ਅੰਮ੍ਰਿਤਸਰ, 14 ਦਸੰਬਰ (ਸੁਖਬੀਰ ਸਿੰਘ) – ਸਿੱਖਿਆ ਮੰਤਰੀ ਪੰਜਾਬ ਵਿਜੈ ਇੰਦਰ ਸਿੰਗਲਾ ਦੀ ਰਹਿਨੁਮਾਈ ਅਤੇ ਸਿੱਖਿਆ ਸਕੱਤਰ ਪੰਜਾਬ ਕ੍ਰਿਸ਼ਨ ਕੁਮਾਰ ਦੀ
ਅਗਵਾਈ ਹੇਠ ਸਿੱਖਿਆ ਵਿਭਾਗ ਪੰਜਾਬ ਵਲੋਂ ਵਿਦਿਆਰਥੀਆਂ ਤੇ ਅਧਿਆਪਕਾਂ ਦੀ ਝਿਜ਼ਕ ਨੂੰ ਦੂਰ ਕਰਨ ਲਈ ਸਰਕਾਰੀ ਸਕੂਲਾਂ ਵਿੱਚ ਸਥਾਪਿਤ ਕੀਤੇ ਅੰਗਰੇਜ਼ੀ ਬੂਸਟਰ ਕਲੱਬਾਂ ਤਹਿਤ ਕਰਵਾਈਆਂ ਜਾਂਦੀਆਂ ਵੱਖ ਵੱਖ ਗਤੀਵਿਧੀਆਂ ਤੋਂ ਉਤਸ਼ਾਹਿਤ ਅਧਿਆਪਕ-ਵਿਦਿਆਰਥੀਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
ਸੂਬੇ ਦੇ ਅੰਗਰੇਜ਼ੀ ਬੂਸਟਰ ਕਲੱਬਾਂ ਦੀ ਅਗਵਾਈ ਅਧੀਨ ਆਨਲਾਈਨ ਮਿਲਣੀਆਂ (ਵਰਚੂਅਲ ਗੈੱਟ ਟੂਗੈਦਰ) ਆਯੋਜਿਤ ਕਰਨ ਤੋਂ ਬਾਅਦ ਹੁਣ ਇਕ ਹੋਰ ਨਵੀਨਤਾਕਾਰੀ ਆਨਲਾਈਨ ਗਤੀਵਿਧੀ ‘ਸਟਾਰ ਵਿਦਿਆਰਥੀਆਂ ਦੀ ਆਨ-ਲਾਈਨ ਮਿਲਣੀ‘ ਦਾ ਬਲਾਕ ਪੱਧਰ ‘ਤੇ 28 ਦਸੰਬਰ ਤੱਕ ਵੱਖ ਵੱਖ ਜ਼ਿਲ੍ਹਿਆਂ ਵਿੱਚ ਆਯੋਜਿਤ ਕੀਤੀ ਜਾਵੇਗੀ।
ਸਟੇਟ ਰਿਸੋਰਸ ਪਰਸਨ (ਅੰਗਰੇਜੀ ਤੇ ਸੋਸ਼ਲ ਸਟੱਡੀਜ਼) ਚੰਦਰ ਸ਼ੇਖਰ ਨੇ ਦੱਸਿਆ ਕਿ ਵੱਖ ਵੱਖ ਸਕੂਲਾਂ ਦੇ ਨਾਲ ਨਾਲ ਬਲਾਕ ਅਤੇ ਜ਼ਿਲ੍ਹਾ ਪੱਧਰ ਤੇ ਇੰਗਲਿਸ਼ ਬੂਸਟਰ ਕਲੱਬਾਂ ਦੀ ਅਗਵਾਈ ਹੇਠ ਕਰਵਾਈਆਂ ਜਾ ਰਹੀਆਂ ਗਤੀਵਿਧੀਆਂ ਵਿਸੇਸ਼ ਤੌਰ ‘ਤੇ ਭਾਸ਼ਾ ਦੇ ਹੁਨਰ ਦਾ ਨਿਰਮਾਣ ਲਈ ਵਰਦਾਨ ਸਿੱਧ ਹੋ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਅੰਗਰੇਜੀ ਵਿੱਚ ਗੱਲਬਾਤ ਕਰਨ ਲਈ ਸਵੈ-ਵਿਸਵਾਸ਼ ਨੂੰ ਵਧਾਉਣ ਲਈ ਅਨੁਕੂਲ ਵਾਤਾਵਰਨ ਦਾ ਹੋਣਾ ਬਹੁਤ ਜਰੂਰੀ ਹੈ ਅਤੇ ਇਸ ਲਈ ਇਹ ਕਲੱਬ ਵਿਦਿਆਰਥੀਆਂ ਨੂੰ ਅੱਗੇ ਆ ਕੇ ਭਾਸ਼ਾ ਸਿੱਖਣ ਅਤੇ ਬੋਲਣ ਲਈ ਉਤਸੁਕਤਾ ਦਿਖਾਉਣ ਲਈ ਪ੍ਰੇਰਿਤ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਇੰਨਾਂ ਕਲੱਬਾਂ ਕਾਰਨ ਵਿਦਿਆਰਥੀਆਂ ਦੀ ਬੋਲਣ ਦੀ ਯੋਗਤਾ ਵਿੱਚ ਸੁਧਾਰ ਦੇਖਣ ਨੂੰ ਮਿਲ ਰਿਹਾ ਹੈ ਤੇ ਉਹ ਹੁਣ ਬਿਨ੍ਹਾਂ ਝਿਜਕ ਜਾਂ ਡਰ ਦੇ ਅੰਗਰੇਜ਼ੀ ਵਿੱਚ ਗਲਬਾਤ ਕਰ ਰਹੇ ਹਨ।
ਜ਼ਿਲ਼੍ਹਾ ਸਿੱਖਿਆ ਅਫਸਰ ਸੈ.ਸਿ. ਅੰਮ੍ਰਿਤਸਰ ਸਤਿਦਰਬੀਰ ਸਿੰਘ ਅਤੇ ਜ਼ਿਲ੍ਹਾ ਸਿੱਖਿਆ ਅਫਸਰ ਐ.ਸਿ. ਅੰਮ੍ਰਿਤਸਰ ਕੰਵਲਜੀਤ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਕਿ ਵਿਦਿਆਰਥੀਆਂ ਦੇ ਸਵੈ ਵਿਸਵਾਸ਼ ਦੇ ਪੱਧਰ ਨੂੰ ਉਤਸ਼ਾਹ ਦੇਣ ਦੇ ਮੱਦੇਨਜਰ ਵਿਭਾਗ ਨੇ ‘ਸਟਾਰ ਵਿਦਿਆਰਥੀਆਂ ਦੀ ਮਿਲਣੀ‘ ਦੀ ਗਤੀਵਿਧੀ ਸ਼ੁਰੂ ਕਰਨ ਦੀ ਯੋਜਨਾ ਬਣਾਈ ਹੈ।ਜਿਸ ਤਹਿਤ ਹਰ ਬਲਾਕ ਦੇ ਨੌਵੀਂ ਤੋਂ ਬਾਰਵੀਂ ਜਮਾਤ ਦੇ ਤਕਰੀਬਨ 16 ਤੋਂ 20 ਵਿਦਿਆਰਥੀ ਸੰਬੰਧਿਤ ਬਲਾਕ ਦੇ ਗਾਈਡ ਅਧਿਆਪਕਾਂ ਦੇ ਨਾਲ ਇਸ ਸਰਗਰਮੀ ਵਿੱਚ ਹਿੱਸਾ ਲੈਣਗੇ ਤੇ ਉਹ ਵੱਖ-ਵੱਖ ਵਿਸ਼ਿਆਂ ਜਿਵੇਂ “ਮੈਂ ਭਾਰਤ ਨੂੰ ਪਿਆਰ ਕਰਦਾ ਹਾਂ“, ਇੰਗਲਿਸ਼ ਬੂਸਟਰ ਕਲੱਬਾਂ ਸੰਬੰਧੀ ਵਿਚਾਰ, ਸਵੈ-ਵਿਸਵਾਸ਼, ਸਵੱਛਤਾ ਇਕ ਵਰਦਾਨ, ਮੋਬਾਈਲ ਫੋਨ ਦੀ ਵਰਤੋਂ ਦੇ ਹੱਕ ਜਾਂ ਵਿਰੋਧ ‘ਚ ਵਿਚਾਰ, ਖੇਡਾਂ, ਚੰਗਾ ਸਲੀਕਾ, ਵੈਲਕਮ ਲਾਈਫ, ਜੇ ਮੈਂ ਅੰਗਰੇਜ਼ੀ ਅਧਿਆਪਕ ਹੁੰਦਾ ਆਦਿ ਵਿਸ਼ਿਆਂ ਤੇ ਆਪਣੇ ਵਿਚਾਰ ਪੇਸ਼ ਕਰਨਗੇ।ਇਨਾਂ ਮਿਲਣੀਆਂ ਵਿੱਚ ਸਾਰੇ ਭਾਗੀਦਾਰਾਂ ਲਈ ਬੋਲਣ ਦਾ ਸਮਾਂ 45 ਤੋਂ 90 ਸਕਿੰਟ ਦਾ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਮੈਂਟਰ ਇੰਗਲਿਸ਼ ਸ਼੍ਰੀਮਤੀ ਜਸਵਿੰਦਰ ਕੌਰ ਨੇ ਦੱਸਿਆ ਕਿ ਸਮੂਹ ਬਲਾਕ ਮੈਂਟਰਜ਼ ਅਤੇ ਬਲਾਕ ਮਾਸਟਰ ਟ੍ਰੇਨਰ ਬਲਾਕ ਪੱਧਰ ਤੇ ਗਤੀਵਿਧੀ ਦਾ ਆਯੋਜਨ ਕਰਨਗੇ।ਇੰਨਾਂ ਪ੍ਰੋਗਰਾਮਾਂ ਦੀ ਜ਼ਿਲ਼੍ਹਾ ਸਿੱਖਿਆ ਅਫਸਰ (ਸੈਕ. ਅਤੇ ਐਲੀ.) ਪ੍ਰਧਾਨਗੀ ਕਰਨਗੇ ਅਤੇ ਇੰਨਾਂ ਸਮਾਗਮਾਂ ਵਿੱਚ ਉੱਪ ਜ਼ਿਲ੍ਹਾ ਸਿੱਖਿਆ ਅਫਸਰ (ਸੈਕ. ਅਤੇ ਐਲੀ.), ਡਾਇਟ ਪ੍ਰਿੰਸੀਪਲ, ਬੀ.ਪੀ.ਈ.ਓ, ਡੀ.ਐਮ, ਜ਼ਿਲ਼੍ਹਾ ਰਿਸੋਰਸ ਪਰਸਨ, ਪੜ੍ਹੋ ਪੰਜਾਬ ਜ਼ਿਲ੍ਹਾ ਕੋਆਰਡੀਨੇਟਰ ਅਤੇ ਮੀਡੀਆ ਕੋਆਰਡੀਨੇਟਰ ਨੂੰ ਵੀ ਵਿਸੇਸ਼ ਸੱਦਾ ਦਿਤਾ ਜਾਵੇਗਾ ਤੇ ਇਸ ਗਤੀਵਿਧੀ ਵਿੱਚ ਭਾਗ ਲੈਣ ਵਾਲਿਆਂ ਨੂੰ ਜ਼ਿਲ੍ਹਾ ਸਿੱਖਿਆ ਅਫਸਰਾਂ ਵਲੋਂ ਪ੍ਰਸੰਸਾ ਪੱਤਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media