ਅੰਮ੍ਰਿਤਸਰ, 19 ਨਵੰਬਰ (ਜਗਦੀਪ ਸਿੰਘ) – ਧਰਮ ਪ੍ਰਚਾਰ ਕਮੇਟੀ ਚੀਫ਼ ਖ਼ਾਲਸਾ ਦੀਵਾਨ ਦੇ ਅਹੁਦੇਦਾਰਾਂ ਦੀ ਅੰਮ੍ਰਿਤਸਰ ਅਤੇ ਤਰਨਤਾਰਨ ਜ਼ਿਲੇ ਦੇ ਸਮੂਹ ਸ੍ਰੀ
ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਦੇ ਧਾਰਮਿਕ ਅਤੇ ਸੰਗੀਤ ਅਧਿਆਪਕਾਂ ਨਾਲ ਇੱਕ ਮੀਟਿੰਗ ਹੋਈ।ਮੀਟਿੰਗ ਵਿੱਚ ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਭਾਗ ਸਿੰਘ ਅਣਖੀ, ਮੈਂਬਰ ਪ੍ਰੋ. ਹਰੀ ਸਿੰਘ ਕੋਆਰਡੀਨੇਟਰ ਗੁਰਚਰਨ ਸਿੰਘ ਘਰਿੰਡਾ ਅਤੇ ਪ੍ਰੋ. ਗਗਨਦੀਪ ਸਿੰਘ ਵਿਸ਼ੇਸ਼ ਤੌਰ ‘ਤੇ ਸ਼ਾਮਲ ਹੋਏ।ਇਸ ਮੀਟਿੰਗ ਵਿੱਚ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਏ ਜਾਣ ਵਾਲੀਆਂ ਧਾਰਮਿਕ ਗਤੀਵਿਧੀਆਂ ਸੰਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ।
ਚੇਅਰਮੈਨ ਭਾਗ ਸਿੰਘ ਅਣਖੀ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਕਰਵਾਏ ਗਏ ਆਨਲਾਈਨ ਕੀਰਤਨ ਦਰਬਾਰ ਅਤੇ ਵੱਖ-ਵੱਖ ਤਰ੍ਹਾਂ ਦੇ ਮੁਕਾਬਲਿਆਂ ਦੀ ਵਧਾਈ ਦਿੱਤੀ ਅਤੇ ਅਗਾਊਂ ਹੋਣ ਵਾਲੇ ਪ੍ਰੋਗਰਾਮਾਂ ਨੂੰ ਸ਼ਫਲਤਾ ਪੁਰਵਕ ਕਰਵਾਉਣ ਲਈ ਪ੍ਰੇਰਿਤ ਕੀਤਾ।ਉਨ੍ਹਾਂ ਧਾਰਮਿਕ ਅਧਿਆਪਕਾਂ ਨੂੰ ਆਪਣਾ ਬੋਲ-ਬਾਣੀ ਅਤੇ ਪਹਿਰਾਵਾ ਗੁਰਮਤਿ ਅਨੁਸਾਰ ਰੱਖਣ ਅਤੇ ਨਿਤਨੇਮ ਦੇ ਪਾਠ ਰੋਜ਼ ਆਪ ਕਰਨ ਅਤੇ ਬੱਚਿਆਂ ਨੂੰ ਇਸ ਪ੍ਰਤੀ ਪ੍ਰੇਰਿਤ ਕਰਨ ‘ਤੇ ਵੀ ਜ਼ੋਰ ਦਿੱਤਾ।ਪ੍ਰੋ. ਹਰੀ ਸਿੰਘ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੰਦਿਆਂ ਗੁਰਬਾਣੀ ਪੜ੍ਹਨ ਕੀਰਤਨ ਸੁਨਣ, ਵੱਧ ਤੋਂ ਵੱਧ ਗੁਰਮਤਿ ਕੈਂਪ ਲਗਾਉਣ ‘ਤੇ ਵੀ ਜ਼ੋਰ ਦਿੱਤਾ।ਕੋਆਰਡੀਨੇਟਰ ਪੋ੍ਰ. ਘਰਿੰਡਾ ਨੇ ਵੱਧ ਤੋਂ ਵੱਧ ਲੋਕਾਂ ਨਾਲ ਮਿਲ ਕੇ ਗੁਰੂ ਸਾਹਿਬ ਦੇ ਜੀਵਨ ਅਤੇ ਸਿਖਿਆਵਾਂ ਬਾਰੇ ਵਿਚਾਰਾਂ ਕਰਨ ਲਈ ਕਿਹਾ।
ਡਾਇਰੈਕਟਰ ਐਜੂਕੇਸ਼ਨ ਡਾ: ਧਰਮਵੀਰ ਸਿੰਘ ਨੇ 400 ਸਾਲਾ ਪ੍ਰਕਾਸ਼ ਪੁਰਬ ਦੇ ਮੌਕੇ ਮਹੀਨੇਵਾਰ ਆਨਲਾਈਨ ਲੈਕਚਰ, ਕੁਇਜ਼ ਅਤੇ ਮੀਟਿੰਗ ਕਰਨ ਲਈ ਕਿਹਾ ਤੇ ਆਏ ਹੋਏ ਵਿਸ਼ੇਸ਼ ਮਹਿਮਾਨਾਂ ਅਤੇ ਧਾਰਮਿਕ ਤੇ ਸੰਗੀਤ ਅਧਿਆਪਕਾਂ ਦਾ ਧੰਨਵਾਦ ਕੀਤਾ।ਸ੍ਰੀ ਗੁਰ੍ਰ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ.ਟੀ ਰੋਡ ਦੀ ਧਾਰਮਿਕ ਅਧਿਆਪਕਾ ਸ਼੍ਰੀਮਤੀ ਸੁਖਜੀਤ ਕੌਰ ਅਤੇ ਸੰਗੀਤ ਅਧਿਆਪਕਾ ਸ਼੍ਰੀਮਤੀ ਪ੍ਰਭਜੋਤ ਕੌਰ ਨੇ ਪ੍ਰੋਗਰਾਮ ਦੇ ਸੁਚਾਰੂ ਸੰਚਾਲਨ ਵਿੱਚ ਵਿਸ਼ੇਸ਼ ਸਹਿਯੋਗ ਦਿੱਤਾ ।
Punjab Post Daily Online Newspaper & Print Media