ਦੂਸਰੀ ਕੰਬਾਇਨ ਨਾਲ ਕਟਾਈ ਨਹੀਂ ਕਰਦੇ।ਇਸ ਨਾਲ ਪਰਾਲੀ ਕਾਫੀ ਬਾਰੀਕ ਹੋ ਕੇ ਖੇਤ ਵਿੱਚ ਖਿਲਰ ਜਾਂਦੀ ਹੈ।ਇਸ ਮਗਰੋਂ ਰੋਟਾਵੇਟਰ ਜਾਂ ਉਲਟਾਵੇਂ ਹੱਲ ਅਤੇ ਫਿਰ ਤਵੀਆਂ ਨਾਲ ਪਰਾਲੀ ਖੇਤ ਵਿਚ ਦੱਬ ਦਿੱਤੀ ਜਾਂਦੀ ਹੈ। 5 ਕੁ ਦਿਨ ਖੇਤ ਵਿਚ ਪਰਾਲੀ ਦੱਬਣ ਤੋਂ ਬਾਅਦ ਖੇਤ ਨੂੰ ਤਿਆਰ ਕਰਕੇ ਆਲੂ ਬੀਜ਼ੇ ਜਾਂਦੇ ਹਨ। ਉਨਾਂ ਦੱਸਿਆ ਕਿ ਇਸ ਤਰਾਂ ਬੀਜੇ ਗਏ ਆਲੂ ਦਾ ਝਾੜ ਵੀ ਚੰਗਾ ਮਿਲਦਾ ਹੈ, ਕਿਉਂਕਿ ਪਰਾਲੀ ਵਿਚ ਵਾਹਉਣ ਨਾਲ ਜ਼ਮੀਨ ਨਰਮ ਰਹਿੰਦੀ ਹੈ, ਜੋ ਕਿ ਆਲੂ ਨੂੰ ਵਧਣ ਵਿਚ ਸਹਿਯੋਗ ਦਿੰਦੀ ਹੈ।ਇਸ ਤਰਾਂ ਕਰਨ ਨਾਲ ਸਾਡਾ ਬਿਜ਼ਾਈ ਵੇਲੇ ਖਰਚਾ ਤਾਂ ਆਮ ਨਾਲੋਂ ਥੋੜ੍ਹਾ ਵੱਧ ਆਉਂਦਾ ਹੈ, ਪਰ ਅਸੀਂ ਇਸ ਨੂੰ ਕਰਨਾ ਚੰਗਾ ਸਮਝਦੇ ਹਾਂ ਕਿਉਂਕਿ ਇਕ ਤਾਂ ਇਸ ਨਾਲ ਝਾੜ ਵੱਧ ਜਾਂਦਾ ਹੈ, ਦੂਸਰਾ ਜ਼ਮੀਨ ਨੂੰ ਤਾਕਤ ਮਿਲਦੀ ਹੈ, ਜਿਸ ਦਾ ਕਈ ਸਾਲ ਤਾਂ ਲਾਭ ਹੁੰਦਾ ਰਹਿੰਦਾ ਹੈ।ਉਨਾਂ ਕਿਹਾ ਕਿ ਛੋਟੇ ਕਿਸਾਨਾਂ ਵਾਸਤੇ ਇਹ ਕਰਨਾ ਮੁਸ਼ਿਕਲ ਹੋ ਜਾਂਦਾ ਹੈ, ਇਸ ਲਈ ਕੇਂਦਰ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਝੋਨੇ ‘ਤੇ ਬੋਨਸ ਦੇ ਰੂਪ ਵਿਚ ਵਾਧੂ ਪੈਸਾ ਉਨਾਂ ਕਿਸਾਨਾਂ ਨੂੰ ਦੇਵੇ ਜੋ ਕਿ ਪਰਾਲੀ ਨੂੰ ਅੱਗ ਨਹੀਂ ਲਗਾਉਂਦੇ।ਇਸ ਤਰਾਂ ਇਕ ਤਾਂ ਪਰਾਲੀ ਨਾ ਸਾੜਣ ਵਾਲੇ ਕਿਸਾਨਾਂ ਨੂੰ ਉਤਸ਼ਾਹ ਮਿਲੇਗਾ, ਦੂਸਰਾ ਸਾਡਾ ਖਰਚਾ ਵੀ ਕੁੱਝ ਹੱਦ ਤੱਕ ਪੂਰਾ ਹੋ ਜਾਵੇਗਾ ਅਤੇ ਹਰੇਕ ਕਿਸਾਨ ਇਨਾਂ ਤਕਨੀਕਾਂ ਦੀ ਵਰਤੋਂ ਖੁਸ਼ੀ-ਖੁਸ਼ੀ ਆਪਣੇ ਖੇਤ ਵਿੱਚ ਕਰਨ ਲੱਗੇਗਾ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …