ਪਠਾਨਕੋਟ, 20 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਿਲਾ ਪਠਾਨਕੋਟ ਦੇ ਪਿੰਡ ਢਾਕੀ ਸੈਦਾਂ ਦੇ ਕਿਸਾਨ ਸੰਸਾਰ ਸਿੰਘ ਪਿਛਲੇ ਲੰਬੇ ਸਮੇਂ ਤੋਂ ਝੋਨੇ ਦੀ ਪਰਾਲੀ
ਅਤੇ ਕਣਕ ਦੇ ਨਾੜ੍ਹ ਨੂੰ ਅੱਗ ਲਗਾਏ ਬਗੈਰ ਕਣਕ, ਝੋਨਾ ਅਤੇ ਹੋਰ ਫਸਲਾਂ ਦੀ ਕਾਸ਼ਤ ਕਰਨ ਲਈ ਜਿਲ੍ਹਾ ਪ੍ਰਸਾਸ਼ਨ ਵੱਲੋਂ ਵਿਸ਼ੇਸ ਤੌਰ ‘ਤੇ ਸਨਮਾਨਿਤ ਕੀਤਾ ਗਿਆ ਸੀ।ਜਿਕਰਯੋਗ ਹੈ ਕਿ ਕਿਸਾਨ ਸੰਸਾਰ ਸਿੰਘ ਲੰਬੇ ਸਮੇਂ ਤੋਂ ਫਸਲਾਂ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਏ ਬਿਨ੍ਹਾਂ ਹੋਰ ਫਸਲਾਂ ਅਤੇ ਵਿਸ਼ੇਸ ਤੋਰ ‘ਤੇ ਮੱਕੀ ਦੀ ਕਾਸ਼ਤ ਕਰਕੇ ਇਲਾਕੇ ਦੇ ਕਿਸਾਨਾਂ ਲਈ ਰਾਹ ਦਸੇਰੇ ਦਾ ਕੰਮ ਕਰ ਰਿਹਾ ਹੈ।ਜਿਕਰਯੋਗ ਹੈ ਕਿ ਸੰਸਾਰ ਸਿੰਘ ਵੱਲੋਂ ਅਜਿਹਾ ਕਰਕੇ ਖੇਤੀ ਲਾਗਤ ਖਰਚੇ ਘਟਾਏ ਹਨ।ਉਥੇ ਵਾਤਾਵਰਣ ਨੂੰ ਸ਼ੁੱਧ ਕਰਨ ‘ਚ ਵਡਮੁੱਲਾ ਯੋਗਦਾਨ ਪਾਇਆ ਹੈ।
ਕਿਸਾਨ ਸੰਸਾਰ ਸਿੰਘ ਨੇ ਦੱਸਿਆ ਕਿ ਉਸ ਦੀ ਕੁਲ ਮਾਲਕੀ 14 ਏਕੜ ਹੈ ਅਤੇ 15 ਏਕੜ ਠੇਕੇ ‘ਤੇ ਜ਼ਮੀਨ ਲੈ ਕੇ ਖੇਤੀ ਕਰ ਰਿਹਾ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਝੋਨੇ ਅਤੇ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਲਗਾਉਣ ਨਾਲ ਹਵਾ ਦਾ ਪ੍ਰਦੂਸ਼ਣ ਵੱਧ ਜਾਂਦਾ ਹੈ ਅਤੇ ਸਾਹ ਲੈਣਾ ਵੀ ਔਖਾ ਹੋ ਜਾਂਦਾ ਹੈ, ਇਸ ਨੂੰ ਰੋਕਣ ਦੀ ਜ਼ਰੂਰਤ ਹੈ।
ਉਨਾਂ ਦੱਸਿਆ ਕਿ ਪਰਾਲੀ ਅਤੇ ਨਾੜ ਸਾੜਣ ਨਾਲ ਪੈਦਾ ਹੋਏ ਜ਼ਹਿਰੀਲੇ ਧੂੰਏ ਤੋਂ ਸਾਹ ਲੈਣ ‘ਚ ਤਕਲੀਫ, ਖੰਘ, ਜ਼ੁਕਾਮ, ਤਪਦਿਕ, ਦਮਾ, ਐਲਰਜ਼ੀ, ਸਾਹ ਨਾਲੀ ਦਾ ਕੈਂਸਰ, ਗਲੇ ਦੀ ਖਰਾਬੀ, ਹਲਕਾ ਬੁਖਾਰ, ਸਿਰ ਦਰਦ, ਟਾਈਫਾਈਡ, ਫੇਫੜਿਆਂ ‘ਚ ਨੁਕਸ, ਅੱਖਾਂ ‘ਚ ਜਲਣ, ਚਮੜੀ ਤੇ ਖਾਰਸ਼ ਆਦਿ ਬਿਮਾਰੀਆਂ ਲੱਗ ਜਾਂਦੀਆਂ ਹਨ।
ਉਨਾਂ ਦੱਸਿਆ ਕਿ ਉਨ੍ਹਾਂ ਵੱਲੋਂ ਝੋਨੇ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਪਰਾਲੀ ਖੇਤਾਂ ਵਿੱਚ ਖਿਲਾਰ ਕੇ ਤਵੀਆਂ ਨਾਲ ਖੇਤ ਵਿੱਚ ਮਿਲਾ ਦਿੱਤਾ ਜਾਂਦਾ ਹੈ ਅਤੇ ਪਾਣੀ ਲਗਾ ਦਿੱਤਾ ਜਾਂਦਾ ਹੈ।ਉਨਾਂ ਦੱਸਿਆ ਕਿ ਅਜਿਹਾ ਕਰਨ ਨਾਲ ਝੋਨੇ ਦੀ ਪਰਾਲੀ ਖੇਤ ਵਿੱਚ ਗਲ ਜਾਂਦੀ ਹੈ।ਉਤੇ ਟਿਲਰਾਂ ਨਾਲ ਦੋਹਰ ਪਾ ਕੇ ਕਣਕ ਦੀ ਬਿਜਾਈ ਬੀਜ ਡਰਿੱਲ ਨਾਲ ਕਰ ਦਿੱਤੀ ਜਾਂਦੀ ਹੈ।ਫਸਲਾਂ ਦੇ ਰਹਿੰਦ ਖੂੰਹਦ ਨੂੰ ਸਾੜਣ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਰੋਕਣ ਦੇ ਨਾਲ-ਨਾਲ ਉਦਯੋਗੀ ਪ੍ਰਦੂਸ਼ਣ, ਦੀਵਾਲੀ ਮੌਕੇ ਆਤਿਸ਼ਬਾਜ਼ੀ ਦਾ ਪ੍ਰਦੂਸ਼ਣ, ਭੱਠਿਆਂ ਦਾ ਪ੍ਰਦੂਸ਼ਣ, ਸ਼ਹਿਰਾਂ ਦੀ ਰਹਿੰਦ ਖੂੰਹਦ ਨਾਲ ਪੈਦਾ ਹੁੰਦੇ ਪ੍ਰਦੂਸ਼ਣ ਨੂੰ ਵੀ ਰੋਕਣ ਦੀ ਜ਼ਰੂਰਤ ਹੈ।
ਸੰਸਾਰ ਸਿੰਘ ਨੇ ਦੱਸਿਆ ਕਿ ਉਹ ਲਗਾਤਾਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੇ ਸੰਪਰਕ ਵਿੱਚ ਰਹਿੰਦਾ ਹੈ ਅਤੇ ਖੇਤੀ ਮਾਹਿਰਾਂ ਦੀ ਸਲਾਹ ਅਨੁਸਾਰ ਖੇਤੀ ਕਰਦਾ ਹੈ।ਸੰਸਾਰ ਸਿੰਘ ਆਪਣੇ ਇਲਾਕੇ ਦੇ ਦੇਸੀ ਮੱਕੀ ਕਾਸ਼ਤਕਾਰਾਂ ਦਾ ਸਮੂਹ ਬਣਾ ਕੇ ਪਠਾਨਕੋਟ ਜ਼ਿਲੇ ਅਤੇ ਪੰਜਾਬ ਦੇ ਹੋਰਨਾਂ ਜ਼ਿਲਿਆਂ ਵਿੱਚ ਮੱਕੀ ਅਤੇ ਮੱਕੀ ਦਾ ਆਟਾ ਖੱਪਤਕਾਰਾਂ ਨੂੰ ਸਿੱਧਿਆਂ ਵੇਚ ਕੇ ਆਪਣੀ ਅਤੇ ਹੋਰਨਾਂ ਕਿਸਾਨਾਂ ਦੀ ਖੇਤੀ ਆਮਦਨ ਵਦਾਉਣ ਵਿੱਚ ਅਹਿਮ ਯੋਗਦਾਨ ਪਾ ਰਿਹਾ ਹੈ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media