Tuesday, June 23, 2026

ਕੇਂਦਰੀ ਸਭਾ ਵੱਲੋਂ 6 ਕਿਤਾਬਾਂ ਲੋਕ ਅਰਪਣ ਅਤੇ ਕਿਸਾਨੀ ਘੋਲ਼ ਦੀ ਹਮਾਇਤ

ਧੂਰੀ, 19 ਸਤੰਬਰ (ਪ੍ਰਵੀਨ ਗਰਗ) – ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਜਨਰਲ ਸਕੱਤਰ ਪਵਨ ਹਰਚੰਦਪੁਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਭਾ ਦੇ ਪ੍ਰਧਾਨ ਡਾ. ਤੇਜਵੰਤ ਮਾਨ ਦੀ ਪ੍ਰਧਾਨਗੀ ਹੇਠ ਖਾਲ਼ਸਾ ਸਕੂਲ ਧੂਰੀ ਵਿਖੇ ਕੀਤੀ ਗਈ ਕਾਰਜਕਾਰਨੀ ਦੀ ਮੀਟਿੰਗ ਵਿੱਚ ਸਰਬਸੰਮਤੀ ਨਾਲ ਪੰਜਾਬ ਅਤੇ ਭਾਰਤ ਅੰਦਰ ਚੱਲ ਰਹੇ ਕਿਸਾਨੀ ਘੋਲ ਦੀ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ ਹੈ ਅਤੇ ਕੇਂਦਰ ਸਰਕਾਰ ਕੋਲੋਂ ਤਿੰਨੋਂ ਕਿਸਾਨ ਵਿਰੋਧੀ ਕਾਨੂੰਨ ਰੱਦ ਕਰਨ ਦੀ ਮੰਗ ਕੀਤੀ।
                  ਉਹਨਾਂ ਦੱਸਿਆ ਕਿ ਕੇਂਦਰੀ ਸਭਾ ਵੱਲੋਂ ਕੀਤੀ ਜਾਣ ਵਾਲੀ ਚੋਣ ਨੂੰ ਕਰੋਨਾ ਬਿਮਾਰੀ ਕਾਰਨ ਢੁੱਕਵੇਂ ਸਮੇਂ ਤੱਕ ਅੱਗੇ ਪਾਉਣ ਦਾ ਫੈਸਲਾ ਕੀਤਾ ਗਿਆ।ਪੰਜਾਬ ਸਰਕਾਰ ਤੋਂ ਪੰਜਾਬ ਅੰਦਰ ਪੰਜਾਬੀ ਨੂੰ ਪੂਰੀ ਤਰਾਂ੍ਹ ਲਾਗੂ ਕਰਨ ਦੀ ਮੰਗ ਕਰਦਿਆਂ ਭਾਸ਼ਾ ਵਿਭਾਗ ਪੰਜਾਬ ਨੂੰ ਮਜਬੂਤ ਕਰਨ, ਪਿਛਲੇ 6 ਸਾਲਾਂ ਤੋਂ ਬਕਾਇਆ ਪਏ ਸਾਹਿਤਕਾਰਾਂ ਨੂੰ ਦਿੱਤੇ ਜਾਣ ਵਾਲੇ ਸਨਮਾਨਾਂ ਬਾਰੇ ਤੁਰੰਤ ਫੈਸਲਾ ਕਰਕੇ ਦੇਣ ਦੀ ਵੀ ਮੰਗ ਕੀਤੀ।ਸਭਾ ਨੇ ਇਹ ਵੀ ਮੰਗ ਕੀਤੀ ਕਿ ਇੱਕ ਨਵੰਬਰ ਤੋਂ ਪੰਜਾਬੀ ਸਪਤਾਹ ਮਨਾਇਆ ਜਾਵੇ।ਸਭਾ ਵੱਲੋਂ ਜੰਮੂ-ਕਸ਼ਮੀਰ ਵਿੱਚ ਪੰਜਾਬੀ ਭਾਸ਼ਾ ਨੂੰ ਤੁਰੰਤ ਸੰਵਿਧਾਨਿਕ ਦਰਜਾ ਦੇਣ ਦੀ ਮੰਗ ਕਰਦਿਆਂ ਚੰਡੀਗੜ੍ਹ ਪ੍ਰਸ਼ਾਸਨ, ਹਿਮਾਚਲ ਪ੍ਰਦੇਸ਼, ਉਤਰਾਂਚਲ ਅਤੇ ਰਾਜਸਥਾਨ ਸਰਕਾਰਾਂ ਤੋਂ ਪੰਜਾਬੀ ਭਾਸ਼ਾ ਨੂੰ ਦੂਜੀ ਸੰਵਿਧਾਨਿਕ ਭਾਸ਼ਾ ਬਨਾਉਣ ਦੀ ਮੰਗ ਕੀਤੀ ਗਈ।ਸਭਾ ਵੱਲੋਂ ਨਵੀਂ ਵਿੱਦਿਅਕ ਨੀਤੀ ਦਾ ਵਿਰੋਧ ਕਰਦਿਆਂ ਧੀਆਂ-ਭੈਣਾਂ ‘ਤੇ ਕੀਤੇ ਜਾ ਰਹੇ ਜਿਨਸੀ ਅਤੇ ਸਰੀਰਕ ਹਮਲਿਆਂ ਦੀ ਨਿਖੇਧੀ ਕਰਦਿਆਂ ਹਾਥਰਸ ਕੇਸ ਲਈ ਉੱਤਰ ਪ੍ਰਦੇਸ਼ ਸਰਕਾਰ ਤੋਂ ਪੀੜਤਾਂ ਨੂੰ ਤੁਰੰਤ ਇਨਸਾਫ ਦੇਣ ਦੀ ਮੰਗ ਕੀਤੀ।ਸਭਾਵਾਂ ਨੂੰ ਆਪਣੀਆਂ ਗਤੀਵਿਧੀਆਂ ਨੂੰ ਬਣੀਆਂ ਨਵੀਆਂ ਹਾਲਤਾਂ ਅਨੁਸਾਰ ਚਾਲੂ ਕਰਨ ਦੀ ਮੰਗ ਕੀਤੀ ਅਤੇ 31 ਅਕਤੂਬਰ ਨੂੰ ਆਦਿ ਕਵੀ ਮਹਾਂਰਿਸ਼ੀ ਬਾਲਮੀਕ ਜੀ ਦਾ ਜਨਮ ਦਿਨ ਕੇਂਦਰੀ ਸਭਾ ਵੱਲੋਂ ਖਾਲਸਾ ਸਕੂਲ ਧੂਰੀ ਵਿਖੇ ਮਨਾਉਣ ਦਾ ਫੈਸਲਾ ਕੀਤਾ ਗਿਆ।
                 ਕੇਸਰਾ ਰਾਮ ਹਿਸਾਰ ਨੂੰ ਢਾਹਾਂ ਕਲੇਰਾਂ ਪੁਰਸਕਾਰ ਅਤੇ ਮੋਹੀ ਅਮਰਜੀਤ ਨੂੰ ਕਾਦਰਯਾਰ ਟਰੱਸਟ ਦਿੱਲੀ ਵੱਲੋਂ ਪੁਰਸਕਾਰ ਦਿੱਤੇ ਜਾਣ ‘ਤੇ ਵਧਾਈ ਦਿੱਤੀ।ਸਭਾ ਵੱਲੋਂ ਡਾ. ਬਲਦੇਵ ਸਿੰਘ ਬੱਧਨ ਵੱਲੋਂ ਸੰਪਾਦਤ ਅਤੇ ਅਨੁਵਾਦਤ ਪੰਜ ਪੁਸਤਕਾਂ ਜਿੰਨਾਂ ਵਿੱਚ “ਐਸ.ਸਾਕੀ ਦੀਆਂ ਚੋਣਵੀਂਆਂ ਕਹਾਣੀਆਂ” “ਸਿਧਾਰਥ” ਅਤੇ “ਜਲਾਲਤ” ਨਾਵਲ, ਬੱਚਿਆਂ ਦੀਆਂ ਉਤਮ ਪੁਸਤਕਾਂ “ਭਾਰਤ ਦੇ ਸਿਰਤਾਜ” ਅਤੇ “ਸੌਲਾਂ ਦੇਸ਼ਾਂ ਦੀਆਂ ਬਾਲ ਲੋਕ ਕਹਾਣੀਆਂ” ਲੋਕ ਅਰਪਨ ਕਰਦਿਆਂ ਅਸ਼ੋਕ ਚਟਾਨੀ ਦਾ ਕਹਾਣੀ ਸੰਗ੍ਰਹਿ “ਫਰਜ਼” ਅਤੇ ਦੋ ਸਾਹਿੱਤਕ ਰਸਾਲੇ “ਸਮਕਾਲ” ਅਤੇ “ਜਾਗੋ” ਵੀ ਲੋਕ ਅਰਪਨ ਕੀਤੇ ਗਏ।
                 ਸਭਾ ਦੀ ਇਸ ਮੀਟਿੰਗ ਵਿੱਚ ਉਪਰੋਕਤ ਤੋਂ ਇਲਾਵਾ ਬਲਦੇਵ ਸਿੰਘ ਬੱਧਨ ਦਿੱਲੀ, ਪ੍ਰੋ. ਸੰਧੂ ਵਰਿਆਣਵੀ ਗੜਸ਼ੰਕਰ, ਸੁਰਿੰਦਰ ਸਿੰਘ ਰਾਜਪੂਤ, ਜਗਦੀਸ਼ ਰਾਣਾ ਜਲੰਧਰ, ਕੈਪਟਨ ਚਮਕੌਰ ਸਿੰਘ ਚਹਿਲ, ਬਲਵੀਰ ਜਲਾਲਾਬਾਦੀ, ਕੰਵਰ ਜਸਵਿੰਦਰ ਪਾਲ ਸਿੰਘ ਪਟਿਆਲਾ, ਅਸ਼ੋਕ ਚਟਾਨੀ ਮੋਗਾ, ਕਵੀ ਭੁਪਿੰਦਰ ਜਗਰਾਓਂ, ਗੁਲਜ਼ਾਰ ਸਿੰਘ ਸ਼ੌਂਕੀ, ਡਾ. ਭਗਵੰਤ ਸਿੰਘ ਅਤੇ ਗੁਰਨਾਮ ਸਿੰਘ ਸੰਗਰੂਰ, ਡਾ. ਜੋਗਿੰਦਰ ਸਿੰਘ ਨਿਰਾਲਾ ਅਤੇ ਰਾਜਿੰਦਰ ਸ਼ੌਂਕੀ ਬਰਨਾਲਾ, ਵਿਸ਼ਵ ਚਿੰਤਕ ਡਾ. ਸਵਰਾਜ ਸਿੰਘ, ਡਾ. ਸਿੰਦਰਪਾਲ ਸਿੰਘ ਅਤੇ ਡਾ. ਮੇਘਾ ਸਿੰਘ ਚੰਡੀਗੜ੍ਹ ਅਤੇ ਡਾ. ਗੁਰਚਰਨ ਕੌਰ ਕੋਚਰ ਲੁਧਿਆਣਾ ਆਦਿ ਸ਼ਾਮਿਲ ਸਨ।ਹਰਚੰਦਪੁਰੀ ਨੇ ਦੱਸਿਆ ਕਿ ਕੇਂਦਰੀ ਸਭਾ ਦੀ ਇਸ ਮੀਟਿੰਗ ਵਿੱਚ ਪੇਸ਼ ਕੀਤੇ ਬਾਰਾਂ ਮਤਿਆਂ ਉੱਪਰ ਸਾਢੇ ਚਾਰ ਘੰਟੇ ਵਿਚਾਰਾਂ ਕੀਤੀਆਂ ਅਤੇ ਉਪਰੋਕਤ ਫੈਸਲੇ ਕੀਤੇ।ਇਸ ਸਮੇਂ ਕੇਂਦਰੀ ਸਭਾ ਵੱਲੋਂ ਡਾ. ਕੁਲਦੀਪ ਸਿੰਘ ਧੀਰ, ਮੱਲ ਸਿੰਘ ਰਾਮਪੁਰੀ, ਕੇਸਰ ਸਿੰਘ ਨਰੂਲਾ, ਡਾ. ਜੋਗਿੰਦਰ ਸਿੰਘ ਪੁਆਰ, ਡਾ. ਸ਼ਰਨਜੀਤ ਕੌਰ ਚੰਡੀਗੜ੍ਹ, ਡਾ. ਦਰਿਆ ਅੰਮ੍ਰਿਤਸਰ, ਕਵੀਸ਼ਰ ਮੇਘ ਰਾਜ ਮੌੜਾਂ, ਹਮਦਰਦ ਵੀਰ ਨੋਸ਼ਹਿਰਵੀ, ਮਾ. ਗੁਰਨਾਮ ਸਿੰਘ ਚੁੰਘਾਂ, ਸੁਖਦੇਵ ਸਿੰਘ ਮਾਦਪੁਰੀ, ਡਾ. ਰਾਜ ਕੁਮਾਰ ਗਰਗ, ਹਰਭਜਨ ਸਿੰਘ ਆਦਿ ਦੇ ਅਕਾਲ ਚਲਾਣੇ ‘ਤੇ ਸ਼ੋਕ ਪ੍ਰਗਟ ਕੀਤਾ ਗਿਆ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …