Friday, September 18, 2026

ਦਰਦ ਕਿਸਾਨੀ ਦਾ…

ਹਰ ਕੋਈ ਰੋਟੀਆਂ ਸੇਕੇ ਭੈੜਾ ਯੁੱਗ ਬੇਈਮਾਨੀ ਦਾ
ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ?

ਜੇਠ ਦੀ ਲੂਅ ਤੇ ਪੋਹ ਦੀ ਠੰਢ ਨੂੰ ਪਿੰਡੇ ‘ਤੇ ਹੰਢਾ ਕੇ,
ਅੰਨ੍ਹਦਾਤਾ ਖੁਦ ਭੁੱਖਾ ਸਾਉਂਦਾ ਸਾਰਾ ਦੇਸ਼ ਰਜ਼ਾ ਕੇ,
ਪੰਦਰਾਂ ਛਿੱਲਾਂ ਪੱਲ੍ਹੇ ਨਾ ਪਈਆਂ ਮੁੱਲ ਕੁਰਬਾਨੀ ਦਾ
ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ?

ਜਾਂ ਸੀਰੀ ਦੇ ਜਾਂ ਕਿਸੇ ਰੁੱਖ ਦੇ ਗ਼ਲ ਲਗ ਕੇ ਰੋ ਪੈਂਦਾ,
ਜਾਂ ਸਲਫਾਸ ਨਿਗਲ ਲੈਂਦਾ ਹੈ ਜਾਂ ਫਾਹਾ ਲੈ ਲੈਂਦਾ,
ਕਿਸੇ ਨਾ ਲੱਭਿਆ ਹੱਲ ਉਸਦੇ ਮਨ ਦੀ ਪ੍ਰੇਸ਼ਾਨੀ ਦਾ
ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ?

ਧੱਕੇ ਨਾਲ ਤਾਨਾਸ਼ਾਹ ਹਾਕਮ ਕਾਨੂੰਨ ਬਣਾਏ ਕਾਲੇ,
ਲੀਜ਼ ‘ਤੇ ਫਸਲਾਂ ਲੈਣ ਵਾਲੇ ਪਰ ਖੇਤ ਖੋਹਣ ਨੂੰ ਕਾਹਲੇ,
ਦੱਸ ਵਪਾਰੀਆਂ ਕੀ ਮੁੱਲ ਦੇਣਾ ਕਿਰਤ ਬੇਗਾਨੀ ਦਾ
ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ?

ਬਿਨਾਂ ਕਿਸੇ ਲਾਲਚ ਦੇ ਜੋ ਵੀ ਨਾਲ ਕਿਸਾਨਾਂ ਖੜ੍ਹਿਆ,
`ਰੰਗੀਲਪੁਰੇ` ਦਿਆਂ ਲੋਕਾਂ ਨੇ ਵੀ ਕੰਧ ‘ਤੇ ਲਿਖਿਆ ਪੜ੍ਹਿਆ,
ਧੰਨਵਾਦ ਬਜ਼ੁਰਗਾਂ, ਬੱਚਿਆਂ ਦਾ ਧੰਨਵਾਦ ਜਵਾਨੀ ਦਾ
ਕੋਈ ਚੰਦਰਾ ਨਾ ਜਾਣੇ ਕੀ ਏ ਦਰਦ ਕਿਸਾਨੀ ਦਾ?

ਗੁਰਪ੍ਰੀਤ ਸਿੰਘ ਰੰਗੀਲਪੁਰ
ਮੋ. 9855207071

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …