Sunday, April 5, 2026

ਹੱਕਾਂ ਲਈ ਲੜ ਰਹੇ ਕਿਸਾਨਾਂ ਦਾ ਹਰ ਪੱਖੋਂ ਕਰਾਂਗੇ ਸਹਿਯੋਗ – ਡਾ. ਓਬਰਾਏ

ਕੰਬਲ, ਜੈਕਟਾਂ ਤੇ ਨਿਹੰਗ ਸਿੰਘਾਂ ਦੇ ਘੋੜਿਆਂ ਦੇ ਰਾਸ਼ਨ ਦਾ ਵੀ ਕੀਤਾ ਪ੍ਰਬੰਧ

ਅੰਮ੍ਰਿਤਸਰ, 5 ਦਸੰਬਰ (ਜਗਦੀਪ ਸਿੰਘ) – ਨਾਮਵਰ ਸਮਾਜ ਸੇਵੀ ਅਤੇ ਲੋਕ-ਦਰਦੀ ਡਾ. ਐਸ.ਪੀ ਸਿੰਘ ਓਬਰਾਏ ਦੀ ਅਗਵਾਈ ਹੇਠ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵਲੋਂ ਮੌਜ਼ੂਦਾ ਕਿਸਾਨ ਅੰਦੋਲਨ ਦੌਰਾਨ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹਰ ਪੱਖ ਤੋਂ ਸਹਿਯੋਗ ਕਰਨ ਦਾ ਐਲਾਨ ਕੀਤ ਹੈ।ਉਨਾਂ ਨੇ ਲੰਗਰ ਲਈ ਸੁੱਕੀ ਰਸਦ ਭੇਜਣ ਤੋਂ ਬਾਅਦ ਹੁਣ ਵੱਡੀ ਮਾਤਰਾ ਵਿੱਚ ਕੰਬਲ, ਜੈਕਟਾਂਂ,ਦਵਾਈਆਂ, ਐਂਬੂਲੈਂਸਾਂ ਤੇ ਮਾਹਿਰ ਡਾਕਟਰਾਂ ਦੀਆਂ ਟੀਮਾਂ ਤੋਂ ਇਲਾਵਾ ਨਿਹੰਗ ਸਿੰਘਾਂ ਦੇ ਘੋੜਿਆਂ ਲਈ ਰਾਸ਼ਨ ਭੇਜਣ ਅਤੇ ਟਰੈਕਟਰ-ਟਰਾਲੀਆਂ ਆਦਿ ‘ਤੇ ਰਿਫਲੈਕਟਰ ਲਾਉਣ ਦੀ ਸੇਵਾ ਸ਼ੁਰੂ ਕਰ ਦਿੱਤੀ ਹੈ।
            ਇਸ ਸਬੰਧੀ ਜਾਣਕਾਰੀ ਦਿੰਦਿਆਂ ਟਰੱਸਟ ਦੇ ਬਾਨੀ ਡਾ. ਐਸ.ਪੀ ਸਿੰਘ ਓਬਰਾਏ ਨੇ ਕਿਹਾ ਕਿ ਠੰਢ ਦੇ ਇਸ ਮੌਸਮ ‘ਚ ਆਪਣੇ ਘਰਾਂ ਤੋਂ ਜਾ ਕੇ ਦਿੱਲੀ ਦੀਆਂ ਸੜਕਾਂ ‘ਤੇ ਆਪਣੇ ਹੱਕਾਂ ਲਈ ਲੜ ਰਹੇ ਜੁਝਾਰੂ ਕਿਸਾਨਾਂ ਨੂੰ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਹਰ ਸੰਭਵ ਮਦਦ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਉਹ ਖ਼ੁਦ ਤੇ ਉਨ੍ਹਾਂ ਦੀ ਸਮੁੱਚੀ ਟੀਮ ਸੰਘਰਸ਼ਸ਼ੀਲ ਕਿਸਾਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰੇਗੀ ਅਤੇ ਕਿਸਾਨ ਜਥੇਬੰਦੀਆਂ ਦੇ ਇੱਕ ਹੀ ਸੁਨੇਹੇ ‘ਤੇ ਉਨ੍ਹਾਂ ਨੂੰ ਲੋੜੀਂਦਾ ਸਮਾਨ ਉਥੇ ਪੁੱਜਦਾ ਕੀਤਾ ਜਾਵੇਗਾ।
            ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਉਨਾਂ ਵਲੋਂ ਪਹਿਲੇ ਪੜਾਅ ਤਹਿਤ ਮੋਰਚਾ ਲਾਈ ਬੈਠੇ ਕਿਸਾਨਾਂ ਲਈ 20 ਟਨ ਸੁੱਕੀਆਂ ਰਸਦਾਂ ਤੇ ਰਾਸ਼ਨ ਆਦਿ ਭੇਜਣ ਤੋਂ ਬਾਅਦ ਹੁਣ ਠੰਢ ਦੇ ਇਸ ਮੌਸਮ ‘ਚ ਕਿਸਾਨਾਂ ਦੀ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਹੋਇਆਂ ਵੱਡੀ ਮਾਤਰਾ ‘ਚ ਲੋੜੀਂਦੀਆਂ ਦਵਾਈਆਂ, 5 ਐਂਬੂਲੈਂਸ ਗੱਡੀਆਂ ਵੀ ਭੇਜੀਆਂ ਗਈਆਂ ਹਨ।ਜਿਨ੍ਹਾਂ ਵਿਚੋਂ 4 ਐਂਬੂਲੈਂਸਾਂ ਨੂੰ ਵੱਖ-ਵੱਖ ਚਾਰੇ ਦਿਸ਼ਾਵਾਂ ‘ਚ ਖੜ੍ਹਾ ਕੀਤਾ ਜਾਵੇਗਾ ਅਤੇ 1 ਐਂਬੂਲੈਂਸ ਜੋ ਵੈਂਟੀਲੇਟਰ ਦੀ ਸੁਵਿਧਾ ਨਾਲ ਲੈਸ ਹੈ, ਉਸ ਨੂੰ ਇੱਕ ਵਿਸ਼ੇਸ਼ ਪੁਆਇੰਟ ‘ਤੇ ਖੜ੍ਹੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਟਰੱਸਟ ਦੇ ਮੈਂਬਰ ਐਡਵੋਕੇਟ ਜੋਗਿੰਦਰ ਸਿੰਘ ਜ਼ਿੰਦੂ ਦੀ ਦੇਖ-ਰੇਖ ਹੇਠ 18 ਮਾਹਿਰ ਡਾਕਟਰਾਂ ਦੀਆਂ ਟੀਮਾਂ ਵੀ ਧਰਨੇ ਵਾਲੀ ਥਾਂ ‘ਤੇ ਪਹੁੰਚ ਕੇ ਕਿਸਾਨਾਂ ਦੀ ਸੇਵਾ ‘ਚ ਜੁੱਟ ਗਈਆਂ ਹਨ।ਟਰੱਸਟ ਵੱਲੋਂ 3 ਹਜ਼ਾਰ ਗਰਮ ਕੰਬਲ, 3 ਹਜ਼ਾਰ ਜੈਕਟਾਂ, ਨਹਾਉਣ-ਧੋਣ ਸਮੇਂ ਵਰਤਣ ਲਈ ਵੱਖ-ਵੱਖ ਸਾਈਜ਼ਾਂ ਦੇ 12 ਹਜ਼ਾਰ ਸਲੀਪਰ (ਚੱਪਲਾਂ) ਅਤੇ ਕਿਸਾਨਾਂ ਨੂੰ ਸਹਿਯੋਗ ਦੇ ਰਹੇ ਨਿਹੰਗ ਸਿੰਘਾਂ ਦੇ ਘੋੜਿਆਂ ਲਈ 5 ਟਨ ਖੁਰਾਕ ਵੀ ਭੇਜੀ ਗਈ ਹੈ।ਡਾ. ਓਬਰਾਏ ਨੇ ਇਹ ਵੀ ਦੱਸਿਆ ਕਿ ਧੁੰਦ ਦੇ ਇਸ ਮੌਸਮ ਦੌਰਾਨ ਕਿਸੇ ਵੀ ਤਰ੍ਹਾਂ ਦੀ ਅਣਸੁਖਾਵੀਂ ਘਟਨਾ ਤੋਂ ਬਚਾਉਣ ਲਈ ਟਰੱਸਟ ਵਲੋਂ ਦਿੱਲੀ ਜਾ ਰਹੇ ਅਤੇ ਉਥੇ ਮੌਜੂਦ ਟਰੈਕਟਰ-ਟਰਾਲੀਆਂ ‘ਤੇ ਲਾਉਣ ਲਈ 1 ਲੱਖ ਰਿਫਲੈਕਟਰ ਵੀ ਭੇਜੇ ਗਏ ਹਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …