Wednesday, July 29, 2026

ਯੂਨੀਵਰਸਿਟੀ ਵੱਲੋਂ ਵਾਤਾਵਰਣ ਸਾਂਭ ਸੰਭਾਲ ਵਿਸ਼ੇ `ਤੇ ਆਨਲਾਈਨ ਰਿਫਰੈਸ਼ਰ ਕੋਰਸ ਦਾ ਉਦਘਾਟਨ

ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਅਤੇ ਸਿਆਣਪ ਨਾਲ ਕੀਤੀ ਜਾਣੀ ਚਾਹੀਦੀ ਹੈ ਪ੍ਰੋ. ਕੋਹਲੀ
ਅੰਮ੍ਰਿਤਸਰ, 18 ਨਵੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ ਮਨੁੱਖੀ ਸਰੋਤ ਅਤੇ ਵਿਕਾਸ ਕੇਂਦਰ ਵੱਲੋਂ ਵਾਤਾਵਰਣ ਸਾਂਭ ਸੰਭਾਲ ਵਿਸ਼ੇ `ਤੇ ਸ਼ੁਰੂ ਹੋਏ ਆਨਲਾਈਨ ਰਿਫਰੈਸ਼ਰ ਕੋਰਸ ਦੇ ਉਦਘਾਟਨੀ ਸਮਾਰੋਹ ਮੌਕੇ ਵਾਤਾਵਰਣ ਪ੍ਰਤੀ ਜਾਗਰੂਕਤਾ ਪੈਦਾ ਕਰਨਾ ਪਾਣੀ ਦੀ ਸਾਂਭ ਸੰਭਾਲ, ਸੀਵਰੇਜ਼ ਦਾ ਉਚਿਤ ਪ੍ਰਬੰਧ, ਪਰਾਲੀ ਸਾੜਨ ਕਰਕੇ ਪੈਦਾ ਹੋਏ ਪ੍ਰਦੂਸ਼ਨ ਜਿਹੇ ਮੁੱਦਿਆਂ `ਤੇ ਗੰਭੀਰਤਾ ਪੂਰਵਕ ਵਿਚਾਰ ਚਰਚਾ ਕੀਤੀ ਗਈ।
                 ਕੇਂਦਰ ਦੇ ਡਾਇਰੈਕਟਰ ਪ੍ਰੋ. ਆਦਰਸ਼ਪਾਲ ਵਿਗ ਨੇ ਭਾਗ ਲੈਣ ਵਾਲਿਆਂ ਨੂੰ ਜੀ ਆਇਆਂ ਆਖਿਆ ਅਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦਾ ਧੰਨਵਾਦ ਕੀਤਾ ਜਿਨ੍ਹਾਂ ਦੀ ਹੱਲਾਸ਼ੇਰੀ ਸਦਕਾ ਅਜਿਹੇ ਉਸਾਰੂ ਵਿਸ਼ੇ ਨਾਲ ਸਬੰਧਤ ਰਿਫਰੈਸ਼ਰ ਕੋਰਸ ਦਾ ਆਯੋਜਨ ਕੀਤਾ ਜਾ ਰਿਹਾ ਹੈ।ਡਿਪਟੀ ਡਾਇਰੈਕਟਰ ਡਾ. ਰਾਜਬੀਰ ਭੱਟੀ ਨੇ ਰਿਫਰੈਸ਼ਰ ਕੋਰਸ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਰਿਫਰੈਸ਼ਰ ਕੋਰਸ ਵਿਚ ਦੇਸ਼ ਦੇ ਵੱਖ ਵੱਖ ਕੋਨਿਆਂ ਤੋਂ 34 ਅਧਿਆਪਕ ਭਾਗ ਲੈ ਰਹੇ ਹਨ।
                  ਕੋਰਸ ਕੋਆਰਡੀਨੇਟਰ ਪ੍ਰੋ. ਐਮ.ਐਸ ਭੱਟੀ ਨੇ ਦੱਸਿਆ ਕਿ ਇਸ ਕੋਰਸ ਦੌਰਾਨ ਹਵਾ, ਪਾਣੀ, ਮਿੱਟੀ, ਆਵਾਜ ਪ੍ਰਦੂਸ਼ਣ, ਮੰਡ, ਛੱਪੜਾਂ ਦੀ ਸਾਂਭ ਸੰਭਾਲ, ਵੇਸਟ ਪਾਣੀ ਦੀ ਸਫਾਈ ਤਕਨਾਲੋਜੀ, ਵਾਤਾਵਰਣ ਤਬਦੀਲੀ, ਖੇਤੀਬਾੜੀ ਨਵੀਨਤਾਵਾਂ, ਆਤਸ਼ਬਾਜ਼ੀ ਅਤੇ ਧੂੰਏ ਤੋਂ ਪ੍ਰਦੂਸ਼ਣ ਜਿਹੇ ਵਿਸ਼ਿਆਂ `ਤੇ ਮਾਹਰਾਂ ਵੱਲੋਂ ਵਿਚਾਰ ਕੀਤੇ ਜਾਣਗੇ।
                 ਕੇਂਦਰੀ ਯੂਨੀਵਰਸਿਟੀ ਬਠਿੰਡਾ ਦੇ ਸਾਬਕਾ ਵਾਈਸ ਚਾਂਸਲਰ ਪ੍ਰੋ. ਆਰ.ਕੇ ਕੋਹਲੀ ਨੇ ਕੁਦਰਤੀ ਸਰੋਤਾਂ ਦੀ ਸਾਂਭ ਸੰਭਾਲ ਅਤੇ ਪ੍ਰਬੰਧਨ ਵਿਸ਼ੇ `ਤੇ ਬੋਲਦਿਆਂ ਕਿਹਾ ਕਿ ਕੁਦਰਤੀ ਸੋਮਿਆਂ ਦੀ ਵਰਤੋਂ ਸੰਜਮ ਅਤੇ ਸਿਆਣਪ ਨਾਲ ਕੀਤੀ ਜਾਣੀ ਚਾਹੀਦੀ ਹੈ ਤਾਂ ਜੋ ਭਾਵੀ ਪੀੜ੍ਹੀਆਂ ਇਨ੍ਹਾਂ ਨਿਆਂਮਤਾਂ ਤੋਂ ਵਾਂਝੀਆਂ ਨਾ ਰਹਿਣ। ਉਨ੍ਹਾਂ ਵਿਕਾਸ ਦੇ ਨਾਂ `ਤੇ ਹੋਰ ਰਹੇ ਕੁਦਰਤ ਨਾਲ ਖਿਲਵਾੜ `ਤੇ ਦੁੱਖ ਦਾ ਪ੍ਰਗਟਾਵਾ ਕੀਤਾ।
                  ਪੰਜਾਬ ਸਟੇਟ ਕੌਂਸਲ ਫਾਰ ਸਾਇੰਸ ਐਂਡ ਟੈਕਨਾਲੋਜੀ, ਚੰਡੀਗੜ੍ਹ ਦੇ ਸਾਬਕਾ ਡਾਇਰੈਕਟਰ ਡਾ. ਸਤਨਾਮ ਸਿੰਘ ਲੱਧੜ ਨੇ ਇਸ ਮੌਕੇ ਗੰਧਲੇ ਹੋਏ ਰਹੇ ਵਾਤਾਵਰਣ `ਤੇ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਸੁਚੇਤ ਰਹਿਣ ਦੀ ਅਪੀਲ ਕੀਤੀ।
                   ਪ੍ਰੋ. ਜਸਪਾਲ ਸਿੰਘ ਸੰਧੂ ਨੇ ਰਿਫਰੈਸ਼ਰ ਕੋਰਸ ਦੇ ਆਯੋਜਕਾਂ ਨੂੰ ਵਧਾਈ ਦਿੰਦਿਆਂ ਯੂਨੀਵਰਸਿਟੀ ਵਿਖੇ ਵਾਤਾਵਰਣ ਸਵੱਛਤਾ ਅਤੇ ਜਲ ਪ੍ਰਬੰਧਨ ਬਾਰੇ ਕੀਤੇ ਗਏ ਕਾਰਜਾਂ ਬਾਰੇ ਦੱਸਿਆ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਇਨ੍ਹਾਂ ਕਾਰਜਾਂ ਸਦਕਾ ਹੀ ਦੇਸ਼ ਦੀਆਂ ਮੋਢੀ ਸਵੱਛ ਯੂਨੀਵਰਸਿਟੀਆਂ `ਚ ਆਪਣਾ ਨਾਂ ਸ਼ੁਮਾਰ ਕਰਨ ਵਿਚ ਕਾਮਯਾਬ ਹੋਈ ਹੈ।

Check Also

ਪੰਜਾਬ ਵਿਧਾਨ ਸਭਾ ਦੀ ਸਹਿਕਾਰਤਾ ਸਬੰਧੀ ਕਮੇਟੀ ਵੱਲੋਂ ਮਿਲਕ ਪਲਾਂਟ ਵੇਰਕਾ ਦਾ ਦੌਰਾ

ਅੰਮ੍ਰਿਤਸਰ, 29 ਜੁਲਾਈ (ਜਗਦੀਪ ਸਿੰਘ) – ਪੰਜਾਬ ਵਿਧਾਨ ਸਭਾ ਵੱਲੋਂ ਸਹਿਕਾਰਤਾ ਅਤੇ ਇਸ ਨਾਲ ਸਬੰਧਤ …