ਹੁਨਰਮੰਦਾਂ ਨੂੰ ਕਾਰੋਬਾਰ ਸ਼ੁਰੂ ਕਰਨ ਲਈ ਕਰਜ਼ ਪ੍ਰਾਪਤੀ ‘ਚ ਸਹਾਇਤਾ ਕਰੇਗੀ ਰੁਜ਼ਗਾਰ ਬਿਊਰੋ
ਕਪੂਰਥਲਾ, 12 ਨਵੰਬਰ (ਪੰਜਾਬ ਪੋਸਟ ਬਿਊਰੋ) – ਕਪੂਰਥਲਾ ਜਿਲ੍ਹੇ ‘ਚ ਹੁਨਰਮੰਦ ਨੌਜਵਾਨਾਂ ਨੂੰ ਸਵੈ ਰੁਜ਼ਗਾਰ ਸ਼ੁਰੂ ਕਰਨ ਵਿਚ ਸਹਾਇਤਾ ਕਰਨ ਲਈ ਜਿਲਾ
ਪ੍ਰਸ਼ਾਸ਼ਨ ਵਲੋਂ ਨਿਵੇਕਲੀ ਪਹਿਲਕਦਮੀ ਕੀਤੀ ਗਈ ਹੈ, ਜਿਸ ਤਹਿਤ ਚਾਹਵਾਨ ਨੌਜਵਾਨ ਆਪਣੇ ਘਰ ਬੈਠੇ ਹੀ ਕਰਜ਼ੇ ਲਈ ਅਪਲਾਈ ਕਰ ਸਕਣਗੇ।
ਡਿਪਟੀ ਕਮਿਸ਼ਨਰ ਸ੍ਰੀਮਤੀ ਦੀਪਤੀ ਉੰਪਲ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਨੌਜਵਾਨਾਂ ਨੂੰ ਆਪਣਾ ਰੁਜ਼ਗਾਰ ਸਥਾਪਿਤ ਕਰਨ ਵਿਚ ਸਹਾਇਤਾ ਲਈ `ਮੁਦਰਾ ਯੋਜਨਾ` ਤੇ `ਸਟੈਂਡਪ ਇੰਡੀਆ` ਤਹਿਤ ਕਰਜ਼ ਦਿਵਾਇਆ ਜਾਵੇਗਾ।ਉਨਾਂ ਦੱਸਿਆ ਕਿ ਆਮ ਵੇਖਣ ਵਿਚ ਆਇਆ ਹੈ ਕਿ ਅਨੇਕਾਂ ਬੈਂਕਾਂ ਵਲੋਂ ਛੋਟੇ-ਛੋਟੇ ਇਤਰਾਜ਼ ਲਾ ਕੇ ਨਵੇਂ ਉਦਮੀ ਵਜੋਂ ਵਿਕਸਤ ਹੋਣ ਲਈ ਕਰਜ਼ਾ ਬਿਨੈ ਪੱਤਰ ਦੇਣ ਵਾਲੇ ਨੌਜਵਾਨਾਂ ਨੂੰ ਟਾਲ ਦਿੱਤਾ ਜਾਂਦਾ ਹੈ, ਜਿਸ ਲਈ ਉਨਾਂ ਪਿਛਲੇ ਦਿਨੀਂ ਬੈਂਕਾਂ ਦੇ ਅਧਿਕਾਰੀਆਂ ਨਾਲ ਵੀ ਮੀਟਿੰਗ ਕਰਕੇ ਅਜਿਹੀ ਪਿਰਤ ਨੂੰ ਛੱਡਣ ਦੇ ਨਿਰਦੇਸ਼ ਦਿੱਤੇ ਸਨ।
ਉਨਾਂ ਦੱਸਿਆ ਕਿ ਹੁਣ ਜਿਲਾ ਪ੍ਰਸ਼ਾਸ਼ਨ ਵਲੋਂ ਹੁਨਰਮੰਦ ਨੌਜਵਾਨਾਂ ਤੇ ਵਿਸ਼ੇਸ਼ ਕਰਕੇ ਜਿਨਾਂ ਨੇ ਜਿਲਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਕੋਲੋਂ ਸਿਖਲਾਈ ਹਾਸਿਲ ਕੀਤੀ ਹੈ, ਉਨਾਂ ਨੂੰ ਆਨਲਾਇਨ ਗੂਗਲ ਫਾਰਮ ਭਰਕੇ ਭੇਜਣ ਦੀ ਸਹੂਲਤ ਦਿੱਤੀ ਗਈ ਹੈ।ਇਸ ਤੋਂ ਇਲਾਵਾ ਬਿਊਰੋ ਵਲੋਂ ਇਕ ਕਿਊ ਕੋਡ ਵੀ ਬਣਾਇਆ ਗਿਆ ਹੈ, ਇਸ ਰਾਹੀਂ ਵੀ ਕਰਜ਼ੇ ਲਈ ਅਪਲਾਈ ਕੀਤਾ ਜਾ ਸਕਦਾ ਹੈ।ਇਹ ਕੋਡ ਬਿਊਰੋ ਦੇ ਸ਼ੋਸ਼ਲ ਮੀਡੀਆ ਅਕਾਊਂਟਸ ‘ਤੇ ਵੀ ਉਪਲੱਬਧ ਹੈ।
ਡਿਪਟੀ ਕਮਿਸ਼ਨਰ ਨੇ ਜਿਲਾ ਰੋਜ਼ਗਾਰ ਬਿਊਰੋ ਦੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਉਹ ਇਹ ਯਕੀਨੀ ਬਣਾਉਣ ਕਿ ਬਿਨੈਕਾਰਾਂ ਵਲੋਂ ਦਿੱਤੀਆਂ ਅਰਜ਼ੀਆਂ ਨੂੰ ਤੁਰੰਤ ਸਬੰਧਿਤ ਵਿਭਾਗ ਜਾਂ ਲੀਡ ਜਿਲਾ ਮੈਨੇਜ਼ਰ ਨੂੰ ਭੇਜ ਦਿੱਤਾ ਜਾਵੇ।ਬਿਨੈਕਾਰਾਂ ਦੀ ਸਹਾਇਤਾ ਲਈ ਕੈਰੀਅਰ ਕੌਂਸਲਰ ਗੌਰਵ ਕੁਮਾਰ 96469-06412 ਅਤੇ ਹੈਲਪਲਾਇਨ ਨੰਬਰ 98882-19247 `ਤੇ ਸੰਪਰਕ ਕੀਤਾ ਜਾ ਸਕਦਾ ਹੈ।
Punjab Post Daily Online Newspaper & Print Media