ਕਿਸਾਨਾਂ ਨੂੰ ਕੀਤਾ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਗੈਰ ਖੇਤੀ ਕਰਨ ਲਈ ਕੀਤਾ ਪ੍ਰੇਰਿਤ
ਪਠਾਨਕੋਟ, 13 ਅਕਤੂਬਰ (ਪੰਜਾਬ ਪੋਸਟ ਬਿਊਰੋ) – ਬਲਾਕ ਪਠਾਨਕੋਟ ਵਿੱਚ ਲਗਾਤਾਰ ਕੱਦੂ ਕਰਕੇ ਝੋਨੇ ਅਤੇ ਬਾਸਮਤੀ ਦੀ ਕਾਸ਼ਤ ਕਰਨ ਨਾਲ ਕਿਸਾਨਾਂ ਨੂੰ
ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।ਇਨਾਂ ਮੁਸ਼ਕਲਾਂ ਅਤੇ ਕੋਵਿਡ-19 ਕਾਰਨ ਮਜ਼ਦੂਰਾਂ ਦੀ ਘਾਟ ਨੂੰ ਮੁੱਖ ਰੱਖਦਿਆਂ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵਲੋਂ ਕਿਸਾਨਾਂ ਨੂੰ ਝੌਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ।ਬਲਾਕ ਪਠਾਨਕੋਟ ਦੇ ਪਿੰਡ ਅਖਰੋਟਾ ਦੇ ਵਸਨੀਕ ਉਦਮੀ ਨੌਜਵਾਨ ਕਿਸਾਨ ਬੂਟਾ ਸਿੰਘ ਨੇ 7 ਏਕੜ ਰਕਬੇ ਵਿੱਚ ਝੋਨੇ ਦੀ ਸਿੱਧੀ ਬਿਜ਼ਾਈ ਕਰਕੇ ਸਫਲਤਾ ਹਾਸਲ ਕੀਤੀ ਅਤੇ ਦੂਸਰੇ ਕਿਸਾਨਾਂ ਲਈ ਪ੍ਰੇਰਣਾ ਸਰੋਤ ਬਣੇ। ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਦੇ ਦਿਸ਼ਾਂ ਨਿਰਦੇਸ਼ਾਂ ਅਤੇ ਡਾ. ਹਰਤਰਨਪਾਲ ਸਿੰਘ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲ਼ਾਈ ਵਿਭਾਗ ਬਲਾਕ ਪਠਾਨਕੋਟ ਵਲੋਂ ਬੂਟਾ ਸਿੰਘ ਦੇ ਖੇਤਾਂ ਵਿੱਚ ਖੇਤ ਦਿਵਸ ਮਨਾਇਆ ਗਿਆ।ਜਿਸ ਦੀ ਪ੍ਰਧਾਨਗੀ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਨੇ ਕੀਤੀ।ਇਸ ਸਮੇਂ ਗੁਰਦਿੱਤ ਸਿੰਘ ਖੇਤੀਬਾੜੀ ਵਿਸਥਾਰ ਅਫਸਰ, ਅੰਸ਼ੁਮਨ ਸ਼ਰਮਾ, ਨਿਰਪਜੀਤ ਸਿੰਘ ਖੇਤੀਬਾੜੀ ਉਪ ਨਿਰੀਖਕ, ਸੁਖਜਿੰਦਰ ਸਿੰਘ, ਅਮਨਦੀਪ ਸਿੰਘ ਸਹਾਇਕ ਤਕਨਾਲੋਜੀ ਪ੍ਰਬੰਧਕ ਸਮੇਤ ਕਈ ਕਿਸਾਨ ਹਾਜ਼ਰ ਸਨ।
ਇਸ ਮੰਕੇ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਡਾ. ਅਮਰੀਕ ਸਿੰਘ ਨੇ ਕਿਹਾ ਸਰਕਾਰ ਵੱਲੋਂ ਵਿਸ਼ੇਸ ਮੂਹਿੰਮ ਚਲਾ ਕੇ ਜਿਲ੍ਹਾ ਪਠਾਨਕੋਟ ਦੇ ਕਿਸਾਨਾਂ ਨੂੰ ਪਰਾਲੀ ਅਤੇ ਕਣਕ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਏ ਬਿਨ੍ਹਾਂ ਖੇਤੀ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਉਨਾਂ ਕਿਹਾ ਕਿ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ ਸੀ, ਜਿਸ ਦੇ ਬਹੁਤ ਵੀ ਵਧੀਆਂ ਨਤੀਜੇ ਮਿਲ ਰਹੇ ਹਨ।
ਕਿਸਾਨ ਬੂਟਾ ਸਿੰਘ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ ਝੋਨੇ ਦੀ ਸਿੱਧੀ ਬਿਜ਼ਾਈ ਡਰਿੱਲ ਨਾਲ 10 ਮਈ ਨੂੰ ਕੀਤੀ ਸੀ।ਖੇਤੀਬਾੜੀ ਮਹਿਕਮੇ ਦੀਆਂ ਸਿਫਾਰਸ਼ਾਂ ਅਨੁਸਾਰ ਪਹਿਲਾ ਪਾਣੀ 21 ਦਿਨਾਂ ਬਾਅਦ ਲਗਾਇਆ ਗਿਆ ਸੀ ਅਤੇ ਕੁੱਲ ਡੇਢ ਬੈਗ ਯੂਰੀਆ ਪ੍ਰਤੀ ਏਕੜ ਵਰਤੋਂ ਕੀਤੀ ਗਈ।ਸਿੱਧੀ ਬਿਜ਼ਾਈ ਨਾਲ ਕਾਸ਼ਤ ਕੀਤੇ ਝੋਨੇ ਦੀ ਪੈਦਾਵਾਰ ਤਕਰੀਬਨ 32 ਕੁਇੰਟਲ ਪ੍ਰਤੀ ਏਕੜ ਨਿਕਲੀ ਹੈ।ਜਦ ਆਮ ਵਿਧੀ ਨਾਲ ਕਾਸ਼ਤ ਕੀਤੇ ਝੋਨੇ ਦੀ ਪੈਦਾਵਾਰ 29 ਕੁਇੰਟਲ ਪ੍ਰਤੀ ਏਕੜ ਰਹੀ ਹੈ।ਉਨਾਂ ਕਿਹਾ ਕਿ ਅਗਲੇ ਸਾਉਣੀ ਸੀਜ਼ਨ ਦੌਰਾਨ ਪਿੰਡ ਅਖਰੋਟਾ ਵਿੱਚ ਤਕਰੀਬਨ ਸਾਰੇ ਰਕਬੇ ਵਿੱਚ ਹੀ ਸਿੱਧੀ ਬਿਜ਼ਾਈ ਨਾਲ ਝੋਨੇ ਦੀ ਕਾਸ਼ਤ ਕੀਤੀ ਜਾਵੇਗੀ।ਅੰਸ਼ੁਮਨ ਸ਼ਰਮਾ ਨੇ ਸਮੂਹ ਕਿਸਾਨਾਂ ਅਤੇ ਖੇਤੀ ਮਾਹਿਰਾਂ ਦਾ ਧੰਨਵਾਦ ਕੀਤਾ।
Punjab Post Daily Online Newspaper & Print Media