ਜਿਲ੍ਹਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ‘ਚ ਧੁੰਦ ਦੌਰਾਨ ਹਾਦਸਿਆਂ ਨੂੰ ਰੋਕਣ ਲਈ ਕਦਮ ਚੁੱਕਣ ਦੇ ਹੁਕਮ
ਕਪੂਰਥਲਾ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ਼੍ਰੀਮਤੀ ਦੀਪਤੀ ਉੱਪਲ ਨੇ ਜਿਲਾ ਰੋਡ ਸੇਫਟੀ ਕਮੇਟੀ ਦੇ ਅਹੁਦੇਦਾਰਾਂ ਨੂੰ
ਨਿਰਦੇਸ਼ ਦਿੱਤੇ ਹਨ ਕਿ ਉਹ ਮਨੁੱਖੀ ਜਾਨਾਂ ਦੀ ਰਾਖੀ ਲਈ ਸੜਕ ਸੁਰੱਖਿਆ ਨਾਲ ਜੁੜੇ ਨਿਯਮਾਂ ਨੂੰ ਇੰਨ-ਬਿੰਨ ਲਾਗੂ ਕਰਨ।
ਅੱਜ ਇਥੇ ਜਿਲਾ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਵਿੱਚ ਜਿਲ੍ਹਾ ਰੋਡ ਸੇਫਟੀ ਕਮੇਟੀ ਦੇ ਮੈਂਬਰਾਂ ਤੋਂ ਇਲਾਵਾ ਸਮੂਹ ਐਸ.ਡੀ.ਐਮਾਂ ਨੇ ਵੀ ਵੀਡੀਓ ਕਾਨਫਰੰਸ ਰਾਹੀਂ ਭਾਗ ਲਿਆ।ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲਾਕਡਾਊਨ ਪਿਛੋਂ ਹੁਣ ਪੰਜਾਬ ਸਰਕਾਰ ਵਲੋਂ ਸਕੂਲ ਖੋਲੇ ਗਏ ਹਨ, ਜਿਸ ਕਰਕੇ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਮੁਤਾਬਿਕ ਸੇਫ ਸਕੂਲ ਵਾਹਨ ਸਕੀਮ ਨੂੰ ਜ਼ਮੀਨੀ ਪੱਧਰ `ਤੇ ਲਾਗੂ ਕਰਨ ਲਈ ਤੁਰੰਤ ਕਦਮ ਚੁੱਕੇ ਜਾਣ।ਉਨਾਂ ਕਿਹਾ ਕਿ ਸਕੂਲੀ ਵਾਹਨਾਂ ਵਿੱਚ ਬੱਚਿਆਂ ਦੀ ਸੁਰੱਖਿਆ ਲਈ ਲੋੜੀਂਦੇ ਮਾਪਦੰਡਾਂ ਨੂੰ ਪੂਰਾ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ।ਜਿਸ ਲਈ ਸਮੂਹ ਐਸ.ਡੀ.ਐਮ, ਪੁਲਿਸ ਤੇ ਸਿੱਖਿਆ ਵਿਭਾਗ ਦੇ ਅਧਿਕਾਰੀ ਨਿੱਜੀ ਤੌਰ `ਤੇ ਵਾਹਨਾਂ ਦੀ ਅਚਨਚੇਤ ਜਾਂਚ ਕਰਨ ਅਤੇ ਊਣਤਾਈਆਂ ਮਿਲਣ `ਤੇ ਸਬੰਧਿਤ ਸਕੂਲ ਪ੍ਰਬੰਧਕਾਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇ।
ਇਸ ਤੋਂ ਇਲਾਵਾ ਉਨਾਂ ਅਗਾਮੀ ਸਰਦੀ ਦੇ ਮੌਸਮ ਦੌਰਾਨ ਧੁੰਦ ਕਾਰਨ ਹੋਣ ਵਾਲੇ ਹਾਦਸਿਆਂ ਨੂੰ ਰੋਕਣ ਸਬੰਧੀ ਪੰਜਾਬ ਪੁਲਿਸ ਦੇ ਟ੍ਰੈਫਿਕ ਵਿੰਗ ਨੂੰ ਕਿਹਾ ਕਿ ਉਹ ਵਾਹਨਾਂ ਪਿੱਛੇ ਰਿਫਲੈਕਟਰ ਲਗਾਏ ਜਾਣਾ ਯਕੀਨੀ ਬਣਾਉਣ। ਡਿਪਟੀ ਕਮਿਸ਼ਨਰ ਨੇ ਨਾਲ ਹੀ ਕਿਹਾ ਕਿ ਸ਼ਰਾਬ ਪੀ ਕੇ ਵਾਹਨ ਚਲਾਉਣ ਵਾਲੇ ਵਿਅਕਤੀਆਂ ਵਿਰੁੱਧ ਪੂਰੀ ਸਖਤੀ ਵਰਤੀ ਜਾਵੇ ਤੇ ਲੋਕਾਂ ਨੂੰ ਸੀਟ ਬੈਲਟ ਤੇ ਹੈਲਮਟ ਦੀ ਮਹੱਤਤਾ ਸਬੰਧੀ ਜਾਗਰੂਕ ਕਰਨ ਲਈ ਵਿਸ਼ੇਸ਼ ਮੁਹਿੰਮ ਵਿੱਢੀ ਜਾਵੇ।
ਮੀਟਿੰਗ ਦੌਰਾਨ ਐਸ.ਡੀ.ਐਮ ਵਰਿੰਦਰਪਾਲ ਸਿੰਘ ਬਾਜਵਾ, ਐਸ.ਡੀ.ਐਮ ਭੁਲੱਥ ਟੀ. ਬੈਨਿਥ, ਐਸ.ਡੀ.ਐਮ ਸੁਲਤਾਨਪੁਰ ਲੋਧੀ ਡਾ. ਚਾਰੂਮਿਤਾ ਤੇ ਐਸ.ਡੀ.ਐਮ ਫਗਵਾੜਾ ਪਵਿੱਤਰ ਸਿੰਘ, ਈ.ਓ ਆਦਰਸ਼ ਕੁਮਾਰ, ਉਪ ਜਿਲਾ ਸਿੱਖਿਆ ਅਫਸਰ ਬਿਕਰਮਜੀਤ ਸਿੰਘ ਥਿੰਦ, ਚੰਦਨ ਪੁਰੀ ਐਡਵੋਕੇਟ, ਦਲਜੀਤ ਸਿੰਘ ਐਡਵੋਕੇਟ ਹਾਜ਼ਰ ਸਨ।
Punjab Post Daily Online Newspaper & Print Media