ਪੰਜਾਬੀਆਂ ਨੇ ਮੋਦੀ ਸਰਕਾਰ ਦੀਆਂ ਪੰਜਾਬ ਮਾਰੂ ਨੀਤੀਆਂ ਦਾ ਕੀਤਾ ਡਟਵਾਂ ਵਿਰੋਧ
ਅੰਮ੍ਰਿਤਸਰ, 5 ਨਵੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦਾ ਰੇਲ ਰੋੋਕੋ ਅੰਦੋਲਨ ਜੰਡਿਆਲਾ ਗੁਰੂ ਰੇਲਵੇ ਟਰੈਕ ‘ਤੇ ਅੱਜ 43ਵੇਂ ਦਿਨ
ਵਿੱਚ ਦਾਖਲ ਹੋ ਗਿਆ, ਜੋ ਲਗਾਤਾਰ ਹਰ ਰੋਜ਼ ਮੋਦੀ ਸਰਕਾਰ ਦੀਆਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਉਜਾਗਰ ਕਰਦਾ ਸਫਲਤਾ ਵੱਲ ਵਧ ਰਿਹਾ ਹੈ।ਇਸ ਅੰਦੋਲਨ ਵਿੱਚ ਹਰ ਰੋਜ਼ ਕਿਸਾਨ ਮਜ਼ਦੂਰ, ਬੀਬੀਆਂ ਪੂਰੇ ਰੋਹ ਨਾਲ ਕੇਂਦਰ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਦੇ ਹੋਏ ਰੇਲ ਟਰੈਕ ‘ਤੇ ਦੇਸ਼ ਤੇ ਪੰਜਾਬ ਦੇ ਕਿਸਾਨਾਂ ਦੀਆਂ ਜਮੀਨਾਂ, ਮੰਡੀ, ਬਜ਼ਾਰ ਤੇ ਜਨਤਕ ਸਾਧਨਾਂ ‘ਤੇ ਮੋਦੀ ਸਰਕਾਰ ਵੱਲੋ ਅਡਾਨੀਆਂ, ਅੰਬਾਨੀਆਂ ਦਾ ਕਬਜ਼ਾ ਕਰਵਾਉਣ ਵਿਰੁੱਧ ਸੰਘਰਸ਼ ਨੂੰ ਤਿੱਖੇ ਰੂਪ ਵਿੱਚ ਲੜਨ ਦਾ ਸਕੰਲਪ ਕਰਦੇ ਹਨ।
ਕਿਸਾਨ ਆਗੂਆਂ ਨੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਪੰਜਾਬ ਭਰ ਵਿੱਚ 10 ਜਿਲ੍ਹਿਆਂ ਵਿੱਚ 42 ਤੋ ਵੱਧ ਥਾਵਾਂ ‘ਤੇ 12 ਤੋ 4 ਵਜੇ ਤੱਕ ਸੜਕੀ ਆਵਾਜਾਈ ਪੂਰੀ ਤਰਾਂ ਜਾਮ ਕੀਤੀ ਗਈ ਤੇ ਕੇਂਦਰ ਸਰਕਾਰ ਖਿਲਾਫ ਭਾਰੀ ਨਾਅਰੇਬਾਜ਼ੀ ਕਰਦਿਆਂ ਕਿਸਾਨ ਮਾਰੂ ਪਾਸ ਕੀਤੇ ਤਿੰਨ ਖੇਤੀ ਬਿੱਲ ਰੱਦ ਕਰਨ ਦੀ ਮੰਗ ਕੀਤੀ।ਇਸੇ ਤਰਾਂ ਫਿਰੋਜ਼ਪੁਰ ਵਿਚ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦੀ, ਫਾਜਿਲਕਾ, ਮੁਕਤਸਰ ਸੂਬਾ ਪ੍ਰਧਾਨ ਸਤਨਾਮ ਸਿੰਘ ਪੰਨੂੰ, ਤਰਨਤਾਰਨ ਵਿੱਚ ਸੂਬਾ ਸੰਗਠਨ ਸਕੱਤਰ ਸੁਖਵਿੰਦਰ ਸਿੰਘ ਸਭਰਾ, ਹਰਪ੍ਰੀਤ ਸਿੰਘ ਸਿਧਵਾਂ, ਕਪੂਰਥਲਾ ਤੇ ਜਲੰਧਰ ਵਿੱਚ ਖਜਾਨਚੀ ਗੁਰਲਾਲ ਸਿੰਘ, ਹੁਸ਼ਿਆਰਪੁਰ ਤੇ ਗੁਰਦਾਸਪੁਰ ਸਵਿੰਦਰ ਸਿੰਘ ਚੁਤਾਲਾ, ਅੰਮ੍ਰਿਤਸਰ ਵਿਚ ਸੂਬਾ ਜਨਰਲ ਸਕੱਤਰ ਸਰਵਨ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮਨੰਗਲ ਨੇ ਅੰਮ੍ਰਿਤਸਰ ਗੋਲਡਨ ਗੇਟ ਬਾਈਪਾਸ ਵਿਖੇ ਆਪਣੇ ਸੰਬੋਧਨ ‘ਚ ਕਿਹਾ ਕਿ ਕੌਮੀ ਪੱਧਰ ‘ਤੇ ਦੇਸ਼ ਵਾਸੀਆਂ ਦਾ ਇਹ ਅੰਦੋਲਨ ਕਿਸਾਨਾਂ ਮਜ਼ਦੂਰਾਂ ਦੇ ਰੂਪ ਵਿਚ ਅੱਜ ਇਤਿਹਾਸ ਰਚ ਗਿਆ ਹੈ।ਇਸ ਦੀਆਂ ਬਰਕਤਾਂ ਸਦਕਾ ਖੇਤੀ ਕਾਨੂੰਨ ਸਮੇਤ ਲੋਕ ਵਿਰੋਧੀ ਕਾਨੂੰਨ ਰੱਦ ਹੋਣਗੇ।ਕਾਰਪੋਰੇਟ ਘਰਾਣਿਆਂ ਤੋਂ ਭਾਰਤ ਤੇ ਭਾਰਤੀ ਖੇਤੀ ਨੂੰ ਮੁਕਤ ਕਰਵਾਉਣ ਵਿਚ ਅੱਜ ਦਾ ਸੰਘਰਸ਼ ਮੀਲ ਪੱਧਰ ਸਾਬਤ ਹੋਵੇਗਾ।ਅੱਜ ਦੇ ਇਕੱਠਾਂ ਵਿੱਚ ਬੀਬੀਆਂ, ਬੱਚੇ, ਕਿਸਾਨ, ਮਜ਼ਦੂਰ, ਦੁਕਾਨਦਾਰ ਤੇ ਮੁਲਾਜ਼ਮ ਰਈਆ ਮੋੜ, ਜੰਡਿਆਲਾ ਰੇਲਵੇ ਸਟੇਸ਼ਨ, ਮਹਿਤਾ ਚੌਂਕ, ਗੱਗੋਮਾਹਲ, ਰਾਮਤੀਰਥ, ਲੋਪੋਕੇ ਚੋਗਾਵਾਂ, ਖਾਸਾ ਆਦਿ ਥਾਵਾਂ ‘ਤੇ ਪਹੁੰਚੇ।
ਇਸ ਮੌਕੇ ਗੁਰਮੇਲ ਸਿੰਘ ਫੱਤੇਵਾਲਾ, ਬਚਿੱਤਰ ਸਿੰਘ ਦੂਲੇਵਾਲਾ, ਨਰਿੰਦਰਪਾਲ ਸਿੰਘ ਜਤਾਲਾ, ਖਲਾਰਾ ਸਿੰਘ ਪੰਨੂ ਆਸਲ, ਡਾ: ਗੁਰਨਾਮ ਸਿੰਘ, ਰਛਪਾਲ ਸਿੰਘ ਗੱਟਾ ਬਾਦਸ਼ਾਹ, ਗੁਰਦੇਵ ਸਿੰਘ ਵਰਪਾਲ, ਜਰਮਨਜੀਤ ਸਿੰਘ ਬੰਡਾਲਾ, ਅਜੀਤ ਸਿੰਘ ਠੱਠੀਆਂ, ਹਰਬਿੰਦਰ ਸਿੰਘ ਭਲਾਈਪੁਰ, ਰਣਜੀਤ ਸਿੰਘ ਕਲੇਰਬਾਲਾ, ਸਵਿੰਦਰ ਸਿੰਘ ਰੂਪੋਵਾਲੀ, ਮੁਖਤਾਰ ਸਿੰਘ ਭੰਗਵਾ, ਗੁਰਦੇਵ ਸਿੰਘ ਗੱਗੋਮਾਹਲ, ਸਕੱਤਰ ਸਿੰਘ ਕੋਟਲਾ, ਕੁਲਵੰਤ ਸਿੰਘ ਕੱਕੜ, ਰਾਜ ਸਿੰਘ ਤਾਜੇਚੱਕ, ਲਖਵਿੰਦਰ ਸਿੰਘ ਡਾਲਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media