Sunday, April 5, 2026

ਮੁੱਖ ਮੰਤਰੀ ਵਲੋਂ ਵਾਲਮੀਕਿ ਜੈਅੰਤੀ ਮੌਕੇ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਸ਼ੁਰੂਆਤ

ਰਾਮ ਤੀਰਥ ਆਈ.ਟੀ.ਆਈ ਦਾ ਉਦਘਾਟਨ, ਤੀਰਥ ਸਥਲ ਵਿਖੇ 50 ਕਰੋੜ ਦੇ ਪ੍ਰਾਜੈਕਟਾਂ ਦਾ ਰੱਖਿਆ ਨੀਂਹ ਪੱਥਰ
ਅੰਮ੍ਰਿਤਸਰ, 31 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਮੁੱੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਭਗਵਾਨ ਵਾਲਮੀਕਿ ਦਿਵਸ ਮੌਕੇ ਰਾਮਤੀਰਥ ਵਿਖੇ ਸੰਗਤਾਂ ਨੂੰ ਸੰਬੋਧਨ ਕਰਦੇ ਰਾਜ ਭਰ ਵਿਚ ਦਲਿਤ ਵਿਦਿਆਰਥੀਆਂ ਲਈ ਡਾ. ਬੀ.ਆਰ ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਦੀ ਰਸਮੀ ਸ਼ੁਰੂਆਤ ਕਰ ਦਿੱਤੀ ਹੈ।ਇੰਟਰਨੈਟ ਰਾਹੀਂ ਸੰਗਤਾਂ ਵਿਚ ਹਾਜ਼ਰੀ ਲਗਵਾਉਂਦੇ ਮੁੱਖ ਮੰਤਰੀ ਨੇ ਇਸ ਮੌਕੇ ਭਗਵਾਨ ਵਾਲਮੀਕਿ ਤੀਰਥ ਸਥਲ (ਰਾਮ ਤੀਰਥ) ਵਿਖੇ 50 ਕਰੋੜ ਰੁਪਏ ਦੇ ਪ੍ਰਾਜੈਕਟਾਂ ਦਾ ਵਰਚੁਅਲ ਢੰਗ ਨਾਲ ਨੀਂਹ ਪੱਥਰ ਵੀ ਰੱਖਿਆ।ਜਿਸ ਵਿਚ ਰਾਮ ਤੀਰਥ ਵਿਖੇ ਇੱਕ ਨਵੀਂ ਆਈ.ਟੀ.ਆਈ ਅਤੇ ਮੁਕਾਬਲੇਬਾਜ਼ੀ ਵਾਲੇ ਇਮਤਿਹਾਨਾਂ ਦੀ ਸੁਚੱਜੀ ਤਿਆਰੀ ਸਬੰਧੀ ਦਲਿਤ ਵਿਦਿਆਰਥੀਆਂ ਨੂੰ ਮਦਦ ਕਰਨ ਲਈ ਇੱਕ ਹੁਨਰ ਵਿਕਾਸ ਕੇਂਦਰ ਦੀ ਸਥਾਪਨਾ ਨੂੰ ਹਰੀ ਝੰਡੀ ਵੀ ਦਿੱਤੀ।ਇਸ ਤੋਂ ਇਲਾਵਾ ਉਨਾਂ ਨੇ ਨੈਗੋਸ਼ੀਏਬਲ ਇੰਸਟਰੂਮੈਂਟਸ ਐਕਟ ਦੇ ਤਹਿਤ ਮਹਾਨ ਸ਼ਖ਼ਸੀਅਤ ਦੀ ਯਾਦ ਵਿਚ ਸਾਲਾਨਾ ਛੁੱਟੀ ਦਾ ਐਲਾਨ ਕਰਦੇ ਹੋਏ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਹਰ ਵਰੇ ਭਗਵਾਨ ਵਾਲਮੀਕਿ ਜੈਅੰਤੀ ਮੌਕੇ ਸੈਮੀਨਾਰ ਵੀ ਕਰਵਾਇਆ ਜਾਵੇਗਾ।
                ਮੁੱਖ ਮੰਤਰੀ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਸੂਬੇ ਨੂੰ 800 ਕਰੋੜ ਰੁਪਏ ਦੀ ਕੇਂਦਰੀ ਮਦਦ ਬੇਇਨਸਾਫੀ ਭਰੇ ਢੰਗ ਨਾਲ ਬੰਦ ਕਰਕੇ ਉਨਾਂ ਨੂੰ ਮਹਿਰੂਮ ਕਰ ਦਿੱਤਾ ਸੀ।ਉਨਾਂ ਕਿਹਾ ਕਿ ਡਾ. ਬੀ.ਆਰ ਅੰਬੇਦਕਰ ਪੋਸਟ ਮੈਟਰਿਕ ਸਕਾਲਰਸ਼ਿਪ ਸਕੀਮ ਕੇਂਦਰ ਸਰਕਾਰ ਵਲੋਂ ਬਿਨਾਂ ਕਿਸੇ ਵਿੱਤੀ ਮਦਦ ਦੇ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਤਹਿਤ ਐਸ.ਸੀ ਵਿਦਿਆਰਥੀਆਂ ਨੂੰ ਫੀਸ ਵਿਚ 100 ਫੀਸਦੀ ਛੋਟ ਮਿਲੇਗੀ, ਜਿਸ ਨਾਲ ਉਨਾਂ ਨੂੰ 550 ਕਰੋੜ ਰੁਪਏ ਦੀ ਬਚਤ ਹੋਵੇਗੀ।
                  ਇਹ ਸਕੀਮ ਜੋ ਕਿ ਗਰੀਬ ਵਰਗ ਦੇ ਅਨੁਸੂਚਿਤ ਜਾਤੀ ਨਾਲ ਸਬੰਧਤ 3 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਹਰ ਵਰ੍ਹੇ ਲਾਭ ਦੇਵੇਗੀ।ਵਿਦਿਆਰਥੀਆਂ ਦੁਆਰਾ ਸਰਕਾਰੀ/ਨਿੱਜੀ ਸਿੱਖਿਆ ਸੰਸਥਾਵਾਂ ਨੂੰ ਕੋਈ ਅਦਾਇਗੀ ਨਹੀਂ ਕੀਤੀ ਜਾਵੇਗੀ। ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਸੰਸਥਾਵਾਂ ਵਲੋਂ ਇਸ ਸਕੀਮ ਤਹਿਤ ਸੂਬਾ ਸਰਕਾਰ ਵਲੋਂ ਦਿੱਤੀ ਜਾਣ ਵਾਲੀ ਸਿੱਧੀ ਸਬਸਿਡੀ ਕਾਰਨ ਅਨੁਸੂਚਿਤ ਜਾਤੀ ਦੇ ਵਿਦਿਆਰਥੀਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਅਤੇ ਵਿਦਿਆਰਥੀਆਂ ਨੂੰ ਕਿਤਾਬਾਂ ਅਤੇ ਵਰਦੀਆਂ ਖਰੀਦਣ ਲਈ ਮਹੀਨਾਵਾਰ ਭੱਤਾ ਵੀ ਮਿਲੇਗਾ।
                      ਭਗਵਾਨ ਵਾਲਮੀਕਿ ਤੀਰਥ ਸਥਲ ਦੇ ਪ੍ਰਾਜੈਕਟਾਂ ਦੇ ਵੇਰਵੇ ਦਿੰਦੇ ਹੋਏ ਮੁੱਖ ਮੰਤਰੀ ਨੇ ਦੱਸਿਆ ਕਿ ਇਨਾਂ ਵਿਚ ਮਹਾਂਰਿਸ਼ੀ ਵਾਲਮੀਕਿ ਸਬੰਧੀ ਇਕ ਪੈਨੋਰਾਮਾ (25-30 ਕਰੋੜ ਰੁਪਏ), ਬਾਹਰੀ ਕੰਧ ਉੱਤੇ ਲਾਈਟਾਂ ਲਾਉਣਾ (10.9 ਕਰੋੜ ਰੁਪਏ), ਸਰੋਵਰ ਲਈ ਫਿਲਟਰੇਸ਼ਨ ਪਲਾਂਟ (4.75 ਕਰੋੜ ਰੁਪਏ), ਸਰਾਏ ਲਈ ਫਰਨੀਚਰ (2 ਕਰੋੜ ਰੁਪਏ) ਅਤੇ ਇੱਕ ਪਰਕਰਮਾ ਦੀ ਉਸਾਰੀ (1.3 ਕਰੋੜ ਰੁਪਏ) ਸ਼ਾਮਲ ਹੋਣਗੇ।
                    ਆਈ.ਟੀ.ਆਈ ਦੇ ਰਾਮ ਤੀਰਥ ਵਿਖੇ ਆਰਜੀ ਕੈਂਪਸ ਦਾ ਵਰਚੁਅਲ ਉਦਘਾਟਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਦੱਸਿਆ ਕਿ ਇਸ ਸੰਸਥਾਨ ਨਾਲ ਨੌਜਵਾਨ ਵਰਗ ਲਈ ਵਧੇਰੇ ਨੌਕਰੀਆਂ ਪੈਦਾ ਹੋਣਗੀਆਂ।ਉਨਾਂ ਅੱਗੇ ਕਿਹਾ ਕਿ ਇਸ ਸੰਸਥਾਨ ਵਿੱਚ ਹੁਣ ਤੱਕ 90 ਸਿੱਖਿਆਰਥੀ ਦਾਖਲਾ ਲੈ ਚੁੱਕੇ ਹਨ ਅਤੇ ਜਦੋਂ ਅਗਲੇ ਵਰੇ ਤੱਕ ਇਸ ਇਮਾਰਤ ਦਾ 1.82 ਕਰੋੜ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਅਤੇ 3.5 ਕਰੋੜ ਰੁਪਏ ਦੀ ਲਾਗਤ ਨਾਲ ਮਸ਼ੀਨਰੀ ਦੀ ਖਰੀਦ ਹੋਵੇਗੀ ਤਾਂ ਵਿਦਿਆਰਥੀਆਂ ਦੀ ਗਿਣਤੀ ਵਧ ਕੇ 240 ਹੋ ਜਾਵੇਗੀ।ਕੋਰਸਾਂ ਦੀ ਗਿਣਤੀ ਵੀ ਮੌਜੂਦਾ ਸਮੇਂ ਦੇ 4 ਤੋਂ ਵਧ ਕੇ 9 ਹੋ ਜਾਵੇਗੀ।
                 ਆਪਣੇ ਸੰਬੋਧਨ ‘ਚੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਇਸ ਸੰਸਥਾ ਨੂੰ ਅਤਿ ਆਧੁਨਿਕ ਸੁਵਿਧਾਵਾਂ ਨਾਲ ਵਿਕਸਿਤ ਕੀਤਾ ਜਾਵੇਗਾ।ਉਨਾਂ ਮੁੱਖ ਮੰਤਰੀ ਪੰਜਾਬ ਵੱਲੋਂ ਦਲਿਤ ਸਮਾਜ ਲਈ ਸ਼ੁਰੂ ਕੀਤੀਆਂ ਨਵੀਆਂ ਯੋਜਨਾਵਾਂ ਲਈ ਵਿਸ਼ੇਸ਼ ਧੰਨਵਾਦ ਵੀ ਕੀਤਾ। ਇਸ ਤੋਂ ਪਹਿਲਾਂ ਵਿਧਾਇਕ ਅਤੇ ਭੰਡਾਰਨ ਨਿਗਮ ਦੇ ਚੇਅਰਮੈਨ ਰਾਜ ਕੁਮਾਰ ਵੇਰਕਾ ਨੇ ਪੋਸਟ ਮੈਟਰਿਕ ਐਸ.ਸੀ ਸਕਾਲਰਸ਼ਿਪ ਬੰਦ ਕਰਨ ਲਈ ਕੇਂਦਰ ਸਰਕਾਰ ਦੀ ਕਰੜੀ ਆਲੋਚਨਾ ਕੀਤੀ ਅਤੇ ਮੁੱਖ ਮੰਤਰੀ ਦਾ ਧੰਨਵਾਦ ਕੀਤਾ।ਜਿਨਾਂ ਨੇ ਇਸ ਨੁਕਸਾਨ ਦੀ ਭਰਪਾਈ ਲਈ ਵਿਦਿਆਰਥੀਆਂ ਵਾਸਤੇ ਨਵੀਂ ਸੂਬਾਈ ਸਕੀਮ ਸ਼ੁਰੂ ਕੀਤੀ ਹੈ।
ਉਨਾਂ ਨੇ ਵਾਲਮੀਕਿ ਸਮਾਜ ‘ਤੇ ਅਧਾਰਤ ਇੱਕ ਲਘੂ ਫ਼ਿਲਮ ਵੀ ਪੇਸ਼ ਕੀਤੀ।ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਵਿਧਾਇਕ ਰਾਜਕੁਮਾਰ ਵੇਰਕਾ ਵਲੋਂ ਸੰਤ ਸਮਾਜ ਦੇ ਮੁਖੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
                  ਲੋਕ ਸਭਾ ਮੈਂਬਰ ਜਸਬੀਰ ਸਿੰਘ ਡਿੰਪਾ ਤੇ ਗੁਰਜੀਤ ਸਿੰਘ ਔਜਲਾ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ, ਵਿਧਾਇਕ ਸੰਤੋਖ ਸਿੰਘ ਭਲਾਈਪੁਰ, ਵਿਧਾਇਕ ਸੁਖਵਿੰਦਰ ਸਿੰਘ ਡੈਨੀ, ਚੇਅਰਮੈਨ ਸਫਾਈ ਕਮਿਸ਼ਨ ਗੇਜਾ ਰਾਮ, ਸ੍ਰੀ ਓਮ ਪ੍ਰਕਾਸ਼ ਗੱਬਰ ਨੇ ਵੀ ਸੰਗਤਾਂ ਨੂੰ ਭਗਵਾਨ ਵਾਲਮੀਕਿ ਦੇ ਪ੍ਰਗਟ ਦਿਵਸ ਦੀ ਵਧਾਈ ਦਿੱਤੀ।
                  ਇਸ ਮੌਕੇ ਮੇਅਰ ਨਗਰ ਨਿਗਮ ਕਰਮਜੀਤ ਸਿੰਘ ਰਿੰਟੂ, ਵਿਧਾਇਕ ਸੁਨੀਲ ਦੱਤੀ, ਚੇਅਰਮੈਨ ਨਗਰ ਸੁਧਾਰ ਟਰੱਸਟ ਦਿਨੇਸ਼ ਬੱਸੀ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਵਧੀਕ ਡਿਪਟੀ ਕਮਿਸ਼ਨਰ ਹਿਮਾਂਸ਼ੂ ਅਗਰਵਾਲ, ਸਹਾਇਕ ਡਾਇਰੈਕਟਰ ਲਖਬੀਰ ਸਿੰਘ ਸੱਭਿਆਚਾਰਕ ਵਿਭਾਗ, ਐਸ.ਐਸ.ਪੀ ਦਿਹਾਤੀ ਧਰੁਵ ਦਹਿਆ, ਐਸ.ਡੀ.ਐਮ ਅਜਨਾਲਾ ਦੀਪਕ ਭਾਟੀਆ, ਜੁਗਲ ਕਿਸ਼ੋਰ ਸ਼ਰਮਾ, ਸ੍ਰੀਮਤੀ ਮਮਤਾ ਦੱਤਾ, ਹਰਜਿੰਦਰ ਸਿੰਘ ਠੇਕੇਦਾਰ ਸਾਬਕਾ ਵਿਧਾਇਕ ਤੋਂ ਇਲਾਵਾ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …