ਕਿਸਾਨਾਂ ਦੇ ਅੜੀਅਲ ਰਵੀਈਏ ਕਾਰਨ ਵਾਇਆ ਤਰਨਤਾਰਨ ਆਈ ਰੇਲ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ) – ਕਿਸਾਨ ਯੂਨੀਅਨ ਵੱਲੋਂ ਕੇਂਦਰ ਸਰਕਾਰ ਦੇ ਖੇਤੀ ਬਿਲਾਂ ਵਿਰੁੱਧ ਕੀਤੇ ਜਾ ਰਹੇ ਰੇਲ ਰੋਕੋ ਅੰਦੋਲਨ ਨੂੰ ਮੁਲਤਵੀ ਕਰਨ
ਦੇ ਕੀਤੇ ਫੈਸਲੇ ਤੋਂ ਬਾਅਦ ਅੱਜ ਸਵੇਰੇ ਮੁੰਬਈ ਤੋਂ ਚੱਲੀ ਗੋਲਡਨ ਟੈਂਪਲ ਐਕਸਪ੍ਰੈਸ ਜਿਲਾ ਪ੍ਰਸ਼ਾਸ਼ਨ ਦੀਆਂ ਕੋਸ਼ਿਸ਼ਾਂ ਨਾਲ ਅੰਮਿ੍ਰਤਸਰ ਪਹੁੰਚ ਗਈ।ਕਿਸਾਨ ਮਜ਼ਦੂਰ ਯੂਨੀਅਨ ਜੋ ਕਿ ਬਾਕੀ ਯੂਨੀਅਨਾਂ ਤੋਂ ਵੱਖ ਹੋ ਕੇ ਰੇਲ ਰੋਕੋ ਅੰਦੋਲਨ ਨੂੰ ਜਾਰੀ ਰੱਖਣ ਲਈ ਡਟੀ ਹੋਈ ਹੈ, ਦੇ ਮੈਂਬਰ ਰਾਤ ਭਰ ਜੰਡਿਆਲਾ ਗੁਰੁ ਰੇਲਵੇ ਸਟੇਸ਼ਨ ਉਪਰ ਬੈਠੇ ਰਹੇ।ਡਿਪਟੀ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਅਤੇ ਐਸ.ਐਸ.ਪੀ ਧੁਰਵ ਦਾਹੀਆ ਵੱਲੋਂ ਦੇਰ ਰਾਤ ਅਤੇ ਮੁੜ ਤੜਕੇ ਕਰੀਬ 4 ਵਜੇ ਜੰਡਿਆਲਾ ਰੇਲਵੇ ਸਟੇਸ਼ਨ ‘ਤੇ ਪਹੁੰਚ ਕੇ ਪਟੜੀ ਉਤੇ ਧਰਨਾ ਦੇ ਰਹੇ ਕਿਸਾਨਾਂ ਨੂੰ ਪੰਜਾਬ ਦੇ ਹਿੱਤਾਂ ਅਤੇ ਮੁਸਾਫਰਾਂ ਦੀ ਲੋੜ ਨੂੰ ਧਿਆਨ ਵਿਚ ਰੱਖਦੇ ਹੋਏ ਰੇਲ ਗੱਡੀ ਨੂੰ ਰਸਤਾ ਦੇਣ ਦੀ ਅਪੀਲ ਕੀਤੀ ਗਈ, ਪਰ ਕਿਸਾਨ ਮਜ਼ਦੂਰ ਯੂਨੀਅਨ ਦੇ ਆਗੂ ਆਪਣੀ ਗੱਲ ਉਤੇ ਅੜੇ ਰਹੇ।ਉਨਾਂ ਵੱਲੋਂ ਰਸਤਾ ਨਾ ਦੇਣ ਉਤੇ ਡਿਪਟੀ ਕਮਿਸ਼ਨਰ ਖਹਿਰਾ ਵੱਲੋਂ ਰੇਲ ਅਧਿਕਾਰੀਆਂ ਨਾਲ ਗੱਲਬਾਤ ਕਰਕੇ ਬਿਆਸ ਸਟੇਸ਼ਨ ਉਤੇ ਰੇਲ ਗੱਡੀ ਨੂੰ ਰੋਕ ਲਿਆ ਗਿਆ।
ਡਿਪਟੀ ਕਮਿਸ਼ਨਰ ਖਹਿਰਾ, ਐਸ.ਐਸ.ਪੀ ਦਾਹੀਆ, ਐਸ.ਡੀ.ਐਮ ਵਿਕਾਸ ਹੀਰਾ ਅਤੇ ਹੋਰ ਅਧਿਕਾਰੀ ਵੀ ਕਰੀਬ 6.00 ਵਜੇ ਬਿਆਸ ਸਟੇਸ਼ਨ ਪੁੱਜੇ।ਜਿਲਾ ਪ੍ਰਸ਼ਾਸਨ ਵੱਲੋਂ ਮੁਸਾਫਰਾਂ ਨੂੰ ਅੰਮ੍ਰਿਤਸਰ ਤੱਕ ਲਿਆਉਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ, ਪਰ ਫਿਰ ਰੇਲਵੇ ਵਿਭਾਗ ਤਰਨ ਤਾਰਨ ਰਸਤੇ ਗੱਡੀ ਅੰਮ੍ਰਿਤਸਰ ਤੱਕ ਭੇਜਣ ਲਈ ਰਾਜ਼ੀ ਹੋ ਗਿਆ, ਜਿਸ ਕਾਰਨ ਇਹ ਗੱਡੀ ਵਾਇਆ ਤਰਨਤਾਰਨ ਹੁੰਦੀ ਕਰੀਬ ਪੌਣੇ ਨੌ ਵਜੇ ਅੰਮ੍ਰਿਤਸਰ ਪਹੁੰਚ ਗਈ, ਜਿਥੇ ਫਿਰ ਡਿਪਟੀ ਕਮਿਸ਼ਨਰ ਤੇ ਹੋਰ ਅਧਿਕਾਰੀ ਮੁਸਾਫਰਾਂ ਦੀ ਸਾਰ ਲੈਣ ਲਈ ਪਹੁੰਚੇ ਹੋਏ ਸਨ।ਇਥੇ ਜਿਲਾ ਪ੍ਰਸ਼ਾਸਨ ਵੱਲੋਂ ਮੁਸਾਫਰਾਂ ਲਈ ਚਾਹ-ਬਿਸਕੁੱਟ ਦਾ ਪ੍ਰਬੰਧ ਕਰਨ ਦੇ ਨਾਲ-ਨਾਲ ਉਨਾਂ ਨੂੰ ਘਰਾਂ ਤੱਕ ਛੱਡਣ ਲਈ ਬੱਸਾਂ ਦਾ ਪ੍ਰਬੰਧ ਵੀ ਕੀਤਾ ਗਿਆ ਸੀ।
ਰੇਲਵੇ ਸਟੇਸ਼ਨ ਉਤੇ ਪ੍ਰੈਸ ਨਾਲ ਗੱਲਬਾਤ ਕਰਦੇ ਮੁਸਾਫਰਾਂ ਨੇ ਆਈ ਪਰੇਸ਼ਾਨੀ ਦਾ ਜ਼ਿਕਰ ਕਰਦੇ ਕਿਹਾ ਕਿ ਅਸੀਂ ਕਿਸਾਨਾਂ ਦੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ, ਪਰ ਇਸ ਤਰਾਂ ਰੇਲ ਰੋਕ ਕੇ ਲੋਕਾਂ ਨੂੰ ਪਰੇਸ਼ਾਨ ਕਰਨਾ ਜਾਇਜ਼ ਨਹੀਂ।ਬਹੁਤੇ ਮਸਾਫਿਰਾਂ ਦਾ ਤਰਕ ਸੀ ਕਿ ਕਿਸਾਨਾਂ ਦੀ ਲੜਾਈ ਕੇਂਦਰ ਸਰਕਾਰ ਨਾਲ ਹੈ, ਨਾ ਕਿ ਪੰਜਾਬ ਸਰਕਾਰ ਨਾਲ। ਇਸ ਲਈ ਕਿਸਾਨਾਂ ਨੂੰ ਪੰਜਾਬ ਦੀ ਥਾਂ ਦਿੱਲੀ ਜਾ ਕੇ ਹੀ ਸੰਘਰਸ਼ ਕਰਨਾ ਚਾਹੀਦਾ ਹੈ, ਜਿਸ ਨਾਲ ਪੰਜਾਬ ਅਤੇ ਪੰਜਾਬ ਦੇ ਲੋਕਾਂ ਦਾ ਵਿੱਤੀ ਨੁਕਸਾਨ ਨਾ ਹੋਵੇ।ਸੂਰਤ ਤੋਂ ਆਏ ਸਿੰਧੀ ਪਰਿਵਾਰ ਦੇ 7 ਮੈਂਬਰਾਂ, ਜੋ ਕਿ ਕੋਰੋਨਾ ਸੰਕਟ ਅਤੇ ਰੇਲ ਰੋਕੋ ਅੰਦੋਲਨ ਦੇ ਬਾਵਜੂਦ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਏ ਸਨ, ਨੇ ਵੀ ਕਿਸਾਨਾਂ ਨਾਲ ਗਿਲਾ ਕਰਦੇ ਕਿਹਾ ਕਿ ਅਸੀਂ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਲਈ ਬੜੀ ਉਤਸਤਕਾ ਨਾਲ ਆਏ ਹਨ। ਜੇਕਰ ਕਿਸਾਨਾਂ ਵੱਲੋਂ ਰੇਲ ਪਟੜੀ ਨਾ ਰੋਕੀ ਹੁੰਦੀ ਤਾਂ ਅਸੀਂ ਅੱਜ ਤੜਕੇ ਕਰੀਬ 6 ਵਜੇ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਦੇ ਪਰ ਹੁਣ ਕਰੀਬ ਚਾਰ ਘੰਟੇ ਦੇਰੀ ਨਾਲ ਪਹੁੰਚੇ ਹੋਣ ਕਾਰਨ ਥੱਕੇ ਮਹਿਸੂਸ ਕਰ ਰਹੇ ਹਾਂ।ਉਨਾਂ ਵੀ ਕਿਸਾਨਾਂ ਮੰਗਾਂ ਦਾ ਸਮਰਥਨ ਕਰਦੇ ਸੰਘਰਸ਼ ਦਾ ਢੰਗ-ਤਰੀਕਾ ਬਦਲਣ ਦੀ ਅਪੀਲ ਕੀਤੀ।
ਅੰਮ੍ਰਿਤਸਰ ਸਟੇਸ਼ਨ ’ਤੇ ਡਿਪਟੀ ਕਮਿਸ਼ਨਰ ਨਾਲ ਐਸ.ਐਸ.ਪੀ ਧੁਰਵ ਦਾਹੀਆ, ਐਸ.ਡੀ.ਐਮ ਸ਼ਿਵਰਾਜ ਸਿੰਘ ਬੱਲ, ਤਹਿਸੀਲਦਾਰ ਪੀ.ਪੀ.ਐਸ ਗੁਰਾਇਆ, ਏ.ਸੀ.ਪੀ ਉਤਰੀ ਅਤੇ ਹੋਰ ਅਧਿਕਾਰੀ ਵੀ ਹਾਜ਼ਰ ਸਨ।
Punjab Post Daily Online Newspaper & Print Media