Monday, September 14, 2026

ਸਰਹੱਦੀ ਖੇਤਰ ਦੇ ਵਿਕਾਸ ਲਈ ਵਾਹਗਾ ਰਾਹੀਂ ਵਪਾਰ ਨੂੰ ਪੁਨਰ ਸੁਰਜੀਤ ਕੀਤਾ ਜਾਵੇ – ਔਜਲਾ

ਸੰਸਦ ਮੈਂਬਰ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਲਿਖੀ ਚਿੱਠੀ

ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ) – ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਸਰਹੱਦੀ

File Photo

ਖੇਤਰ ਦੇ ਵਪਾਰ ਨੂੰ ਲੱਗੀ ਢਾਹ ਅਤੇ ਵਪਾਰ ਦੀ ਪੁਨਰ ਸੁਰਜੀਤੀ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਦੀ ਗੁਹਾਰ ਲਾਈ ਹੈ।ਗੁਰਜੀਤ ਸਿੰਘ ਔਜਲਾ ਨੇ ਲਿਖਿਆ ਹੈ ਕਿ ਫਰਵਰੀ 2019 ਵਿੱਚ ਪਾਕਿਸਤਾਨੀ ਵਸਤਾਂ `ਤੇ ਕਸਟਮ ਡਿਊਟੀ 200 ਫ਼ੀਸਦੀ ਕਰਨ ਤੋਂ ਬਾਅਦ ਇਸਲਾਮਾਬਾਦ ਵਲੋਂ ਅਗਸਤ 2019 ਵਿੱਚ ਮੁਕੰਮਲ ਤੌਰ `ਤੇ ਵਪਾਰ ਬੰਦ ਕਰ ਦਿੱਤਾ ਗਿਆ ਸੀ।ਇਸੇ ਦੌਰਾਨ ਹੀ ਕੋਰੋਨਾ ਵਰਗੀ ਮਹਾਂਮਾਰੀ ਦੇ ਆਉਣ ਨਾਲ ਸਰਹੱਦੀ ਖੇਤਰ ਦੇ ਵਪਾਰ ਨੂੰ ਭਾਰੀ ਨੁਕਸਾਨ ਪਹੁੰਚਿਆ।ਇਸ ਵਪਾਰ ਨਾਲ ਸਬੰਧਤ ਲਗਭਗ 20 ਹਜ਼ਾਰ ਪਰਿਵਾਰ ਬੇਰੁਜ਼ਗਾਰ ਹੋ ਕੇ ਘਰਾਂ ਵਿੱਚ ਬੈਠਣ ਲਈ ਮਜ਼ਬੂਰ ਹੋ ਗਏ।ਭਾਵੇਂ ਅਫਗਾਨਿਸਤਾਨ ਤੋਂ ਕੁੱਝ ਟਰੱਕ ਭਾਰਤ ਨੂੰ ਆ ਰਹੇ ਹਨ। ਪਰ ਇਸ ਦਾ ਅੰਮ੍ਰਿਤਸਰ ਅਤੇ ਸਰਹੱਦੀ ਖੇਤਰ ਨੂੰ ਆਰਥਿਕ ਤੌਰ `ਤੇ ਕੋਈ ਵੀ ਲਾਭ ਨਹੀਂ ਹੋ ਰਿਹਾ।ਉਨਾਂ ਕਿਹਾ ਕਿ ਸਰਹੱਦੀ ਵਪਾਰ ਬੰਦ ਹੋਣ ਕਰਕੇ ਅੰਮ੍ਰਿਤਸਰ ਦੇ ਵਪਾਰ ਨੂੰ ਹਰ ਮਹੀਨੇ 30 ਕਰੋੜ ਨੁਕਸਾਨ ਹੋ ਰਿਹਾ ਹੈ।ਭਾਵੇਂ ਕਰਤਾਰਪੁਰ ਕਾਰੀਡੋਰ ਖੁੱਲ੍ਹਣ ਨਾਲ ਵਪਾਰ ਦੀਆਂ ਸੰਭਾਵਨਾਵਾਂ ਜਾਗੀਆਂ ਸਨ।
             ਔਜਲਾ ਨੇ ਲਿਖਿਆ ਹੈ ਕਿ ਸਰਹੱਦੀ ਖੇਤਰ ਦਾ ਲੋਕ ਸਭਾ ਮੈਂਬਰ ਹੋਣ ਦੇ ਨਾਤੇ ਖੇਤੀਬਾੜੀ ਅਤੇ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਉਹ ਆਪ ਨੂੰ ਅਪੀਲ ਕਰਦੇ ਹਨ ਕਿ ਜਲਦ ਤੋਂ ਜਲਦ ਕੂਟਨੀਤਕ ਪਹਿਲਕਦਮੀ ਕਰਕੇ ਅਟਾਰੀ ਬਾਰਡਰ ਰਾਹੀਂ ਵਪਾਰ ਦੀ ਮੁੜ ਬਹਾਲੀ ਕਰਵਾਈ ਜਾਵੇ।ਕਿਉਂਕਿ ਗਰੀਬ ਤੇ ਹੇਠਲੇ ਵਰਗ ਨਾਲ ਸਬੰਧਤ ਕੁਲੀ ਵੀ ਅਟਾਰੀ ਸਰਹੱਦ ਰਾਹੀਂ ਬੰਦ ਪਏ ਵਪਾਰ ਤੋਂ ਪ੍ਰਭਾਵਿਤ ਹਨ।
                 ਉਨਾਂ ਕਿਹਾ ਕਿ ਵਰਲਡ ਬੈਂਕ ਦੀ ਇੱਕ ਰਿਪੋਰਟ ਅਨੁਸਾਰ ਜੇਕਰ ਦੋਵੇਂ ਦੇਸ਼ ਫਰਾਖਦਿਲੀ ਨਾਲ ਵਪਾਰ ਕਰਨ ਤਾਂ ਇਹ ਵਪਾਰ ਜੋ ਅੱਜ 2.5 ਮਿਲੀਅਨ ਡਾਲਰ ਤੋਂ ਵਧ ਕੇ 37 ਮਿਲੀਅਨ ਡਾਲਰ ਤੱਕ ਪਹੁੰਚ ਸਕਦਾ ਹੈ।ਔਜਲਾ ਨੇ ਪ੍ਰਧਾਨ ਮੰਤਰੀ ਤੋਂ ਇਹ ਵੀ ਮੰਗ ਕੀਤੀ ਕਿ 14 ਅਕਤੂਬਰ ਨੂੰ ਕਿਸਾਨ ਜਥੇਬੰਦੀਆਂ ਨਾਲ ਹੋ ਰਹੀ ਸੈਕਟਰੀ ਪੱਧਰ ਦੀ ਮੀਟਿੰਗ ਵਿੱਚ ਵਪਾਰ ਨਾਲ ਸਬੰਧਤ ਮੁੱਦਾ ਵੀ ਵਿਚਾਰਿਆ ਜਾਵੇ ਤੇ ਇਸ ਨੂੰ ਏਜੰਡੇ ਵਿੱਚ ਸ਼ਾਮਲ ਕਰਕੇ ਕਿਸਾਨਾਂ ਨੂੰ ਮੁਫ਼ਤ ਤੇ ਖੁੱਲ੍ਹਾ ਵਪਾਰ ਕਰਨ ਦੀ ਇਜਾਜ਼ਤ ਦਿੱਤੀ ਜਾਵੇ।
                   ਜਿਕਰਯੋਗ ਹੈ ਕਿ ਇਸ ਪੱਤਰ ਦੀ ਕਾਪੀ ਦੇਸ਼ ਦੇ ਖੇਤੀਬਾੜੀ ਮੰਤਰੀ, ਵਿੱਤ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਵੀ ਭੇਜੀ ਗਈ ਹੈ ਤਾਂ ਜੋ ਇਸ ਮਸਲੇ ਦੇ ਹੱਲ ਲਈ ਸੰਜ਼ੀਦਾ ਕਦਮ ਉਠਾਏ ਜਾ ਸਕਣ।

Check Also

ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ

ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …