ਡੀ.ਸੀ ਅਤੇ ਡੀ.ਈ.ਓ ਨੂੰ ਸੌਂਪਿਆ ਮੰਗ ਪੱਤਰ
ਅੰਮ੍ਰਿਤਸਰ, 5 ਅਕਤੂਬਰ (ਸੁਖਬੀਰ ਸਿੰਘ) – ਰਾਸਾ ਦੇ ਚੇਅਰਮੈਨ ਹਰਪਾਲ ਸਿੰਘ ਯੂ.ਕੇ ਅਤੇ ਸਮੂਹ ਅਹੁਦੇਦਾਰਾਂ ਵਲੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਅਤੇ
ਸਮੱਸਿਆਵਾਂ ਤੋਂ ਜਾਣੂ ਕਰਵਾਉਣ ਲਈ ਪੰਜਾਬ ਸਰਕਾਰ ਦੇ ਖ਼ਿਲਾਫ਼ ਕੰਪਨੀ ਬਾਗ਼ ਤੋਂ ਡੀ.ਸੀ ਦਫ਼ਤਰ ਅਤੇ ਡੀ.ਈ.ਓ ਦਫ਼ਤਰ ਤੱਕ ਕਾਲੇ ਚੋਲੇ ਪਾ ਕੇ ਤੇ ਜੰਜ਼ੀਰਾਂ ਵਿੱਚ ਜਕੜ ਕੇ ਸ਼ਾਂਤਮਈ ਰੋਸ ਪ੍ਰਦਰਸ਼ਨ ਕੀਤਾ ਗਿਆ।
ਹਰਪਾਲ ਸਿੰਘ ਯੂ.ਕੇ ਨੇ ਇਸ ਸਮੇਂ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਸਮੂਹ ਪ੍ਰਾਈਵੇਟ ਸਕੂਲਾਂ ਨੂੰ ਆਰਥਿਕ ਪੈਕਜ਼ ਦਿੱਤਾ ਜਾਵੇ ਤਾਂ ਜੋ ਪ੍ਰਾਈਵੇਟ ਸਕੂਲ ਜਿਨ੍ਹਾਂ ਦੀ ਆਮਦਨ ਦੇ ਸਰੋਤ ਸੀਮਤ ਹਨ।ਉਹ ਆਪਣੇ ਸਕੂਲਾਂ ਦੇ ਅਧਿਆਪਕਾਂ ਦੀ ਆਰਥਿਕ ਸਹਾਇਤਾ ਕਰ ਸਕਣ।ਸਕੂਲਾਂ ਨੂੰ ਬੱਸਾਂ ਦੇ ਰੋਡ ਟੈਕਸ, ਬੀਮਾ ਪਰਮਿਟ ਤੇ ਹੋਰ ਵਾਧੂ ਟੈਕਸਾਂ ਤੋਂ ਛੋਟ ਮਿਲੇ।ਸਕੂਲ ਪ੍ਰਿੰਸੀਪਲ, ਐਮ.ਡੀ, ਪ੍ਰਬੰਧਕ ਖਿਲਾਫ ਦੁਰਘਟਨਾ ਹੋਣ ‘ਤੇ ਪੁਲਿਸ ਕੇਸ ਦਰਜ਼ ਨਾ ਹੋਵੇ, ਪ੍ਰੀਖਿਆ ਕੇਂਦਰ ਵੀ ਪ੍ਰਾਈਵੇਟ ਸਕੂਲਾਂ ਵਿੱਚ ਹੀ ਸਥਾਪਿਤ ਕੀਤੇ ਜਾਣ।ਸ਼ਹਿਰੀ ਸਕੂਲਾਂ ‘ਤੇ ਪ੍ਰਾਪਰਟੀ ਟੈਕਸ ਮੁਆਫ ਹੋਵੇ ਅਤੇ ਪ੍ਰਾਈਵੇਟ ਸਕੂਲਾਂ ‘ਤੇ ਬਿਜਲੀ ਤੇ ਪਾਣੀ ਦੀਆਂ ਘਰੇਲੂ ਦਰਾਂ ਲਾਗੂ ਕੀਤੀਆਂ ਜਾਣ।ਪੰਜਾਬ ਸਰਕਾਰ ਵਲੋਂ ਪ੍ਰਾਈਵੇਟ ਸਕੂਲਾਂ ਨੂੰ ਬਿਨਾਂ ਵਿਆਜ ਕਰਜ਼ਾ ਦਿੱਤਾ ਜਾਵੇ।ਫੀਸ ਐਕਟ ਪੰਜਾਬ ਸਰਕਾਰ ਦੀ ਧਾਰਾ ਵਿੱਚ ਸੋਧ ਆਦਿ ਮੰਗਾਂ ਤੇ ਪੰਜਾਬ ਸਰਕਾਰ, ਸਿੱਖਿਆ ਵਿਭਾਗ, ਸੰਬੰਧਤ ਵਿਭਾਗ ਵਿਚਾਰ ਕਰਕੇ ਇਹਨਾਂ ਨੂੰ ਅਮਲ ਵਿੱਚ ਲਿਆਵੇ।ਰੋਸ ਪ੍ਰਦਰਸ਼ਨ ਵਿੱਚ ਜਿਲ੍ਹੇ ਭਰ ਤੋਂ ਪ੍ਰਾਈਵੇਟ ਸਕੂਲ ਪ੍ਰਬੰਧਕ ਵਿਸ਼ੇਸ਼ ਤੌਰ ‘ਤੇ ਪਹੁੰਚੇ।
ਇਸ ਮੌਕੇ ਰਾਸਾ ਦੇ ਪ੍ਰਧਾਨ ਰਵੀ ਕੁਮਾਰ, ਜਨਰਲ਼ ਸਕੱਤਰ ਗੁਰਮੁੱਖ ਸਿੰਘ, ਮੁੱਖ ਸਲਾਹਕਾਰ ਦਲਜੀਤ ਸਿੰਘ ਪਠਾਣੀਆ, ਰਵਿੰਦਰ ਸਿੰਘ ਪਠਾਣੀਆ ਤੋਂ ਇਲਾਵਾ ਹੋਰ ਵੀ ਅਹੁਦੇਦਾਰਾਂ ਮੌਜੂਦ ਸਨ।
Punjab Post Daily Online Newspaper & Print Media