Thursday, April 23, 2026

ਸਮਾਰਟ ਵਿਲੇਜ਼ ਮੁਹਿੰਮ ਤਹਿਤ ਕੈਬਨਿਟ ਮੰਤਰੀ ਸੋਨੀ ਨੇ 89 ਪਿੰਡਾਂ ‘ਚ ਕੀਤੀ ਵਿਕਾਸ ਕਾਰਜ਼ਾਂ ਦੀ ਸ਼ੁਰੂਆਤ

ਜਿਲਾ ਅੰਮ੍ਰਿਤਸਰ ‘ਚ ਸਮਾਰਟ ਪਿੰਡ ਮੁਹਿੰਮ ਦੇ ਦੂਜੇ ਪੜਾਅ ਤਹਿਤ ਹੋਣਗੇ 165.58 ਕਰੋੜ ਦੇ ਵਿਕਾਸ ਕਾਰਜ਼

ਅੰਮ੍ਰਿਤਸਰ, 19 ਅਕਤੂਬਰ (ਸੁਖਬੀਰ ਸਿੰਘ) – ਸਮਾਰਟ ਵਿਲੇਜ਼ ਮੁਹਿੰਮ ਤਹਿਤ ਪੰਜਾਬ ਦੇ ਲੋਕਾਂ ਦਾ ਜੀਵਨ ਪੱਧਰ ਉਚਾ ਚੁੱਕਣ ਲਈ ਸਮਾਰਟ ਵਿਲੇਜ ਕੰਪੇਨ-2 ਦੀ ਸ਼ੁਰੂਆਤ ਅੱਜ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਅਤੇ ਰਾਹੁਲ ਗਾਂਧੀ ਮੈਂਬਰ ਲੋਕ ਸਭਾ ਵਲੋਂ ਵਰਚੁਐਲ ਮੀਟਿੰਗ ਰਾਹੀਂ ਕਰ ਦਿੱਤੀ ਗਈ ਹੈ।ਇਸ ਸਕੀਮ ਦਾ ਮੁੱਖ ਉਦੇਸ਼ ਪਿੰਡਾਂ ਦਾ ਸੁੰਦਰੀਕਰਨ ਤੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਪੂਰੀਆਂ ਕਰਨਾ ਹੈ।ਇਸ ਤਹਿਤ ਪੂਰੇ ਪੰਜਾਬ ਵਿੱਚ 2700 ਕਰੋੜ ਰੁਪਏ ਖ਼ਰਚ ਕੀਤੇ ਜਾਣਗੇ।
               ਖੇਤੀਬਾੜੀ ਭਵਨ ਵਿਖੇ ਵਰਚੁਐਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵਲੋਂ ਪਿੰਡਾਂ ‘ਚ ਸ਼ਹਿਰੀ ਤਰਜ਼ ‘ਤੇ ਸਹੂਲਤਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ।ਸਮਾਰਟ ਪਿੰਡ ਮੁਹਿੰਮ ਇਸੇ ਦਿਸ਼ਾ ਵੱਲ ਚੁੱਕਿਆ ਗਿਆ ਸਾਰਥਕ ਕਦਮ ਹੈ।ਉਨਾਂ ਕਿਹਾ ਕਿ ਪਿੰਡਾਂ ਅੰਦਰ ਸਰਪਬੱਖੀ ਵਿਕਾਸ ਕਾਰਜ ਜਿਵੇਂ ਸਟਰੀਟ ਅਤੇ ਡਰੇਨਜ਼, ਜਲ ਸਪਲਾਈ ਅਤੇ ਸ਼ੈਨੀਟੇਸ਼ਨ, ਆਂਗਣਵਾੜੀ ਸੈਂਟਰ, ਛੱਪੜ, ਪਾਰਕ, ਖੇਡ ਮੈਦਾਨ, ਕਮਿਊਨਿਟੀ ਸੈਂਟਰ, ਸ਼ਮਸ਼ਾਨ ਘਾਟ/ਕਬਰਿਸਤਾਨ ਆਦਿ ਦੇ ਵਿਕਾਸ ਕਾਰਜ਼ ਕੀਤੇ ਗਏ ਹਨ।ਜ਼ਿਲਾ ਅੰਮ੍ਰਿਤਸਰ ‘ਚ `ਸਮਾਰਟ ਪਿੰਡ ਮੁਹਿੰਮ` ਦਾ ਪਹਿਲਾ ਪੜਾਅ ਸਫਲਤਾਪੂਰਵਕ ਸਮਾਪਤ ਹੋਇਆ ਹੈ।
                  ਸੋਨੀ ਨੇ ਦੱਸਿਆ ਕਿ ਜ਼ਿਲਾ ਅੰਮ੍ਰਿਤਸਰ ਵਿਚ 839 ਗ੍ਰਾਮ ਪੰਚਾਇਤਾਂ ਵਿੱਚ 165.58 ਕਰੋੜ ਰੁਪਏ ਦੀ ਲਾਗਤ ਨਾਲ 2259 ਕੰਮ ਪ੍ਰਵਾਨ ਕੀਤੇ ਗਏ ਹਨ।ਅੰਮ੍ਰਿਤਸਰ ਵਿੱਚ ਅੱਜ 89 ਪਿੰਡਾਂ ‘ਚ ਇਨਾਂ ਕੰਮਾਂ ਦੀ ਸ਼ੁਰੂ ਕਰ ਦਿੱਤੀ ਗਈ ਹੈ।ਜਿਸ ‘ਤੇ 16.25 ਕਰੋੜ ਰੁਪਏ ਲਾਗਤ ਆਉਣ ਦਾ ਅਨੁਮਾਨ ਹੈ।ਉਨਾਂ ਦੱਸਿਆ ਕਿ ਇਨਾਂ ਕੰਮਾਂ ਨਾਲ ਪਿੰਡ ਵਿੱਚ ਬੱਚਿਆਂ ਅਤੇ ਜਵਾਨਾਂ ਦੇ ਖੇਡਣ ਲਈ ਸਟੇਡੀਅਮ, ਜਿੰਮ ਵਰਗੇ ਆਧੁਨਿਕ ਕੰਮ ਸ਼ਾਮਲ ਹਨ।ਸੋਨੀ ਨੇ ਦੱਸਿਆ ਕਿ ਸਰਕਾਰ ਵਲੋਂ ਹਰੇਕ ਵਿਧਾਨ ਸਭਾ ਹਲਕੇ ਨੂੰ ਵਿਕਾਸ ਕਾਰਜਾਂ ਲਈ 25-25 ਕਰੋੜ ਰੁਪਏ ਵੀ ਦਿੱਤੇ ਗਏ ਹਨ।ਜਿਸ ਨਾਲ ਹਰੇਕ ਵਿਧਾਨ ਸਭਾ ਹਲਕੇ ਦੀ ਨੁਹਾਰ ਵੀ ਬਦਲ ਜਾਵੇਗੀ ਅਤੇ ਲੋਕ ਪਿੰਡਾਂ ਵਿੱਚ ਹੀ ਰਹਿਣਾ ਜ਼ਿਆਦਾ ਪਸੰਦ ਕਰਨਗੇ।
                    ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਸਮਾਰਟ ਪਿੰਡ ਮੁਹਿੰਮ ਤਹਿਤ ਪਿੰਡਾਂ ‘ਚ ਬੱਚਿਆਂ ਅਤੇ ਖਾਸ ਕਰਕੇ ਬਜ਼ੁਰਗਾਂ ਨੂੰ ਸੈਰ ਕਰਨ ਲਈ ਪਾਰਕ ਉਸਾਰੇ ਜਾ ਰਹੇ ਹਨ।ਗਲੀਆਂ ਅਤੇ ਗੰਦੇ ਪਾਣੀ ਦੀ ਨਿਕਾਸੀ ਨਾਲ ਲੋਕਾਂ ਨੂੰ ਗਲੀਆਂ ਦੇ ਗੰਦੇ ਪਾਣੀ ਤੋਂ ਵੱਡੀ ਨਿਜ਼ਾਤ ਮਿਲੇਗੀ ਅਤੇ ਰੋਜ਼ਗਾਰ ਵੀ ਹਾਸਲ ਹੋਵੇਗਾ।
                   ਇਸ ਮੌਕੇ ਵਿਧਾਇਕ ਸੁਨੀਲ ਦੱਤੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਐਸ.ਡੀ.ਐਮ ਵਿਕਾਸ ਹੀਰਾ, ਮੁੱਖ ਖੇਤੀਬਾੜੀ ਅਫ਼ਸਰ ਕੁਲਜੀਤ ਸਿੰਘ ਅਤੇ ਜ਼ਿਲਾ ਵਿਕਾਸ ਤੇ ਪੰਚਾਇਤ ਅਧਿਕਾਰੀ ਗੁਰਪ੍ਰੀਤ ਸਿੰਘ ਗਿੱਲ ਵੀ ਹਾਜ਼ਰ ਸਨ।

Check Also

ਖਾਲਸਾ ਕਾਲਜ ਦੇ ਗਰਲਜ਼ ਹੋਸਟਲ ਵੱਲੋਂ ‘ਪਰਵਾਜ਼’ ਹੋਸਟਲ ਨਾਈਟ ਕਰਵਾਈ ਗਈ

ਅੰਮ੍ਰਿਤਸਰ, 22 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ‘ਪਰਵਾਜ਼’ ਹੋਸਟਲ ਨਾਈਟ’ ਪ੍ਰੋਗਰਾਮ ਕਰਵਾਇਆ …