ਪਠਾਨਕੋਟ, 29 ਅਕਤੂਬਰ (ਪੰਜਾਬ ਪੋਸਟ ਬਿਊਰੋ) – ਜਦੋਂ ਕਰੋਨਾ ਮਹਾਂਮਾਰੀ ਨਾਲ ਵਿਦਿਆਰਥੀ ਵਰਗ, ਖਾਸ ਕਰਕੇ ਸਕੂਲੀ ਵਿਦਿਆਰਥੀਆਂ ਦੀ ਪੜ੍ਹਾਈ ‘ਤੇ
ਸਵਾਲੀਆ ਨਿਸ਼ਾਨ ਲੱਗ ਗਿਆ ਸੀ, ਉਦੋਂ ਸਰਕਾਰੀ ਸਕੂਲਾਂ ਦੇ ਸਿਰੜੀ ਅਧਿਆਪਕਾਂ ਨੇ ਇਸ ਚੁਣੌਤੀ ਨੂੰ ਖਿੜੇ ਮੱਥੇ ਸਵੀਕਾਰ ਕਰਦਿਆਂ ਸਕੂਲੀ ਸਿੱਖਿਆ ਨੂੰ ਆਨਲਾਈਨ ਮਾਧਿਅਮ ਰਾਹੀਂ ਮੁੜ ਲੀਹਾਂ ‘ਤੇ ਵਾਪਸ ਲਿਆਂਦਾ।ਇਨ੍ਹਾਂ ਅਧਿਆਪਕਾਂ ਵਿਚੋਂ ਇੱਕ ਨਾਮ ਸੰਜੀਵ ਸ਼ਰਮਾ ਦਾ ਹੈ, ਜੋ ਕਿ ਸਰਕਾਰੀ ਮਿਡਲ ਸਕੂਲ ਫੰਗਤੋਲੀ ਜਿਲ੍ਹਾ ਪਠਾਨਕੋਟ ਵਿਖੇ ਨਿਯੁੱਕਤ ਹਨ।ਇਸ ਦੇ ਨਾਲ ਹੀ ਜਿਲ੍ਹੇ ਵਿੱਚ ਸਾਇੰਸ ਡੀ.ਐਮ ਦੀ ਜਿੰਮੇਵਾਰੀ ਨਿਭਾਅ ਰਹੇ ਸੰਜੀਵ ਸ਼ਰਮਾ ਵਿਗਿਆਨ ਬਹੁਤ ਹੀ ਰੌਚਕ ਤੇ ਆਸਾਨ ਭਾਸ਼ਾ ਵਿੱਚ ਪੜ੍ਹਾਉਣ ਵਾਲੇ ਅਧਿਆਪਕ ਦੇ ਤੌਰ ‘ਤੇ ਜਾਣੇ ਜਾਂਦੇ ਹਨ।
ਜਿਕਰਯੋਗ ਹੈ ਕਿ ਅਧਿਆਪਕ ਸੰਜੀਵ ਸਰਮਾ ਨੇ ਬਹੁਤ ਹੀ ਨਿਵੇਕਲੇ ਢੰਗ ਨਾਲ ਸੋਸ਼ਲ ਮੀਡੀਆ ‘ਤੇ ਆਧੁਨਿਕ ਤਕਨੀਕਾਂ ਦਾ ਇਸਤੇਮਾਲ ਕਰਦੇ ਹੋਏ ਸਿੱਖਿਆ ਵਿਭਾਗ ਦੇ ਹਰ ਪ੍ਰੋਜੈਕਟ’ ਘਰ ਬੈਠੇ ਸਿੱਖਿਆ’, ‘ਈਚ ਵਨ ਬਰਿੰਗ ਵਨ’, ‘ਪੰਜਾਬ ਅਚੀਵਮੈਂਟ ਸਰਵੇ’, ‘ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਗੁਰਪੁਰਬ ਨੂੰ ਸਮਰਪਿਤ ਵਿਦਿਅਕ ਮੁਕਾਬਲੇ’, ਸਵਾਗਤ ਜ਼ਿੰਦਗੀ, ਬੱਡੀ ਗਰੁੱਪ, ਇੰਗਲਿਸ਼ ਬੂਸਟਰ ਗਰੁੁੱਪ, ਆਦਿ ਦਾ ਪ੍ਰਚਾਰ ਬਹੁਤ ਹੀ ਵਧੀਆ ਢੰਗ ਨਾਲ ਕੀਤਾ।ਉਨ੍ਹਾਂ ਦੀਆਂ ਵੀਡੀਓ ਅਤੇ ਆਡੀਓ ਕਲਿਪਾਂ ਨੇ ਬੱਚਿਆਂ ਵਿੱਚ ਆਨਲਾਈਨ ਸਿੱਖਿਆ ਪ੍ਰਤੀ ਬਹੁਤ ਦਿਲਚਸਪੀ ਪੈਦਾ ਕੀਤੀ।ਸੰਜੀਵ ਸ਼ਰਮਾ ਦੇ ਵਿਦਿਅਕ ਪ੍ਰੋਗਰਾਮ ਡੀ.ਡੀ ਨਸ਼ਨਲ, ਸਵੈਮ ਪ੍ਰਭਾ ਅਤੇ ਈ.ਵਿਦਿਆ ਆਦਿ ਚੈਨਲਾਂ ਦੇ ਨਾਲ-ਨਾਲ ਆਕਾਸ਼ਬਾਣੀ ਜਲੰਧਰ ‘ਤੇ ਆਮ ਹੀ ਦੇਖਣ-ਸੁਣਨ ਨੂੰ ਮਿਲਦੇ ਹਨ।ਇਸ ਦੇ ਇਲਾਵਾ ਇਹਨਾਂ ਵੱਲੋਂ ਕੀਤੇ ਜਾਂਦੇ ਪ੍ਰੈਕਟੀਕਲ ਸੋਸ਼ਲ ਮੀਡੀਆ ‘ਤੇ ਚਰਚਿਤ ਹਨ।
ਉਹਨਾਂ ਦੇ ਇਹਨਾਂ ਪ੍ਰੋਗਰਾਮਾਂ ਵਿੱਚ ਜਿਥੇ ਉਨ੍ਹਾਂ ਦੀ ਮਿਹਨਤ ਅਤੇ ਲਗਨ ਦੀ ਝਲਕ ਦੇਖਣ ਨੂੰ ਮਿਲਦੀ ਹੈ, ਉਥੇ ਬਹੁਗਿਣਤੀ ਵਿਦਿਆਰਥੀਆਂ ਦੇ ਭਵਿੱਖ ਨੂੰ ਉਜਵਲ ਬਣਾਉਣ ਦਾ ਜਜ਼ਬਾ ਵੀ ਉਨ੍ਹਾਂ ਦੀ ਸਖਸੀਅਤ ਨੂੰ ਚਾਰ ਚੰਨ ਲਾਉਂਦਾ ਹੈ।ਇਹਨਾਂ ਯਤਨਾਂ ਸਦਕਾ ਉਹ ਪੰਜਾਬ ਦੇ ਅਧਿਆਪਕਾਂ ਲਈ ਪ੍ਰੇਰਣਾ ਸਰੋਤ ਵੀ ਬਣੇ।ਉਹਨਾਂ ਦੇ ਇਹਨਾਂ ਅਣਥੱਕ ਯਤਨਾਂ ਸਦਕਾ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਵਲੋਂ ਉਨ੍ਹਾਂ ਨੂੰ ਪ੍ਰਸੰਸਾ ਪੱਤਰ ਵੀ ਪ੍ਰਾਪਤ ਹੋਇਆ।ਸੰਜੀਵ ਸ਼ਰਮਾ ਸਾਇੰਸ ਦੇ ਔਖੇ ਤੋਂ ਔਖੇ ਪ੍ਰਸ਼ਨ ਸਾਧਾਰਨ ਜਿਹੇ ਪ੍ਰੈਟੀਕਲ ਰਾਹੀਂ ਇਨਾਂ ਆਸਾਨ ਬਣਾ ਦਿੰਦੇ ਹਨ ਕਿ ਵਿਦਿਆਰਥੀ ਸਹਿਜੇ ਹੀ ਸਮਝ ਲੈਂਦੇ ਹਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media