ਕਿਹਾ, ਅਕਾਲੀ- ਕਾਂਗਰਸੀ ਤੇ ਆਪ ਵਾਲੇ ਸੇਕ ਰਹੇ ਨੇ ਸਿਆਸੀ ਰੋਟੀਆਂ
ਅੰਮ੍ਰਿਤਸਰ, 13 ਅਕਤੂਬਰ (ਸੁਖਬੀਰ ਸਿੰਘ) – ਲੋਕ ਇਨਸਾਫ ਪਾਰਟੀ ਵਲੋਂ ਐਲਾਨੇ ਪੰਜਾਬੀ ਭਾਜਪਾ ਆਗੂਆਂ ਦੀਆਂ ਕੋਠੀਆਂ ਘੇਰਨ ਦੇ ਐਲਾਨ ਤਹਿਤ ਅੱਜ
ਭਾਰਤੀ ਜਨਤਾ ਪਾਰਟੀ ਦੇ ਕੋਮੀ ਜਨਰਲ ਸਕੱਤਰ ਤਰੁਨ ਚੁੱਘ ਦੀ ਕੋਠੀ ਘੇਰ ਕੇ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ਹੇਠ ਅਹੁਦੇਦਾਰਾਂ ਤੇ ਵਰਕਰਾਂ ਨੇ ਖੇਤੀ ਸੁਧਾਰ ਕਾਨੂੰਨ ਦੀਆਂ ਕਾਪੀਆਂ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ।
ਲੋਕ ਇਨਸਾਫ ਪਾਰਟੀ ਨੇ “ਨਰਿੰਦਰ ਮੋਦੀ-ਕਿਸਾਨ ਵਿਰੋਧੀ” “ਕਿਸਾਨ ਹੈ-ਜਹਾਨ ਹੈ” ਦੇ ਨਾਅਰੇ ਲਾਏ।ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਜਦ ਖੇਤੀ ਸੁਧਾਰ ਆਰਡੀਨੈਂਸ ਲੋਕ ਸਭਾ ਵਿਚ ਪੇਸ਼ ਕੀਤਾ ਹੀ ਸੀ ਅਤੇ ਇਸ ਬਾਰੇ ਕਿਸਾਨ ਜੱਥੇਬੰਦੀਆਂ ਨੂੰ ਵੀ ਪੂਰੀ ਤਰਾਂ ਪਤਾ ਨਹੀ ਸੀ, ਉਦੋਂ ਤੋਂ ਹੀ ਲੋਕ ਇਨਸਾਫ ਪਾਰਟੀ ਇਸ ਦੇ ਵਿਰੋਧ ਵਿੱਚ ਝੰਡਾ ਚੁੱਕ ਲਿਆ ਸੀ ਅਤੇ ਸਭ ਤੋਂ ਪਹਿਲਾਂ ਅਮ੍ਰਿਤਸਰ ਤੋਂ ਚੰਡੀਗੜ੍ਹ ਤੱਕ 300 ਕਿਲੋਮੀਟਰ ਦੀ ਸਾਈਕਲ ਯਾਤਰਾ ਕਰਦੇ ਹੋਏ 10 ਲੱਖ ਪੋਸਟਰ ਵੰਡੇ।ਇਸ ਉਪਰੰਤ ਲੋਕ ਸਭਾ ਘੇਰਣ ਦੇ ਪ੍ਰੋਗਰਾਮ ਤਹਿਤ ਦਿੱਲੀ ਵੱਲ ਕੂਚ ਕੀਤਾ, ਪ੍ਰੰਤੂ ਹਰਿਆਣਾ ਦੀ ਭਾਜਪਾ ਸਰਕਾਰ ਵਲੋਂ ਉਨਾਂ ਨੂੰ ਵਾਪਸ ਮੋੜ ਦਿੱਤਾ ਗਿਆ।ਬੈਂਸ ਨੇ ਵਿਸ਼ਵਾਸ ਦੁਆਇਆ ਕਿ ਉਹ ਅਤੇ ਉਨਾ ਦੀ ਪਾਰਟੀ ਕਿਸਾਨਾਂਾ ਦੇ ਹਰੇਕ ਅੰਦੋਲਨ ਵਿੱਚ ਜਿਲਾ ਪੱਧਰ, ਸੂਬਾ ਪੱਧਰ ਜਾਂ ਦਿੱਲੀ ਵਿੱਚ ਕੀਤੇ ਜਾਣ ਵਾਲੇ ਕਿਸੇ ਵੀ ਪ੍ਰਦਰਸ਼ਨ ਵਿਚ ਵੱਧ ਚੜ੍ਹ ਕੇ ਹਿੱਸਾ ਲਵੇਗੀ।
ਉਨਾਂ ਕਿਹਾ ਕਿ ਅਕਾਲੀਆਂ ਤੇ ਕਾਂਗਰਸੀਆਂ ਨੇ ਇਹ ਕਾਨੂੰਨ ਬਣਾਉਣ ਲਈ ਪਹਿਲਾਂ ਸਹਿਮਤੀ ਦੇ ਦਿੱਤੀ ਅਤੇ ਹੁਣ ਇਸ ਵਿਰੁੱਧ ਜਾਣ ਦਾ ਨਾਟਕ ਕਰਦੇ ਹੋਏ ਸਿਆਸੀ ਰੋਟੀਆਂ ਸੇਕ ਰਹੇ ਹਨ।ਬੈਂਸ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਦਾ ਹੰਗਾਮੀ ਸੈਸ਼ਨ ਨਾ ਬੁਲਾ ਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਰਾਜਿਆਂ ਵਾਲੀ ਸੋਚ ਦਾ ਸਬੂਤ ਦਿੱਤਾ ਹੈ, ਲੇਕਿਨ ਉਸ ਨੂੰ ਪੰਜਾਬ ਹਿਤੈਸ਼ੀ ਫੈਸਲੇ ਲੈਣੇ ਚਾਹੀਦੇ ਹਨ।ਉਨਾਂ ਆਮ ਆਦਮੀ ਪਾਰਟੀ ਦੇ ਆਗੂਆਂ ‘ਤੇ ਵਰਦੇ ਹੋਏ ਕਿਹਾ ਕਿ ਉਹ ਵੀ ਕਿਸਾਨਾਂ ਦੇ ਜਜ਼ਬਾਤਾਂ ਨਾਲ ਖੇਡਣ ਦੀ ਕੋਸ਼ਿਸ਼ ਕਰ ਰਹੇ ਹਨ।ਜੇਕਰ ਕੇਜਰੀਵਾਲ ਸੱਚਮੁੱਚ ਕਿਸਾਨ ਹਿਤੈਸ਼ੀ ਅਤੇ ਸੁਬਿਆਂ ਦੇ ਵੱਧ ਅਧਿਕਾਰਾਂ ਦਾ ਹਾਮੀ ਹਨ ਤਾਂ ਉਹ ਦਿੱਲੀ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਕਿਸਾਨਾਂ ਦੇ ਹੱਕ ਵਿਚ ਫੈਸਲੇ ਲੈਣ।ਉਨਾ ਕਿਹਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਇਕ ਪਾਸੇ ਤਾਂ ਕਿਸਾਨ ਆਗੂਆਂ ਨੂੰ ਗੱਲਬਾਤ ਦਾ ਸੱਦਾ ਦੇ ਰਹੇ ਹਨ, ਪਰ ਦੂਜੇ ਪਾਸੇ ਰੇਲ ਲਾਈਨਾਂ ਤੋਂ ਹਟ ਜਾਣ ਦੀਆਂ ਧਮਕੀਆਂ ਦੇ ਰਹੇ ਹਨ।ਬੈਂਸ ਨੇ ਕਿਹਾ ਕਿ ਕਿਸਾਨਾ ਦੀ ਮੋਤ ਦਾ ਫਰਮਾਨ ਕਿਸਾਨ ਵਿਰੋਧੀ ਕਾਨੂੰਨ ਕਿਸੇ ਵੀ ਹਾਲਤ ਵਿਚ ਲਾਗੂ ਨਹੀ ਹੋਣ ਦਿੱਤਾ ਜਾਵੇਗਾ ਭਾਵੇਂ ਇਸ ਲਈ ਕਿਨਾਂ ਵੱਡਾ ਸੰਘਰਸ਼ ਕਿਉ ਨਾ ਕਰਨਾ ਪਵੇ।
ਇਸ ਮੋਕੇ ਤੇ ਬੈਂਸ ਤੋਂ ਇਲਾਵਾ ਰਣਧੀਰ ਸਿੰਘ ਸਿਵੀਆ, ਪਾਰਟੀ ਦੇ ਮੁੱਖ ਬੁਲਾਰੇ ਗਗਨਦੀਪ ਸਿੰਘ ਸੰਨੀ ਕੈਂਥ, ਅਮਰੀਕ ਸਿੰਘ ਵਰਪਾਲ, ਜਗਜੋਤ ਸਿੰਘ ਖਾਲਸਾ, ਮਨਦੀਪ ਸਿੰਘ ਪ੍ਰਧਾਨ ਅੰਮ੍ਰਿਤਸਰ, ਮਨਜੀਤ ਸਿੰਘ, ਹਰਪ੍ਰੀਤ ਮਹਿਲ, ਫੁਲਪ੍ਰੀਤ ਸਿੰਘ, ਰਣਧੀਰ ਸਿੰਘ, ਬਲਦੇਵ ਸਿੰਘ ਪ੍ਰਧਾਨ ਲੁਧਿਆਣਾ, ਗੁਰਜੋਧ ਸਿੰਘ ਗਿੱਲ, ਹਰਜਾਪ ਸਿੰਘ ਗਿੱਲ, ਦਵਿੰਦਰ ਸਿੰਘ ਜਲੰਧਰ, ਭਰਪੂਰ ਸਿੰਘ ਮੈਹਣੀਆਂ ਸਮੇਤ ਵੱਡੀ ਗਿਣਤੀ ਵਿਚ ਪਾਰਟੀ ਵਰਕਰ ਹਾਜਰ ਸਨ।
Punjab Post Daily Online Newspaper & Print Media