Sunday, March 22, 2026

ਸ਼ਹਿਰ ‘ਚ ਸੈਲਾਨੀਆਂ ਦੀ ਆਮਦ ਵਾਲੇ ਸਾਰੇ ਸਥਾਨਾਂ ਨੂੰ ਦਿੱਤੀ ਜਾਵੇਗੀ ਪੁਰਾਤਨ ਦਿੱਖ – ਸੋਨੀ

ਦਿਵਾਲੀ ਮੌਕੇ ਹਾਲ ਗੇਟ ‘ਚ ਨਵੀਆਂ ਲਗਾਈਆਂ ਨਵੀਆਂ ਲਾਈਟਾਂ

ਅੰਮ੍ਰਿਤਸਰ, 14 ਨਵੰਬਰ (ਸੁਖਬੀਰ ਸਿੰਘ) – ਡਾਕਟਰੀ ਸਿੱਖਿਆ ਤੇ ਖੋਜ ਮੰਤਰੀ ਓ.ਪੀ ਸੋਨੀ ਨੇ ਸ੍ਰੀ ਹਰਿਮੰਦਰ ਸਾਹਿਬ ਦੇ ਪ੍ਰਮੁੱਖ ਰਸਤੇ ਅਤੇ ਸ਼ਹਿਰ ਦੇ ਕੇਂਦਰੀ ਕਾਰੋਬਾਰੀ ਸਥਾਨ ਹਾਲ ਗੇਟ ਦੀ ਖੂਬਸੂਰਤੀ ਵਧਾਉਣ ਲਈ ਸਾਰੇ ਰਸਤੇ ਵਿਚ ਦਰਸ਼ਨੀ ਲਾਈਟਾਂ ਨੂੰ ਜਗਾ ਕੇ ਸ਼ਹਿਰ ਵਾਸੀਆਂ ਨਾਲ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕੀਤੀਆਂ।ਉਨਾਂ ਨਾਲ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ, ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ, ਪੁਲਿਸ ਕਮਿਸ਼ਨਰ ਡਾ. ਸੁਖਚੈਨ ਸਿੰਘ ਅਤੇ ਹੋਰ ਪਤਵੰਤੇ ਹਾਜ਼ਰ ਸਨ।
                  ਸੋਨੀ ਨੇ ਸ਼ਹਿਰ ਵਾਸੀਆਂ ਦਿਵਾਲੀ ਦੀ ਵਧਾਈ ਦਿੰਦੇ ਕਿਹਾ ਕਿ ਇਹ ਮਾਣ ਵਾਲੀ ਗੱਲ ਹੈ ਕਿ ਇਹ ਸਥਾਨ ਉਨਾਂ ਦੇ ਵਿਧਾਨ ਸਭਾ ਹਲਕੇ ਦਾ ਹਿੱਸਾ ਹੈ ਅਤੇ ਵਿਸ਼ਵ ਭਰ ਵਿਚੋਂ ਗੁਰੂ ਘਰ ਦੇ ਦਰਸ਼ਨਾਂ ਲਈ ਆਉਂਦੇ ਸ਼ਰਧਾਲੂਆਂ ਦੀ ਸੇਵਾ ਤੇ ਆਉ-ਭਗਤ ਕਰਨ ਦਾ ਉਨਾਂ ਨੂੰ ਮੌਕਾ ਮਿਲਦਾ ਹੈ।ਉਨਾਂ ਕਿਹਾ ਕਿ ਜਿਸ ਵੀ ਸੈਲਾਨੀ ਤੇ ਸ਼ਰਧਾਲੂ ਨੇ ਸ੍ਰੀ ਦਰਬਾਰ ਸਾਹਿਬ ਅਤੇ ਜਲਿਆਂ ਵਾਲਾ ਬਾਗ ਜਾਣਾ ਹੁੰਦਾ ਹੈ, ਉਹ ਇਸੇ ਰਸਤੇ ਤੋਂ ਲੰਘਦਾ ਹੈ ਅਤੇ ਅੱਜ ਸੈਰ ਸਪਾਟਾ ਵਿਭਾਗ ਦੀ ਮਦਦ ਨਾਲ ਇਸ ਨੂੰ ਰਵਾਇਤੀ ਦਿੱਖ ਦਿੱਤੀ ਗਈ ਹੈ।ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਇਸ ਸਾਰੇ ਰਸਤੇ ਨੂੰ ਪੁਰਾਤਨ ਭਵਨ ਨਿਰਮਾਣ ਕਲਾ ਵਿਚ ਸਜਾ ਕੇ ਇੱਥੇ ਸ਼ਾਨਦਾਰ ਰੌਸ਼ਨੀਆਂ ਲਗਾਈਆਂ ਗਈਆਂ ਹਨ, ਜੋ ਕਿ ਸ਼ਹਿਰ ਦੀ ਸੁੰਦਰਤਾ ਨੂੰ ਚਾਰ ਚੰਨ ਲਗਾਉਣਗੀਆਂ।ਉਨਾਂ ਹਾਲ ਬਾਜ਼ਾਰ ਦਾ ਦੌਰਾ ਕਰਕੇ ਹੋਏ ਸਾਰੇ ਕੰਮ ਨੂੰ ਵੇਖਿਆ ਅਤੇ ਜਿਥੇ ਕਿਧਰੇ ਵੀ ਕੋਈ ਕਮੀ ਦਿਖਾਈ ਦਿੱਤੀ, ਉਸ ਨੂੰ ਤਰੁੰਤ ਦੂਰ ਕਰਨ ਦੀ ਹਦਾਇਤ ਕਰਦੇ ਕਿਹਾ ਕਿ ਕੰਮ ਦੀ ਗੁਣਵਤਾ ਨਾਲ ਕੋਈ ਸਮਝੌਤਾ ਬਰਦਾਸ਼ਤ ਨਹੀਂ ਹੈ।ਹਾਲ ਬਾਜ਼ਾਰ ਵਿਚ ਕਾਰ ਪਾਰਕਿੰਗ ਬਨਾਉਣ ਲਈ ਵੀ ਟੈਂਡਰ ਲੱਗ ਚੁੱਕਾ ਹੈ ਅਤੇ ਜਲਦੀ ਹੀ ਇਨਾਂ ਦਾ ਕੰਮ ਸ਼ੁਰੂ ਕਰ ਦਿੱਤਾ ਜਾਵੇਗਾ, ਜਿਸ ਨਾਲ ਟਰੈਫਿਕ ਦੀ ਸਮੱਸਿਆ ਤੋਂ ਨਿਜ਼ਾਤ ਮਿਲੇਗੀ। ਉਨਾਂ ਦੁਕਾਨਦਾਰਾਂ ਤੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਕੂੜੇ ਤੋਂ ਮੁੱਕਤ ਕਰਨ ਲਈ ਪ੍ਰਸ਼ਾਸਨ ਦਾ ਸਾਥ ਦੇਣ।ਹਾਲ ਗੇਟ ਦੇ ਦੁਕਾਨਦਾਰਾਂ ਨੇ ਇਸ ਵੱਡੇ ਹੰਭਲੇ ਲਈ ਸੋਨੀ ਦਾ ਵਿਸ਼ੇਸ਼ ਸਨਮਾਨ ਕੀਤਾ।
ਲੋਕ ਸਭਾ ਮੈਂਬਰ ਗੁਰਜੀਤ ਔਜਲਾ ਨੇ ਵੀ ਜਿਲ੍ਹਾ ਵਾਸੀਆਂ ਨਾਲ ਦਿਵਾਲੀ ਦੀਆਂ ਖੁਸ਼ੀਆਂ ਸਾਂਝੀਆਂ ਕਰਦੇ ਹੋਏ ਪ੍ਰਦੂਸ਼ਣ ਮੁਕਤ ਦਿਵਾਲੀ ਮਨਾਉਣ ਦਾ ਸੱਦਾ ਦਿੱਤਾ।                       ਇਸ ਮੌਕੇ ਵਿਕਾਸ ਸੋਨੀ, ਕੇ.ਆਰ ਮਿਸ਼ਰਾ ਪ੍ਰਾਜੈਕਟ ਡਾਇਰੈਕਟਰ, ਪਰਮਜੀਤ ਸਿੰਘ ਚੋਪੜਾ, ਸੁਨੀਲ ਕਾਉਂਟੀ, ਸ੍ਰੀਮਤੀ ਰਾਜਬੀਰ ਕੌਰ ਅਤੇ ਹੋਰ ਪਤਵੰਤੇ ਵੀ ਹਾਜ਼ਰ ਸਨ।

Check Also

ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ

ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …