ਵਿਸਥਾਰ ਨਾਲ ਸੁਣੀਆਂ ਬੰਦੀਆਂ ਨੂੰ ਦਰਪੇਸ਼ ਮੁਸ਼ਕਿਲਾਂ
ਕਪੂਰਥਲਾ, 10 ਦਸੰਬਰ (ਪੰਜਾਬ ਪੋਸਟ ਬਿਉਰੋ) – ਜੇਲਾਂ ਅੰਦਰ ਪ੍ਰਬੰਧਾਂ ਦਾ ਜਾਇਜ਼ਾ ਲੈਣ ਅਤੇ ਬੰਦੀਆਂ ਦੀਆਂ ਮੁਸ਼ਿਕਲਾਂ ਸੁਣਨ ਅਤੇ ਉਨਾਂ ਦੇ ਫੌਰੀ ਹੱਲ ਲਈ
ਜ਼ਰੂਰੀ ਕਦਮ ਚੁੱਕਣ ਸਬੰਧੀ ਮਾਣਯੋਗ ਜਿਲਾ ਅਤੇ ਸ਼ੈਸ਼ਨ ਜੱਜ ਕਪੂਰਥਲਾ ਕਿਸ਼ੋਰ ਕੁਮਾਰ, ਸਮੂਹ ਵਧੀਕ ਸ਼ੈਸ਼ਨ ਜੱਜ, ਵਧੀਕ ਸੀ.ਜੇ.ਐਮ ਜਸਬੀਰ ਕੌਰ ਅਤੇ ਅਜੀਤ ਪਾਲ ਸਿੰਘ ਚੀਫ ਸਕੱਤਰ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵਲੋਂ ਕੇਂਦਰੀ ਜੇਲ ਕਪੂਰਥਲਾ ਦਾ ਅਚਨਚੇਤ ਨਿਰੀਖਣ ਕੀਤਾ ਗਿਆ।
ਸ਼ੈਸ਼ਨ ਜੱਜ ਨੇ ਬੰਦੀਆਂ ਨੂੰ ਦਰਪੇਸ਼ ਮੁਸ਼ਕਿਲਾਂ ਵਿਸਥਾਰ ਨਾਲ ਸੁਣੀਆਂ।ਸ਼ੈਸ਼ਨ ਜੱਜ ਨੇ ਜੇਲ ਪ੍ਰਸ਼ਾਸ਼ਨ ਅਤੇ ਜਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਨੂੰ ਨਿਰਦੇਸ਼ ਦਿੱਤੇ ਕਿ ਹਰੇਕ ਲੋੜਵੰਦ ਹਵਾਲਾਤੀ ਅਤੇ ਕੈਦੀ ਨੂੰ ਮੁਫਤ ਵਕਾਲਤ ਸੇਵਾਵਾਂ ਉਪਲੱਬਧ ਕਰਵਾਉਣਾ ਯਕੀਨੀ ਬਣਾਇਆ ਜਾਵੇ।ਉਨਾ ਕਿਹਾ ਕਿ ਸਜ਼ਾ ਭੁਗਤ ਰਹੇ ਕੈਦੀ ਮੁਫਤ ਕਾਨੂੰਨੀ ਸਹਾਇਤਾ ਦਾ ਲਾਭ ਲੈ ਕੇ ਉਪਰਲੀਆਂ ਅਦਾਲਤਾਂ ਵਿੱਚ ਅਪੀਲ ਦਾਇਰ ਕਰ ਸਕਦੇ ਹਨ।ਇਸ ਤੋਂ ਇਲਾਵਾ ਜਿਲਾ ਅਦਾਲਤਾਂ ਵਿੱਚ ਚੱਲ ਰਹੇ ਕਸਟਡੀ ਦੇ ਕੇਸਾਂ ਨੂੰ ਪਹਿਲ ਦੇ ਆਧਾਰ `ਤੇ ਨਿਪਟਾਰੇ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਜਾ ਚੁੱਕੇ ਹਨ।
ਉਨਾਂ ਐਨ ਡੀ.ਪੀ.ਐਸ ਐਕਟ ਦੇ ਕੇਸਾਂ ਵਿੱਚ ਬੰਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਨਸ਼ੇ ਦੇ ਸੇਵਨ ਦੇ ਸਿਹਤ ਉਤੇ ਪੈਂਦੇ ਬੁਰੇ ਪ੍ਰਭਾਵਾਂ ਬਾਰੇ ਵੀ ਜਾਣਕਾਰੀ ਦਿੱਤੀ।ਸੈਂਟਰਲ ਜੇਲ ਵਿੱਚ ਬੰਦ ਸਮੂਹ ਐਚ.ਆਈ.ਵੀ ਅਤੇ ਹੋਰ ਬਿਮਾਰੀਆਂ ਨਾਲ ਪੀੜਤ ਹਵਾਲਾਤੀਆਂ ਅਤੇ ਕੈਦੀਆਂ ਦਾ ਸੰਭਵ ਇਲਾਜ ਕਰਵਾਉਣ ਲਈ ਜੇਲ ਪ੍ਰਸ਼ਾਸ਼ਨ ਅਤੇ ਜੇਲ ਵਿੱਚ ਤਾਇਨਾਤ ਡਾਕਟਰਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ।
ਉਨਾਂ ਵੁਮੈਨ ਬੈਰਕ ਦਾ ਵੀ ਦੌਰਾ ਕੀਤਾ ਤੇ ਔਰਤ ਹਵਾਲਾਤੀਆਂ ਦੀਆਂ ਸਮੱਸਿਆਵਾਂ ਵੀ ਸੁਣੀਆਂ।ਉਪਰੰਤ ਉਨਾਂ ਜੇਲ ਵਿੱਚ ਸਥਿਤ ਫੈਕਟਰੀ ਦਾ ਦੌਰਾ ਕਰਕੇ ਬਲਬ ਤਿਆਰ ਕਰਨ, ਲੋਹੇ ਦੇ ਝੂਲੇ ਬਣਾਉਣ ਅਤੇ ਖਾਦੀ ਦੇ ਕੱਪੜੇ ਤਿਆਰ ਕਰਨ ਆਦਿ ਦਾ ਨਿਰੀਖਣ ਕੀਤਾ ਤੇ ਕੈਦੀਆਂ ਅਤੇ ਹਵਾਲਾਤੀਆਂ ਨੂੰ ਦਿੱਤੇ ਜਾਣ ਵਾਲੇ ਖਾਣੇ ਦੀ ਜਾਂਚ ਕੀਤੀ।
ਇਸ ਮੌਕੇ ਬਲਜੀਤ ਸਿੰਘ ਘੁੰਮਣ, ਸੁਪਰਡੈਂਟ ਕੇਂਦਰੀ ਜੇਲ, ਨਰਪਿੰਦਰ ਸਿੰਘ, ਡਿਪਟੀ ਸੁਪਰਡੈਂਟ ਸ਼ੁਸ਼ੀਲ ਕੁਮਾਰ ਵਾਰੰਟ ਅਫਸਰ ਹਾਜ਼ਰ ਸਨ।
Punjab Post Daily Online Newspaper & Print Media