ਸ਼ਹਿਰ ਵਿੱਚ ਪਹਿਲੀ ਵਾਰ ਵੱਡੇ ਪੱਧਰ ‘ਤੇ ਕੀਤੀ ਜਾ ਰਹੀ ਏਅਰ ਅਤੇ ਸਾਊਂਡ ਪ੍ਰਦੂਸ਼ਣ ਦੀ ਨਿਗਰਾਨੀ
ਅੰਮ੍ਰਿਤਸਰ, 19 ਅਕਤੂਬਰ (ਜਗਦੀਪ ਸਿੰਘ) – ਸਮਾਰਟ ਸਿਟੀ ਮਿਸ਼ਨ ਤਹਿਤ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਕੀਤੀ ਜਾ ਰਹੀ
ਹੈ।ਜਿਸ ਦੇ ਤਹਿਤ ਹਵਾ ਪ੍ਰਦੂਸ਼ਣ ਦੇ ਨਾਲ-ਨਾਲ ਸਾਉੰਡ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਕੀਤੀ ਜਾਵੇਗੀ।ਇਸ ਦੇ ਤਹਿਤ ਸ਼ਹਿਰ ਦੀ ਕੁੱਲ 13 ਥਾਵਾਂ ਬੱਸ ਸਟੈਂਡ, ਮਕਬੂਲਪੁਰਾ ਚੌਂਕ, ਸੌ ਫੂਟੀ ਰੋਡ ਚੌਂਕ, ਭਗਤਵਾਲਾ ਚੌਂਕ, ਡੀ.ਟੀ.ਓ ਦਫਤਰ ਚੌਂਕ ਰਿਆਲਟੋ ਚੌਂਕ ਬੀ-ਬਲਾਕ ਮਾਰਕੀਟ ਰਣਜੀਤ ਐਵੀਨਿਉ, ਫੋਰ.ਐਸ ਚੌਂਕ, ਮੁਸਤਫਾਬਾਦ ਬੀ.ਆਰ.ਟੀ.ਐਸ ਸਟੇਸ਼ਨ ਬਟਾਲਾ ਰੋਡ, ਰਤਨ ਸਿੰਘ ਚੌਂਕ, ਛੇਹਰਟਾ ਚੌਂਕ, ਮਜੀਠਾ ਰੋਡ ਬਾਈਪਾਸ ਚੌਂਕ, ਟਾਊਨ ਹਾਲ ਵਿੱਚ ਤਿੰਨ ਦਿਨਾਂ ਲਈ ਕੌਮਬੋ ਡਸਟ ਸੈਂਪਲਰ ਮਸ਼ੀਨ ਅਤੇ ਸਾਉੰਡ ਪ੍ਰਦੂਸ਼ਣ ਮਾਨੀਟਰ ਰਾਹੀਂ ਹਵਾ ਵਿੱਚ ਮੌਜ਼ੂਦ ਪ੍ਰਦੂਸ਼ਣ ਅਤੇ ਸਾਉੰਡ ਪ੍ਰਦੂਸ਼ਣ ਦੇ ਲੈਵਲ ਦੀ 24 ਘੰਟੇ ਨਿਰੰਤਰ ਨਿਗਰਾਨੀ ਕੀਤੀ ਜਾਵੇਗੀ।
ਇਸ ਬਾਰੇ ਵਧੇਰੇ ਜਾਣਕਾਰੀ ਦਿੰਦੇ ਹੋਏ ਸੀ.ਈ.ਓ ਸਮਾਰਟ ਸਿਟੀ ਅਤੇ ਨਗਰ ਨਿਗਮ ਕਮਿਸ਼ਨਰ ਕੋਮਲ ਮਿੱਤਲ ਨੇ ਕਿਹਾ ਕਿ ਅਜੇ ਤੱਕ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਦੀ ਪਹਿਲਾਂ ਇੰਨੇ ਵੱਡੇ ਪੱਧਰ ‘ਤੇ ਜਾਂਚ ਨਹੀਂ ਕੀਤੀ ਗਈ ਹੈ।ਸਮਾਰਟ ਸਿਟੀ ਮਿਸ਼ਨ ਤਹਿਤ ਕੀਤੀ ਜਾ ਰਹੀ ਇਸ ਨਿਗਰਾਨੀ ਦਾ ਮੁੱਖ ਉਦੇਸ਼ ਸ਼ਹਿਰ ਦੇ ਵੱਖ-ਵੱਖ ਹਿੱਸਿਆਂ ਵਿੱਚ ਪ੍ਰਦੂਸ਼ਣ ਦੇ ਪੱਧਰ ਨੂੰ ਮਾਪਣਾ ਹੈ।ਇਸ ਲਈ ਹਫ਼ਤੇ ਦੇ ਦੋ ਵਰਕਿੰਗ ਦਿਨ (ਸ਼ਨੀਵਾਰ ਨੂੰ ਛੱਡ ਕੇ) ਅਤੇ ਐਤਵਾਰ ਇਕ ਜਗ੍ਹਾ ‘ਤੇ ਤਿੰਨ ਦਿਨਾਂ ਲਈ ਨਿਗਰਾਨੀ ਕੀਤੀ ਜਾਵੇਗੀ।ਇਸ ਤੋਂ ਇਲਾਵਾ, ਮੋਟਰ ਵਾਹਨਾਂ ਦੁਆਰਾ ਹੋਣ ਵਾਲੇ ਸਾਉੰਡ ਪ੍ਰਦੂਸ਼ਣ ਦੀ ਨਿਗਰਾਨੀ ਵੀ ਕੀਤੀ ਜਾ ਰਹੀ ਹੈ।ਇਸ ਨਿਗਰਾਨੀ ਵਿੱਚ ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ ਨਿਰਧਾਰਤ ਕੀਤੇ ਸਾਰੇ 12 ਮਾਪਦੰਡਾਂ ਦੀ ਜਾਂਚ ਕੀਤੀ ਜਾ ਰਹੀ ਹੈ।ਜਿਸ ਤਹਿਤ ਮੁੱਖ ਤੌਰ ‘ਤੇ ਹਵਾ ਵਿੱਚ ਮੌਜ਼ੂਦ ਪੀ.ਐਮ 10 ਅਤੇ 2.5 ਦੇ ਪੱਧਰ, ਸਲਫਰ-ਡਾਈਆਕਸਾਈਡ, ਨਾਈਟ੍ਰੋਜਨ-ਡਾਈਆਕਸਾਈਡ, ਕਾਰਬਨ-ਮੋਨੋਆਕਸਾਈਡ ਦੀ ਜਾਂਚ ਕੀਤੀ ਜਾਏਗੀ।ਉਨ੍ਹਾਂ ਦੱਸਿਆ ਕਿ ਸਮਾਰਟ ਸਿਟੀ ਮਿਸ਼ਨ ਤਹਿਤ ਕੀਤੀ ਜਾ ਰਹੀ ਇਹ ਨਿਗਰਾਨੀ ਦੋ ਪੜਾਵਾਂ (ਮਾਨਸੂਨ ਤੋਂ ਪਹਿਲਾਂ ਅਤੇ ਮਾਨਸੂਨ ਤੋਂ ਬਾਅਦ) ਕੀਤੀ ਜਾਵੇਗੀ।ਇਸ ਸਮੇਂ, ਮੌਨਸੂਨ ਤੋਂ ਬਾਅਦ ਦੀ ਨਿਗਰਾਨੀ ਦਾ ਪੜਾਅ ਚੱਲ ਰਿਹਾ ਹੈ।ਮੌਜ਼ੂਦਾ ਨਿਗਰਾਨੀ ਤੋਂ ਸਾਨੂੰ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਸਭ ਤੋਂ ਉੱਚ ਪੱਧਰ ਦੀ ਸਟੀਕ ਜਾਣਕਾਰੀ ਮਿਲੇਗੀ, ਕਿਉਂਕਿ ਇਸ ਸਮੇਂ ਉਤਰ ਭਾਰਤ ਵਿੱਚ ਪਰਾਲੀ ਸਾੜਨ ਕਾਰਨ ਪ੍ਰਦੂਸ਼ਣ ਦਾ ਪੱਧਰ ਸਾਲ ਵਿੱਚ ਸਭ ਤੋਂ ਵੱਧ ਹੁੰਦਾ ਹੈ।ਪ੍ਰਾਪਤ ਹੋਣ ਵਾਲਾ ਡਾਟਾ ਸਾਨੂੰ ਪੂਰੇ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਦਾ ਮੁਲਾਂਕਣ ਕਰਨ ਤੇ ਸਮਰੱਥ ਕਰੇਗਾ।
ਸਮਾਰਟ ਸਿਟੀ ਸੀ.ਈ.ਓ ਕੋਮਲ ਮਿੱਤਲ ਦਾ ਕਹਿਣਾ ਹੈ ਕਿ ਮੌਜ਼ੂਦਾ ਸਮੇ ‘ਚ ਸ਼ਹਿਰ ਵਿੱਚ ਪ੍ਰਦੂਸ਼ਣ ਦੀ ਜਾਂਚ ਪ੍ਰਦੂਸ਼ਣ ਕੰਟਰੋਲ ਬੋਰਡ ਵਲੋਂ 24 ਘੰਟੇ ਚੱਲ ਰਹੇ ਦੋ ਸਟੇਸ਼ਨਾਂ ਤੋਂ ਕੀਤੀ ਜਾ ਰਹੀ ਹੈ।ਜਿਸ ਵਿਚੋਂ ਇਕ ਫੋਕਲ ਪੁਆਇੰਟ ਨੇੜੇ ਅਤੇ ਦੂਜਾ ਸ੍ਰੀ ਦਰਬਾਰ ਸਾਹਿਬ ਦੇ ਨੇੜੇ ਸਥਿਤ ਹੈ।ਪਰ ਇਹਨਾਂ ਸਟੇਸ਼ਨਾਂ ਦੀ ਰੇਂਜ਼ ਸੀਮਤ ਹੋਣ ਕਾਰਨ, ਬਾਕੀ ਸ਼ਹਿਰ ਵਿੱਚ ਪ੍ਰਦੂਸ਼ਣ ਦੇ ਪੱਧਰ ਦਾ ਸਟੀਕ ਅਨੁਮਾਨ ਲਗਾਉਣਾ ਮੁਸ਼ਕਲ ਹੋ ਜਾਂਦਾ ਹੈ।ਇਸ ਤੋਂ ਇਲਾਵਾ, ਇਨ੍ਹਾਂ ਸਟੇਸ਼ਨਾਂ ਵਿੱਚ ਸਾਊਂਡ ਪ੍ਰਦੂਸ਼ਣ ਦੇ ਪੱਧਰ ਦੀ ਜਾਂਚ ਵੀ ਨਹੀਂ ਕੀਤੀ ਜਾਂਦੀ।ਇਨ੍ਹਾਂ ਚੀਜ਼ਾਂ ਨੂੰ ਧਿਆਨ ਵਿੱਚ ਰੱਖਦਿਆਂ, ਇਹ ਨਿਗਰਾਨੀ ਵੱਖ-ਵੱਖ ਪੜਾਵਾਂ ਵਿੱਚ ਕੀਤੀ ਜਾ ਰਹੀ ਹੈ।ਜਿਸ ਤੋਂ ਪ੍ਰਾਪਤ ਕੀਤੇ ਗਏ ਅੰਕੜਿਆਂ ਦਾ ਮੁਲਾਂਕਣ ਕਰਕੇ ਪ੍ਰਦੂਸ਼਼ਣ ਦੇ ਪੱਧਰ ਨੂੰ ਘਟਾਉਣ ਲਈ ਇਕ ਵਿਆਪਕ ਰਣਨੀਤੀ ਬਣਾਈ ਜਾ ਸਕਦੀ ਹੈ।
Punjab Post Daily Online Newspaper & Print Media