27 ਨਵੰਬਰ ਤੋਂ 5 ਦਸੰਬਰ ਤੱਕ ਲਗਾਈਆਂ ਜਾਣਗੀਆਂ ਅਧਿਆਪਕਾਂ ਦੀਆਂ ਵਰਕਸ਼ਾਪਾਂ
ਪਠਾਨਕੋਟ, 25 ਨਵੰਬਰ (ਪੰਜਾਬ ਪੋਸਟ ਬਿਊਰੋ) -ਸਿੱਖਿਆ ਵਿਭਾਗ ਵਲੋਂ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਕ੍ਰਿਸ਼ਨ
ਕੁਮਾਰ ਦੀ ਅਗਵਾਈ ਅਧੀਨ ਵਿਦਿਆਰਥੀਆਂ ਦੇ ਸਰਵਪੱਖੀ ਵਿਕਾਸ ਦੇ ਨਾਲ-ਨਾਲ ਅਧਿਆਪਕਾਂ ਦੇ ਗਿਆਨ ਵਿੱਚ ਨਵੀਨਤਾ ਲਈ ਵਿਭਾਗ ਵਲੋਂ ਨਿਵੇਕਲਾ ਉਪਰਾਲਾ ਕਰਦਿਆਂ ‘ਅੱਖਰਕਾਰੀ ਮੁਹਿੰਮ‘ ਤਹਿਤ 27 ਨਵੰਬਰ ਤੋਂ 5 ਦਸੰਬਰ ਤੱਕ ਅਧਿਆਪਕਾਂ ਦੀ ਸੁੰਦਰ ਲਿਖਾਈ ਲਈ ਬਲਾਕ ਪੱਧਰ ‘ਤੇ ਵੈਬੀਨਾਰ ਰਾਹੀਂ ਸੱਤ ਰੋਜ਼ਾ ਵਰਕਸ਼ਾਪ ਲਗਾਈ ਜਾ ਰਹੀ ਹੈ।
ਇਸ ਸਬੰਧੀ ਜਿਲ੍ਹਾ ਸਿੱਖਿਆ ਅਫਸਰ (ਐਲੀ.) ਬਲਦੇਵ ਰਾਜ ਨੇ ਦੱਸਿਆ ਕਿ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਵਲੋਂ ਨਿਸ਼ਚਿਤ ਰੂਪ-ਰੇਖਾ ਅਨੁਸਾਰ ਅਧਿਆਪਕਾਂ ਦੀ ਸੁੰਦਰ ਲਿਖਾਈ ਲਈ ਬਲਾਕ ਪੱਧਰ ‘ਤੇ ਵੈਬੀਨਾਰ ਰਾਹੀਂ ਸੱਤ ਰੋਜ਼ਾ ਵਰਕਸ਼ਾਪ ਲਗਾਈ ਜਾ ਰਹੀ ਹੈ।ਇਸ ‘ਸੁੰਦਰ ਲਿਖਾਈ ਅਧਿਆਪਕ ਵਰਕਸ਼ਾਪ‘ ਦਾ ਸਮਾਂ ਰੋਜ਼ਾਨਾ 40 ਮਿੰਟ ਲਈ ਸਵੇਰੇ 11.00 ਵਜੇ ਤੋਂ ਲੈ ਕੇ 11.40 ਵਜੇ ਤੱਕ ਹੋਵੇਗਾ।ਜੇਕਰ ਅਧਿਆਪਕਾਂ ਦੀ ਗਿਣਤੀ ਪੰਜ ਗਰੁੱਪਾਂ ਤੋਂ ਵੱਧਦੀ ਹੈ ਤਾਂ ਬਾਅਦ ਦੁਪਹਿਰ 1.00 ਵਜੇ ਤੋਂ 1.40 ਵਜੇ ਤੱਕ ਇਨ੍ਹਾਂ ਦੀ ਸੁੰਦਰ ਲਿਖਾਈ ਲਈ ਵਰਕਸ਼ਾਪ ਲਗਾਈ ਜਾਵੇਗੀ।
ਉਨ੍ਹਾਂ ਦੱਸਿਆ ਕਿ ਇਸ ਸੱਤ ਰੋਜਾ ਵਰਕਸ਼ਾਪ ‘ਚ ਸੁੰਦਰ ਲਿਖਾਈ ਵਰਕਸ਼ਾਪ ਵਿੱਚ ਹਰੇਕ ਅਧਿਆਪਕ ਦਾ ਭਾਗ ਲੈਣਾ ਜ਼ਰੂਰੀ ਹੈ।ਬਲਾਕ ਪੱਧਰ ‘ਤੇ ਸੁੰਦਰ ਲਿਖਾਈ ਦੀ ਵਰਕਸ਼ਾਪ ਦੇ ਇੱਕ ਗਰੁੱਪ ਵਿੱਚ 50 ਤੱਕ ਅਧਿਆਪਕ ਹੀ ਸ਼ਾਮਿਲ ਹੋਣਗੇ। ਸਮੂਹ ਅਧਿਆਪਕ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਦੀ ਦੇਖ-ਰੇਖ ਹੇਠ ਸੁੰਦਰ ਲਿਖਾਈ ਵਰਕਸ਼ਾਪ ਲਗਾਉਣਗੇ।ਬਲਾਕ ਰਿਸੋਰਸ ਪਰਸਨ ਅਧਿਆਪਕਾਂ ਨੂੰ ਸੁੰਦਰ ਲਿਖਾਈ ਦੇ ਨਿਯਮਾਂ ਬਾਰੇ ਜਾਣਕਾਰੀ ਦਿੰਦੇ ਹੋਏ ਵੱਖ-ਵੱਖ ਨਮੂਨਿਆਂ ਦਾ ਅਭਿਆਸ ਕਰਵਾਉਣਗੇ। ‘ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ‘ ਟੀਮ ਮੈਂਬਰ ਵੀ ਬਾਕੀ ਅਧਿਆਪਕਾਂ ਦੀ ਤਰ੍ਹਾਂ ਸੁੰਦਰ ਲਿਖਾਈ ਰਿਸੋਰਸ ਪਰਸਨ ਕੋਲ ਸੁੰਦਰ ਲਿਖਾਈ ਦੀ ਵਰਕਸ਼ਾਪ ਲਗਾਉਣਗੇ।ਜ਼ਿਲ੍ਹਾ ਸਿੱਖਿਆ ਅਫ਼ਸਰ (ਐ.ਸਿ) ਅਤੇ ਡਾਇਟ ਪ੍ਰਿੰਸੀਪਲ ਮਿਲ ਕੇ ਅਧਿਆਪਕਾਂ ਨੂੰ ਉਤਸ਼ਾਹਿਤ ਕਰਦੇ ਰਹਿਣਗੇ ਅਤੇ ਸਭ ਤੋਂ ਚੰਗੀ ਕਾਰਗੁਜ਼ਾਰੀ ਵਾਲੇ ਅਧਿਆਪਕਾਂ ਨੂੰ ਪ੍ਰਸ਼ੰਸਾ ਪੱਤਰ ਦੇਣਗੇ।ਇਸ ਸੰਬੰਧੀ 22 ਦਸੰਬਰ ਨੂੰ ਰਾਜ ਦੇ ਸਾਰੇ ਸਕੂਲਾਂ ਅੰਦਰ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰਾਂ ਦੀ ਦੇਖ-ਰੇਖ ਹੇਠ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਜਾਣਗੇ।
ਇਸ ਮੌਕੇ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਸਿੱਖਿਆ ਰਮੇਸ਼ ਲਾਲ ਠਾਕੁਰ, ਪੜ੍ਹੋ ਪੰਜਾਬ, ਪੜ੍ਹਾਓ ਪੰਜਾਬ ਜਿਲ੍ਹਾ ਕੋਆਰਡੀਨੇਟਰ ਵਨੀਤ ਮਹਾਜਨ, ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ ਆਦਿ ਹਾਜਰ ਸਨ।
Punjab Post Daily Online Newspaper & Print Media