Monday, May 18, 2026

ਭਾਰਤ ਮਾਂ ਦਾ ਅਨਮੋਲ ਹੀਰਾ – ਲਾਲ ਬਹਾਦਰ ਸ਼ਾਸਤਰੀ

               ਭਾਰਤ ਦੇ ਦੂਜੇ ਪ੍ਰਧਾਨ ਮੰਤਰੀ ਸ੍ਰੀ ਲਾਲ ਬਹਾਦੁਰ ਸ਼ਾਸਤਰੀ ਦਾ ਜਨਮ ਵਾਰਾਨਸੀ ਦੇ ਛੋਟੇ ਜਿਹੇ ਪਿੰਡ ਮੁਗਲ ਸਰਾਏ ‘ਚ 2 ਅਕਤੂਬਰ 1904 ਨੂੰ ਹੋਇਆ।ਸਿੱਖਿਆ ਵਿਭਾਗ ਨਾਲ ਸਬੰਧਤ ਉਨ੍ਹਾਂ ਦੇ ਪਿਤਾ ਸ਼ਾਰਦਾ ਪ੍ਰਸਾਦਿ ਸਿਰਫ ਡੇਢ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੂੰ ਅਨਾਥ ਕਰਕੇ ਪ੍ਰਲੋਕ ਸਿਧਾਰ ਗਏ ਸਨ।ਉਨ੍ਹਾਂ ਦੇ ਪਾਲਣ ਪੋਸਣ ਦੀ ਜਿੰਮੇਵਾਰੀ ਮਾਤਾ ਰਾਮਦੁਲਾਰੀ ਨੇ ਨਿਭਾਈ।ਗਰੀਬੀ ਅਤੇ ਮੁਸ਼ਕਲ ਵਿੱਚ ਉਨ੍ਹਾਂ ਨੇ ਆਪਣੀ ਮੁੱਢਲੀ ਪੜ੍ਹਾਈ ਪੂਰੀ ਕਰਨ ਉਪਰੰਤ ਵਾਰਾਨਸੀ ਦੇ ਹਰੀਸ਼ ਚੰਦਰ ਸਕੂਲ ਵਿੱਚ ਦਾਖਲਾ ਲਿਆ।ਜਦੋਂ 1921 ਵਿੱਚ ਮਹਾਤਮਾ ਗਾਂਧੀ ਨੇ ਵਾਰਾਨਸੀ ਆ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਆ ਤਾਂ ਸਿਰਫ 17 ਸਾਲ ਦੀ ਉਮਰ ਵਿੱਚ ਆਪ ਜੀ ਨੇ ਭਰੀ ਸਭਾ ਵਿੱਚ ਖੜ੍ਹੇ ਹੋ ਕੇ ਆਪਣੇ ਆਪ ਨੂੰ ਰਾਸ਼ਟਰਹਿਤ ਲਈ ਸੌਂਪ ਦੇਣ ਦਾ ਐਲਾਨ ਕਰ ਦਿੱਤਾ।ਪੜ੍ਹਾਈ ਛੱਡ ਆਪ ਜੀ ਰਾਸ਼ਟਰੀ ਅੰਦੋਲਨ ਵਿੱਚ ਕੁੱਦ ਪਏ ਅਤੇ ਢਾਈ ਸਾਲ ਲਈ ਜੇਲ੍ਹ ਵਿੱਚ ਬੰਦ ਰਹੇ।ਇਸ ਉਪਰੰਤ ਆਪ ਜੀ ਨੇ ਕਾਸ਼ੀ ਵਿਦਿਆਪੀਠ ‘ਚ ਦਾਖਲਾ ਲਿਆ।ਉਥੇ ਆਪ ਜੀ ਦੀ ਮੁਲਾਕਾਤ ਡਾ. ਭਗਵਾਨ ਦਾਸ, ਆਚਾਰੀਆ ਕ੍ਰਿਪਲਾਨੀ, ਸ੍ਰੀ ਪ੍ਰਕਾਸ਼ ਅਤੇ ਡਾ. ਸੰਪੂਰਨਾਨੰਦ ਨਾਲ ਹੋਈ।ਜਿਨ੍ਹਾਂ ਕੋਲੋਂ ਉਨ੍ਹਾਂ ਰਾਜਨੀਤੀ ਦੀ ਸਿੱਖਿਆ ਦੇ ਨਾਲ ਹੀ ਸ਼ਾਸਤਰੀ ਦੀ ਉਪਾਧੀ ਵੀ ਪ੍ਰਾਪਤ ਕੀਤੀ ਅਤੇ ਲਾਲ ਬਹਾਦੁਰ ਤੋਂ ਲਾਲਾ ਬਹਾਦੁਰ ਸ਼ਾਸਤਰੀ ਬਣ ਗਏ।ਆਪ ਲੋਕ ਸੇਵਕ ਸੰਘ ਦੇ ਮੈਂਬਰ ਬਣ ਕੇ ਲੋਕ ਸੇਵਾ ਅਤੇ ਗਣਤੰਤਰਤਾ ਲਈ ਕੰਮ ਕਰਨ ਲੱਗੇ।ਉਹ ਇਲਾਹਾਬਾਦ ਨਗਰ ਨਿਗਮ ਅਤੇ ਇੰਪਰੂਵਮੈਂਟ ਦੇ ਮੈਂਬਰ ਵੀ ਬਣੇ।ਇਸ ਤੋਂ ਬਾਅਦ ਇਲਾਹਾਬਾਦ ਜਿਲਾ ਕਾਂਗਰਸ ਦੀ ਮਹਾ-ਮੁਹਿੰਮ ਲਈ ਵੀ ਚੁਣੇ ਗਏ। ਆਪ ਜੀ ਦੇ ਰਾਜਨੀਤਕ ਜੀਵਨ ‘ਤੇ ਪੰਡਿਤ ਗੋਬਿੰਦ ਵੱਲਭ ਪੰਤ ਦਾ ਵੀ ਬਹੁਤ ਪ੍ਰਭਾਵ ਰਿਹਾ।1937 ਵਿੱਚ ਉਤਰ ਪ੍ਰਦੇਸ਼ ਵਿਧਾਨ ਸਭਾ ਦੇ ਮੈਂਬਰ ਚੁਣੇ ਗਏ।1940 ਵਿੱਚ ਬ੍ਰਿਟਿਸ਼ ਸਰਕਾਰ ਨੇ ਆਪ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ।ਇਸੇ ਤਰ੍ਹਾਂ ਜਦੋਂ 1942 ਵਿੱਚ ਮਹਾਤਮਾ ਗਾਂਧੀ ਜੀ ਨੇ ਭਾਰਤ ਛੱਡੋ ਅਤੇ ਕਰੋ ਜਾਂ ਮਰੋ ਦੇ ਨਾਅਰੇ ਲਾਏ।ਉਸ ਸਮੇਂ ਵੀ ਬਾਕੀ ਰਾਸ਼ਟਰੀ ਨੇਤਾਵਾਂ ਨਾਲ ਆਪ ਜੀ ਨੂੰ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ।1945 ਵਿੱਚ ਜੇਲ੍ਹ ਵਿਚੋਂ ਮੁਕਤ ਹੋਣ ਤੋਂ ਬਾਅਦ ਉਤਰ ਪ੍ਰਦੇਸ਼ ਦੇ ਮੁੱਖ ਮੰਤਰੀ ਪੰਡਿਤ ਗੋਬਿੰਦ ਵੱਲਭ ਨੇ ਆਪ ਜੀ ਨੂੰ ਸਭਾ-ਸਕੱਤਰ ਬਣਾ ਲਿਆ। 1947 ਵਿੱਚ ਆਪ ਜੀ ਨੂੰ ਗ੍ਰਹਿ ਮੰਤਰੀ ਦਾ ਅਹੁੱਦਾ ਮਿਲਿਆ।ਇਸੇ ਤਰ੍ਹਾਂ ਆਪਣੀ ਮਿਹਨਤ ਅਤੇ ਯੋਗਿਤਾ ਕਾਰਨ ਆਪ ਨਿਰੰਤਰ ਅੱਗੇ ਹੀ ਅੱਗੇ ਵੱਧਦੇ ਗਏ।ਦਿੱਲੀ ਆਉਣ ਉਪਰੰਤ ਜਦੋਂ ਸਵਤੰਤਰ ਭਾਰਤ ਦਾ ਆਪਣਾ ਨਵਾਂ ਅਤੇ ਗਣਤੰਤਰੀ ਸੰਵਿਧਾਨ ਐਲਾਨ ਹੋਇਆ ਤਾਂ ਕੇਂਦਰੀ ਮੰਤਰੀ ਮੰਡਲ ਵਿੱਚ ਆਪ ਜੀ ਨੂੰ ਰੇਲ ਅਤੇ ਪਰਿਵਹਨ ਮੰਤਰੀ, ਫਿਰ ਵਿੱਤ ਮੰਤਰੀ, ਉਦਯੋਗ ਮੰਤਰੀ ਤੇ ਗ੍ਰਹਿ ਮੰਤਰੀ ਵਜੋਂ ਅਹੁੱਦਾ ਨਿਵਾਜ਼ਿਆ ਗਿਆ।
               1964 ਵਿੱਚ ਨਹਿਰੂ ਜੀ ਦੇ ਸਵਰਗਵਾਸ ਹੋਣ ਤੋਂ ਬਾਅਦ ਭਾਰਤ ਦੇ ਪ੍ਰਧਾਨ ਮੰਤਰੀ ਦੇ ਅਹੁਦੇ ‘ਤੇ ਨਿਵਾਜ਼ਿਆ ਗਿਆ।ਪ੍ਰਧਾਨ ਮੰਤਰੀ ਬਣਨ ਉਪਰੰਤ ਆਪ ਨੇ ਕਾਰਜ਼ਯੋਗਤਾ ਨਾਲ ਸਾਰੇ ਵਿਸ਼ਵ ਵਿੱਚ ਹਰਮਨ ਪਿਆਰਾ ਬਣਨ ਦਾ ਮਾਣ ਹਾਸਲ ਕੀਤਾ।1965 ਵਿੱਚ ਪਾਕਿਸਤਾਨ ਦੇ ਹਮਲੇ ਦਾ ਜਵਾਬ ਦੇਣ ਦੇ ਨਾਲ-ਨਾਲ ਜੈ ਜਵਾਨ ਦੇ ਨਾਅਰੇ ਨਾਲ ਜੈ ਕਿਸਾਨ ਦਾ ਨਾਅਰਾ ਜੋੜ ਕੇ ਅਮਰੀਕਾ ਦੀ ਦੋਗਲੀ ਨੀਤੀ ਦਾ ਵੀ ਕਰਾਰਾ ਜਵਾਬ ਦਿੱਤਾ।ਭਾਰਤ ਦੀ ਹਰੀ ਕ੍ਰਾਂਤੀ ਵਾਸਤਵ ਵਿੱਚ ਇਸੇ ਨਾਅਰੇ ਦੀ ਦੇਣ ਹੈ।
               11 ਜਨਵਰੀ 1966 ਨੂੰ ਸ਼ਾਸਤਰੀ ਜੀ ਦਾ ਦੇਹਾਂਤ ਹੋ ਗਿਆ।ਸ਼ਾਂਤੀ ਵਣ ਕੋਲ ਬਣੀ ਵਿਜੈ ਘਾਟ ਦੀ ਸ਼ਾਸਤਰੀ ਜੀ ਦੀ ਸਮਾਧੀ ਅਤੇ ਉਨ੍ਹਾਂ ਦਾ ਵਿਅਕਤੀਤਵ ਸਾਨੂੰ ਅੱਜ ਵੀ ਇਹ ਯਾਦ ਕਰਵਾਉਂਦਾ ਹੈ ਕਿ ਲਗਨ, ਪੱਕੇ ਇਰਾਦੇ, ਦ੍ਰਿੜ੍ਹ ਸੰਕਲਪ ਅਤੇ ਸੱਚਾਈ ਨਾਲ ਕੰਮ ਕਰਨ ਨਾਲ ਕੋਈ ਵੀ ਵਿਅਕਤੀ ਉਚੇ ਤੋਂ ਉਚੇ ਅਹੁੱਦੇ ਪ੍ਰਾਪਤ ਕਰ ਸਕਦਾ ਹੈ। 25102020

ਸਾਰਿਕਾ ਜ਼ਿੰਦਲ
ਪੰਜਾਬੀ ਮਿਸਟ੍ਰੈਸ, ਸਰਕਾਰੀ ਸੀਨੀਅਰ ਸਕੈਡੰਰੀ
ਸਕੂਲ (ਲੜਕੇ) ਧਨੌਲਾ, ਜਿਲ੍ਹਾ ਬਰਨਾਲਾ।
ਮੋ- 9463551992

Check Also

ਕਰਮਜੀਤ ਰਿੰਟੂ ਨੇ ਰਾਮਨਗਰ ਪੰਚਾਇਤ ‘ਚ ਸੜਕਾਂ ਤੇ ਗਲੀਆਂ ਬਣਾਉਣ ਦੇ ਕਾਰਜ਼ ਦਾ ਕੀਤਾ ਉਦਘਾਟਨ

ਅੰਮ੍ਰਿਤਸਰ, 16 ਮਈ (ਜਗਦੀਪ ਸਿੰਘ) – ਅੰਮ੍ਰਿਤਸਰ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਅਤੇ ਉੱਤਰੀ ਵਿਧਾਨ …