ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ 26 ਦਸੰਬਰ ਨੂੰ ਹੋਵੇਗਾ ਨੌਜੁਆਨ ਸੰਮੇਲਨ ਐਲਾਨ
ਅੰਮ੍ਰਿਤਸਰ, 22 ਦਸੰਬਰ (ਗੁਰਪ੍ਰੀਤ ਸਿੰਘ) – ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਬਾਬਾ ਅਜੀਤ ਸਿੰਘ, ਬਾਬਾ ਜੁਝਾਰ ਸਿੰਘ, ਬਾਬਾ
ਜ਼ੋਰਾਵਰ ਸਿੰਘ ਅਤੇ ਬਾਬਾ ਫ਼ਤਹਿ ਸਿੰਘ ਦੇ ਸ਼ਹੀਦੀ ਦਿਵਸ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਗੁਰਮਤਿ ਸਮਾਗਮ ਕਰਵਾਇਆ ਗਿਆ, ਜਿਸ ਵਿਚ 22 ਸਕੂਲਾਂ/ਕਾਲਜਾਂ ਦੇ ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ। ਸਮਾਗਮ ਦੌਰਾਨ ਬੱਚਿਆਂ ਨੇ ਜਪੁਜੀ ਸਾਹਿਬ ਦਾ ਸੰਗਤੀ ਰੂਪ ਵਿਚ ਪਾਠ ਕੀਤਾ ਅਤੇ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀਆਂ ਵੱਲੋਂ ਗੁਰਬਾਣੀ ਕੀਰਤਨ, ਕਵੀਸ਼ਰੀ ਅਤੇ ਕਵਿਤਾਵਾਂ ਆਦਿ ਰਾਹੀਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਸਮੇਤ ਸ੍ਰੀ ਚਮਕੌਰ ਸਾਹਿਬ ਦੇ ਸ਼ਹੀਦਾਂ ਨੂੰ ਸ਼ਰਧਾ ਤੇ ਸਤਿਕਾਰ ਭੇਟ ਕੀਤਾ।
ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸ ਸਮੇਂ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਸਮੇਤ ਗੁਰੂ ਦੇ ਪਿਆਰੇ ਸਿੱਖਾਂ ਤੇ ਮਾਤਾ ਗੁਜਰੀ ਜੀ ਦੀਆਂ ਸ਼ਹਾਦਤਾਂ ਹੱਕ, ਸੱਚ ਅਤੇ ਧਰਮ ਦੀ ਰੱਖਵਾਲੀ ਲਈ ਉੱਘੜਵੀਂ ਮਿਸਾਲ ਹਨ।ਸਿੱਖ ਇਤਿਹਾਸ ਦੇ ਇਨ੍ਹਾਂ ਪੰਨਿਆਂ ਤੋਂ ਸੰਗਤਾਂ ਅਤੇ ਖ਼ਾਸਕਰ ਨੌਜੁਆਨ ਪੀੜ੍ਹੀ ਦਾ ਜਾਣੂ ਹੋਣਾ ਬੇਹੱਦ ਜ਼ਰੂਰੀ ਹੈ।ਇਸੇ ਮੰਤਵ ਨਾਲ ਹੀ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ 22 ਦਸੰਬਰ ਨੂੰ ਇਹ ਗੁਰਮਤਿ ਸਮਾਗਮ ਕਰਵਾਇਆ ਜਾਂਦਾ ਹੈ।ਉਨ੍ਹਾਂ ਸੰਗਤ ਨੂੰ ਅਪੀਲ ਕੀਤੀ ਕਿ ਆਪਣੇ ਬੱਚਿਆਂ ਨੂੰ ਸਾਹਿਬਜ਼ਾਦਿਆਂ ਦੇ ਜੀਵਨ-ਇਤਿਹਾਸ ਨਾਲ ਜੋੜਨ ਲਈ ਉਪਰਾਲੇ ਕਰਨ। ਉਨ੍ਹਾਂ ਗੁਰਮਤਿ ਸਮਾਗਮ ਵਿਚ ਸ਼ਾਮਲ ਹੋਣ ਵਾਲੇ ਸਕੂਲਾਂ ਲਈ 21-21 ਹਜ਼ਾਰ ਰੁਪਏ ਦੇਣ ਦਾ ਐਲਾਨ ਵੀ ਕੀਤਾ। ਬੀਬੀ ਜਗੀਰ ਕੌਰ ਨੇ ਇਹ ਐਲਾਨ ਵੀ ਕੀਤਾ ਕਿ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮੌਕੇ 26 ਦਸੰਬਰ ਨੂੰ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸਕੂਲਾਂ/ਕਾਲਜਾਂ ਦੇ ਬੱਚਿਆਂ ਦਾ ਸੰਮੇਲਨ ਕਰਵਾਇਆ ਜਾਵੇਗਾ, ਜਿਸ ਵਿਚ ਪੰਜਾਬ ਭਰ ਦੇ ਬੱਚੇ ਸ਼ਾਮਲ ਹੋਣਗੇ।
ਇਸ ਤੋਂ ਪਹਿਲਾਂ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਬੰਧੀ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਅਤੇ ਹਜ਼ੂਰੀ ਰਾਗੀ ਜਥੇ ਨੇ ਗੁਰਬਾਣੀ ਕੀਰਤਨ ਕੀਤਾ।ਸਮਾਗਮ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ, ਅੰਤ੍ਰਿੰਗ ਮੈਂਬਰ ਨਵਤੇਜ ਸਿੰਘ ਕਾਉਣੀ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਭਾਈ ਮਨਜੀਤ ਸਿੰਘ, ਭਾਈ ਅਜਾਇਬ ਸਿੰਘ ਅਭਿਆਸੀ, ਹਰਜਾਪ ਸਿੰਘ ਸੁਲਤਾਨਵਿੰਡ, ਸਹਾਇਕ ਡਾਇਰੈਕਟਰ ਪ੍ਰਿੰ: ਸਤਵੰਤ ਕੌਰ, ਫੈਡਰੇਸ਼ਨ ਆਗੂ ਕੰਵਰਚੜ੍ਹਤ ਸਿੰਘ ਗਿੱਲ ਆਦਿ ਹਾਜ਼ਰ ਸਨ।
Punjab Post Daily Online Newspaper & Print Media