Tuesday, June 23, 2026

ਹਕੀਕਤਾਂ ਤੋਂ ਉਲਟ ਅੰਕੜਿਆਂ ਦੀ ਗੇਮ, ਖੇਡ ਰਹੀ ਹੈ ਪੰਜਾਬ ਸਰਕਾਰ- ਡੀ.ਟੀ.ਐਫ

ਸੰਗਰੂਰ, 10 ਨਵੰਬਰ (ਜਗਸੀਰ ਲੌਂਗੋਵਾਲ ) – ਪੰਜਾਬ ਸਰਕਾਰ ਕਰੋਨਾ ਦੀ ਆੜ ਵਿੱਚ ਸਰਕਾਰੀ ਸਿੱਖਿਆ ਅੰਦਰ ਕਾਰਪੋਰੇਟੀ ਸਾਫਟਵੇਅਰ ਕੰਪਨੀਆਂ ਅਤੇ ਪ੍ਰਾਈਵੇਟ ਅਦਾਰਿਆਂ ਦੇ ਪੈਰ ਪਸਾਰਨ ਲਈ ਹਕੀਕਤਾਂ ਤੋਂ ਉਲਟ ਆਨਲਾਈਨ ਸਿੱਖਿਆ ਨੂੰ ਉਤਸ਼ਾਹਿਤ ਕਰ ਰਹੀ ਹੈ।ਜਿਸ ਦੇ ਤਹਿਤ ਅਫਸਰਸ਼ਾਹੀ ਅੰਕੜਿਆਂ ਦੇ ਰਾਹੀਂ ਗੱਲਾਂ ਦਾ ਕੜਾਹ ਬਣਾ ਕੇ ਵਾਹ ਵਾਹ ਖੱਟਣ ਵਿੱਚ ਲੱਗੀ ਹੋਈ ਹੈ।
                ਇਹਨਾ ਗੱਲਾਂ ਦਾ ਪ੍ਰਗਟਾਵਾ ਡੈਮੋਕਰੈਟਿਕ ਟੀਚਰਜ਼ ਫਰੰਟ ਪੰਜਾਬ ਦੇ ਸੂਬਾ ਪ੍ਰਧਾਨ ਦਿੱਗਵਿਜੇ ਪਾਲ ਸ਼ਰਮਾ ਅਤੇ ਸੂਬਾ ਸਕੱਤਰ ਸਰਵਣ ਸਿੰਘ ਔਜਲਾ ਦੀ ਅਗਵਾਈ ਹੇਠ ਜਿਲ੍ਹਾ ਸੰਗਰੂਰ ਪ੍ਰਧਾਨ ਬਲਵੀਰ ਚੰਦ ਲੌਂਗੋਵਾਲ ਤੇ ਜਿਲ੍ਹਾ ਸਕੱਤਰ ਹਰਭਗਵਾਨ ਗੁਰਨੇ ਨੇ ਕੀਤਾ।ਉਨਾਂ ਦੱਸਿਆ ਕਿ ਹਕੀਕਤ ਤਾਂ ਇਹ ਹੈ ਕਿ ਕਰੋਨਾ ਮਹਾਂਮਾਰੀ ਦੌਰਾਨ ਜਿਥੇ ਆਮ ਲੋਕ ਆਰਥਿਕ ਪੱਖੋਂ ਝੰਬੇ ਗਏ ਹਨ ਉੱਥੇ ਸਰਕਾਰੀ ਸਕੂਲਾਂ ਵਿਚ ਪੜਦੇ ਗਰੀਬ ਪਰਿਵਾਰਾਂ ਦੇ ਬੱਚਿਆਂ ਤੋਂ ਪੜਾਈ ਵੀ ਮਨਫ਼ੀ ਹੋ ਗਈ ਹੈ।ਸਰਕਾਰ ਦਾ ਆਨਲਾਈਨ ਸਿੱਖਿਆ ਦੇਣ ਦਾ ਪ੍ਰੋਗਰਾਮ ਵੀ ਇਹਨਾ ਬੱਚਿਆਂ ਤੱਕ ਸਿੱਖਿਆ ਪਹੁੰਚਾਉਣ ‘ਚ ਕਾਮਯਾਬ ਨਹੀਂ ਹੋ ਸਕਿਆ।ਪਰ ਸਰਕਾਰ ਨਵੀਂ ਸਿੱਖਿਆ ਨੀਤੀ ਨੂੰ ਲਾਗੂ ਕਰਦੇ ਹੋਏ ਆਨਲਾਈਨ ਸਿੱਖਿਆ ਜ਼ਰੀਏ ਟੀਚਰਲੈਸ ਕਲਾਸਰੂਮ ਸਿੱਖਿਆ ਨੂੰ ਉਤਸ਼ਾਹਿਤ ਕਰਨ ਦੇ ਲੁਕਵੇਂ ਏਜੰਡੇ ਨੂੰ ਤੇਜ਼ੀ ਨਾਲ ਲਾਗੂ ਕਰਨ ‘ਤੇ ਲੱਗੀ ਹੋਈ ਹੈ।ਜਿਸ ਦੇ ਤਹਿਤ ਸਰਕਾਰੀ ਸਕੂਲਾਂ ਵਿੱਚ ਆਨਲਾਈਨ ਪੜਾਈ ਨੂੰ ਉਚਿਆਉਣ ਲਈ ਜਾਅਲੀ ਅੰਕੜਿਆਂ ਦੀ ਗੇਮ ਖੇਡੀ ਜਾ ਰਹੀ ਹੈ ਜੋ ਹਕੀਕਤਾਂ ਤੋਂ ਬਿਲਕੁੱਲ ਉਲਟ ਹੈ।ਕਿਉਂਕਿ ਨਾ ਤਾਂ ਇਹਨਾ ਬੱਚਿਆਂ ਕੋਲ ਮਹਿੰਗੇ ਭਾਅ ਦੇ ਸਮਾਰਟ ਫੋਨ ਖਰੀਦਣ ਦੀ ਪਹੁੰਚ ਹੈ ਅਤੇ ਨਾ ਹੀ ਇਹ ਲਗਾਤਾਰ ਮਹਿੰਗਾ ਡਾਟਾ ਪਵਾਉਣ ਦੇ ਸਮਰੱਥ ਹਨ।ਕਰੋਨਾ ਸੰਕਟ ਦੇ ਕਾਰਨ ਸਰਕਾਰੀ ਸਕੂਲਾਂ ਦੇ ਬੱਚੇ ਘਰ ਦੇ ਗੁਜ਼ਾਰੇ ਲਈ ਮਾਪਿਆਂ ਨਾਲ ਜਿੱਥੇ ਫੈਕਟਰੀਆਂ, ਦੁਕਾਨਾਂ ਅਤੇ ਹੋਰ ਕੰਮਾਂ ਚ ਲੱਗਣ ਲਈ ਮਜ਼ਬੂਰ ਹਨ ਉਥੇ ਨਰਮੇ-ਕਪਾਹ ਦੇ ਸੀਜ਼ਨ ਦੌਰਾਨ ਬਹੁਤ ਸਾਰੇ ਵਿਦਿਆਰਥੀ ਆਪਣੇ ਮਾਪਿਆਂ ਨਾਲ ਕਮਾਈ ਦੇ ਲਈ ਰਾਜਸਥਾਨ, ਹਰਿਆਣਾ ਅਤੇ ਦੂਰ ਦੁਰਾਡੇ ਦੇ ਖੇਤਰਾਂ ਵਿਚ ਨਰਮਾ ਚੁਗਣ ਗਏ ਹੋਏ ਹਨ।ਪਰ ਸਾਡੀ ਅਫਸਰਸ਼ਾਹੀ ਅਧਿਆਪਕਾਂ ਉਪਰ ਜਬਰੀ ਸੌ ਪ੍ਰਤੀਸਤ ਨਤੀਜਿਆਂ ਦਾ ਦਬਾਅ ਪਾ ਕੇ ਜਾਅਲੀ ਆਂਕੜੇ ਤਿਆਰ ਕਰਨ ਵਿੱੱਚ ਲੱਗੀ ਹੋਈ ਹੈ ਤਾਂ ਜੋ ਲੋਕਾਂ ਅੰਦਰ ਆਨਲਾਈਨ ਸਿੱਖਿਆ ਦੇ ਸੋਹਲੇ ਗਾਏ ਜਾ ਸਕਣ।
                    ਜਿਲ੍ਹਾ ਆਗੂ ਟੀਮ ਦੇ ਸਰਗਰਮ ਗੁਰਮੇਲ ਬਖਸੀਵਾਲਾ, ਪ੍ਰੇਮ ਸਰੂਪ ਤੇ ਜਸਵਿੰਦਰ ਛਾਜਲੀ, ਜਗਦੇਵ ਕੁਮਾਰ, ਜਗਰੂਪ ਜਸਵੀਰ ਸੰਗਰੂਰ ਸਤਨਾਮ ਉਭਾਵਾਲ ਗੁਰਪ੍ਰੀਤ ਬੱਬੀ, ਅਮ੍ਰਿਤਪਾਲ, ਗੁਰਮੀਤ ਸੇਖੁਵਾਸ, ਬਲਜੀਤ ਤੇ ਦਾਤਾ ਨਮੋਲ, ਸੂਬਾ ਕਮੇਟੀ ਮੈਂਬਰ ਨਵਚਰਨਪ੍ਰੀਤ ਕੌਰ, ਸੁਖਵਿੰਦਰ ਸੁੱਖੀ ਅਤੇ ਲਖਵੀਰ ਮੁਕਤਸਰ ਨੇ ਸਰਕਾਰ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਸਰਕਾਰ ਦੀ ਸਿੱਖਿਆ ਖੇਤਰ ਅੰਦਰ ਕਾਰਪੋਰੇਟਾਂ ਨੂੰ ਮੁਨਾਫਿਆਂ ਲਈ ਲੁੱਟ ਕਰਨ ਦੀ ਨੀਤੀ ਨੂੰ ਕਦੇ ਵੀ ਪੂਰਾ ਨਹੀਂ ਹੋਣ ਦੇਣਗੇ।ਆਗੂਆਂ ਨੇ ਦੱਸਿਆ ਕਿ ਉਪਰੋਕਤ ਮੰਗਾਂ ਦੇ ਸੰਬੰਧ ਵਿਚ ਪੂਰੇ ਸੂਬੇ ਅੰਦਰ 16 ਨਵੰਬਰ ਨੂੰ ਜ਼ਿਲ੍ਹਾ ਹੈਡਕੁਆਟਰਾਂ ‘ਤੇ ਮੰਗ ਪੱਤਰ ਦਿੱਤੇ ਜਾਣਗੇ ਜੇਕਰ ਸਰਕਾਰ ਨੇ ਮੰਗਾਂ ਨਾ ਮੰਨੀਆਂ ਤਾਂ ਅਗਲੇ ਸੂਬਾ ਪੱਧਰੀ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।

Check Also

ਪੰਜਾਬ ਸਟੇਟ ਟਰੇਡਰਜ਼ ਕਮਿਸ਼ਨ ਵਲੋਂ ਵਪਾਰ ਮਿਲਣੀ ਦਾ ਆਯੋਜਨ

ਵਿਧਾਇਕ ਗੁਪਤਾ ਨੇ ਸੁਣੀਆਂ ਵਪਾਰੀਆਂ ਦੀਆਂ ਸਮੱਸਿਆਵਾਂ ਅੰਮ੍ਰਿਤਸਰ, 22 ਜੂਨ (ਜਗਦੀਪ ਸਿੰਘ) – ਪੰਜਾਬ ਸਟੇਟ …